ਚੰਡੀਗੜ੍ਹ,8 ਮਾਰਚ, Gee98 news service
-ਖਨੌਰੀ ਬਾਰਡਰ ‘ਤੇ 21 ਫਰਵਰੀ ਨੂੰ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੇ ਭੋਗ ਸਮਾਗਮ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਰਧਾ ਵਜੋਂ ਮੱਥਾ ਟੇਕਣ ਸਮੇਂ ਇਕੱਠੇ ਹੋਏ ਚੜਾਵੇ ਦੀ ਰਕਮ ਸਬੰਧੀ ਕਿਸਾਨ ਜਥੇਬੰਦੀ ਸਿੱਧੂਪੁਰ ਦੇ ਇਕਾਈ ਆਗੂਆਂ ਉੱਪਰ ਗੰਭੀਰ ਦੋਸ਼ ਲੱਗੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬੀਕੇਯੂ ਸਿੱਧੂਪੁਰ ਦੀ ਇਕਾਈ ਦੇ ਆਗੂਆਂ ਨੇ ਭੋਗ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੂੰ ਕਿਹਾ ਕਿ ਭੋਗ ‘ਤੇ ਇਕੱਠੇ ਹੋਏ ਚੜਾਵੇ ਦੀ ਰਕਮ ਵਿੱਚੋਂ ਇੱਕ ਲੱਖ ਰੁਪਏ ਜਥੇਬੰਦੀ ਨੂੰ ਦੇਵੋ। ਇਸ ਸਬੰਧੀ ਜਦ ਗ੍ਰੰਥੀ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਗੱਲ ਕੀਤੀ ਤਾਂ ਇਹ ਮਾਮਲਾ ਉਲਝ ਗਿਆ। ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੇ ਪਿੰਡ ਵਾਲਿਆਂ ਨੇ ਜਥੇਬੰਦੀ ਦੇ ਆਗੂਆਂ ਵੱਲੋਂ ਸ਼ੁਭਕਰਨ ਦੇ ਭੋਗ ਦੇ ਚੜਾਵੇ ਦੀ ਰਕਮ ਵਿੱਚੋਂ ਲੱਖ ਰੁਪਏ ਮੰਗਣ ਦੇ ਇਤਰਾਜ਼ ਕਰਦੇ ਹੋਏ ਕੋਈ ਪੈਸਾ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ। ਇਸ ਮਾਮਲੇ ਸਬੰਧੀ ਸੰਬੰਧਿਤ ਗ੍ਰੰਥੀ ਦੀ ਇੱਕ ਆਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਗ੍ਰੰਥੀ ਨੇ ਕਿਸਾਨ ਜਥੇਬੰਦੀ ਦੇ ਆਗੂ ਵੱਲੋਂ ਇਕ ਲੱਖ ਰੁਪਏ ਮੰਗੇ ਜਾਣ ਦਾ ਜ਼ਿਕਰ ਕੀਤਾ ਹੈ। ਦੂਜੇ ਪਾਸੇ ਕਿਸਾਨ ਜਥੇਬੰਦੀ ਸਿੱਧੂਪੁਰ ਦੇ ਇਕਾਈ ਆਗੂ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਜਥੇਬੰਦੀ ਨੂੰ ਸਹਾਇਤਾ ਦੇ ਤੌਰ ‘ਤੇ ਗੁਰਦੁਆਰਾ ਕਮੇਟੀ ਕੋਲ ਮਦਦ ਮੰਗਣ ਗਏ ਸਨ, ਜਦ ਕਿ ਗ੍ਰੰਥੀ ਅਜੇ ਵੀ ਆਪਣੀ ਗੱਲ ‘ਤੇ ਕਾਇਮ ਹੈ ਕਿ ਕਿਸਾਨ ਜਥੇਬੰਦੀ ਦੇ ਆਗੂ ਸ਼ੁਭਕਰਨ ਦੇ ਭੋਗ ‘ਤੇ ਚੜਾਵੇ ਦੀ ਰਕਮ ਵਿੱਚੋਂ ਲੱਖ ਰੁਪਏ ਮੰਗ ਰਹੇ ਸਨ। ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਗੁਰਦੁਆਰਾ ਕਮੇਟੀ ਵੱਲੋਂ ਅੱਗੇ ਤੋਂ ਕਿਸੇ ਵੀ ਜਥੇਬੰਦੀ ਵੱਲੋਂ ਸਹਾਇਤਾ ਦੇ ਤੌਰ ‘ਤੇ ਵੀ ਗੁਰੂ ਘਰ ਦੀ ਇਕੱਠੀ ਰਕਮ ਵਿੱਚੋਂ ਕੋਈ ਪੈਸਾ ਦੇਣ ਤੋਂ ਇਨਕਾਰ ਕਰਦੇ ਹੋਏ ਇਸ ਸਬੰਧੀ ਮਤਾ ਵੀ ਪਾ ਦਿੱਤਾ ਗਿਆ ਹੈ। ਭਾਵੇਂ ਕਿ ਕਿਸਾਨ ਜਥੇਬੰਦੀ ਸਿੱਧੂਪੁਰ ਦੇ ਇਕਾਈ ਆਗੂ ਗੁਰਪ੍ਰੀਤ ਸਿੰਘ ਨੇ ਸਪੱਸ਼ਟੀਕਰਨ ਵਜੋਂ ਪਿੰਡ ਵਿੱਚ ਅਨਾਊਂਸਮੈਂਟ ਵੀ ਕੀਤੀ ਕਿ ਉਹ ਸੁਭਕਰਨ ਦੇ ਚੜਾਵੇ ਵਿੱਚੋਂ ਨਹੀਂ ਸਗੋਂ ਜਥੇਬੰਦੀ ਨੂੰ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਮਾਲੀ ਮਦਦ ਦੀ ਮੰਗ ਕੀਤੀ ਸੀ ਪ੍ਰੰਤੂ ਗ੍ਰੰਥੀ ਸਿੰਘ ਦੀ ਰਿਕਾਰਡਿੰਗ ਅਤੇ ਪ੍ਰਬੰਧਕ ਕਮੇਟੀ ਦੇ ਸਟੈਂਡ ਤੋਂ ਇਹ ਸਪੱਸ਼ਟ ਹੋ ਰਿਹਾ ਹੈ ਕਿ ਮਾਮਲਾ ਸ਼ੁਭਕਰਨ ਦੇ ਭੋਗ ‘ਤੇ ਚੜਾਵੇ ਦੀ ਰਕਮ ਨਾਲ ਹੀ ਸਬੰਧਿਤ ਹੈ ਅਤੇ ਇਸ ਤੋਂ ਬਾਅਦ ਕਿਸਾਨ ਜਥੇਬੰਦੀ ਸਿੱਧੂਪੁਰ ਨੂੰ ਆਲੋਚਨਾ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।







