Gee 98News

ਬਰਨਾਲਾ,8 ਮਾਰਚ, ਨਿਰਮਲ ਸਿੰਘ ਪੰਡੋਰੀ
-ਆਮ ਆਦਮੀ ਪਾਰਟੀ ਵੱਲੋਂ ਅਕਸਰ ਹੀ ਪੰਜਾਬ ‘ਚ ਪੋਸਟ ਦੀ ਖੇਤੀ ਕਰਨ ਦਾ ਮੁੱਦਾ ਚੁੱਕਿਆ ਜਾਂਦਾ ਰਿਹਾ ਹੈ। ਬਤੌਰ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਨੇ ਪੰਜਾਬ ‘ਚ ਪੋਸਤ ਦੀ ਖੇਤੀ ਕਰਨ ਦਾ ਮੁੱਦਾ ਜ਼ੋਰ ਨਾਲ ਚੁੱਕਿਆ ਸੀ। ਆਪ ਆਗੂ ਪੰਜਾਬ ‘ਚ ਗਾਹੇ-ਬਗਾਹੇ ਇਹ ਮਾਮਲਾ ਲੋਕਾਂ ਦੀ ਕਚਹਿਰੀ ਵਿੱਚ ਸਾਂਝਾ ਕਰਦੇ ਰਹਿੰਦੇ ਹਨ। ਹੁਣ ਪੰਜਾਬ ਵਿਧਾਨ ਸਭਾ ਵਿੱਚ ਆਪ ਦੇ ਦੋ ਵਿਧਾਇਕਾਂ ਨੇ ਸੂਬੇ ‘ਚ ਪੋਸਤ ਦੀ ਖੇਤੀ ਦਾ ਮੁੱਦਾ ਚੁੱਕਿਆ। ਹਲਕਾ ਸਤਰਾਣਾ ਤੋਂ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਅਤੇ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਪੰਜਾਬ ‘ਚ ਪੋਸਤ ਦੀ ਖੇਤੀ ਦਾ ਮਾਮਲਾ ਚੁੱਕਦੇ ਹੋਏ ਕਿਹਾ ਕਿ ਇਹ ਕੁਦਰਤੀ ਨਸ਼ਾ ਹੈ ਅਤੇ ਅਜੋਕੇ ਦੌਰ ਵਿੱਚ ਨੌਜਵਾਨ ਪੀੜੀ ਨੂੰ ਸਿੰਥੈਟਿਕ ਨਸ਼ਿਆਂ ਤੋਂ ਬਚਾਉਣ ਲਈ ਪੋਸਤ ਦੀ ਖੇਤੀ ਬਹੁਤ ਜ਼ਰੂਰੀ ਹੈ। ਰਾਜਨੀਤਿਕ ਆਗੂ ਇਹ ਮਾਮਲਾ ਉਠਾ ਤਾਂ ਰਹੇ ਹਨ ਪ੍ਰੰਤੂ ਸਵਾਲ ਇਹ ਵੀ ਉੱਠ ਰਿਹਾ ਕਿ ਕੀ ਪੰਜਾਬ ‘ਚ ਚਿੱਟੇ ਦੇ ਨਸ਼ੇ ਅਤੇ ਹੋਰ ਸਿੰਥੈਟਿਕ ਨਸਿਆਂ ਦੇ ਖਾਤਮੇ ਲਈ ਕੀ ਪੋਸਤ ਦੀ ਖੇਤੀ ਹੀ ਜ਼ਰੂਰੀ ਹੈ ? ਕੀ ਇਹਨਾਂ ਆਗੂਆਂ ਨੇ ਪੰਜਾਬ ‘ਚ ਨਸ਼ਾਖੋਰੀ ਤੇ ਨਸ਼ਾ ਤਸਕਰੀ ਖਤਮ ਕਰਨ ਲਈ ਹੱਥ ਖੜੇ ਕਰ ਦਿੱਤੇ ਹਨ ? ਸੋਚਣ ਦੀ ਗੱਲ ਇਹ ਵੀ ਹੈ ਕਿ ਸੂਬੇ ‘ਚ ਪੋਸਤ ਦੀ ਖੇਤੀ ਸ਼ੁਰੂ ਕਰਨ ਦੀ ਮੰਗ ਆਪ ਆਗੂਆਂ ਵੱਲੋਂ ਕੁਝ ਜ਼ਿਆਦਾ ਹੀ ਕੀਤੀ ਜਾ ਰਹੀ ਹੈ ਭਾਵੇਂ ਕਿ ਕੁਝ ਕਿਸਾਨ ਜਥੇਬੰਦੀਆਂ ਵੀ ਇਸ ਮਾਮਲੇ ਦੀ ਹਮਾਇਤ ਕਰ ਰਹੀਆਂ ਹਨ ਪ੍ਰੰਤੂ ਵਿਧਾਨ ਸਭਾ ਵਰਗੇ ਪਲੇਟਫਾਰਮ ‘ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਇਸ ਮੁੱਦੇ ‘ਤੇ ਚਰਚਾ ਕੀਤੇ ਜਾਣਾ ਇਹ ਸਿੱਧ ਕਰਦਾ ਹੈ ਕਿ ਪਾਰਟੀ ਪਲੇਟਫਾਰਮ ‘ਤੇ ਆਮ ਆਦਮੀ ਪਾਰਟੀ ਕਿਧਰੇ ਵੀ ਪੰਜਾਬ ‘ਚ ਨਸ਼ਾ ਤਸਕਰੀ ਦੀ ਚਰਚਾ ਨਹੀਂ ਕਰ ਰਹੀ। ਜੇਕਰ ਆਪ ਸਰਕਾਰ ਪੰਜਾਬ ‘ਚ ਨਸ਼ੇ ਦੀ ਸਮੱਸਿਆ ਨੂੰ ਖਤਮ ਕਰਨ ਲਈ ਸੁਹਿਰਦਤਾ ਨਾਲ ਸਰਕਾਰੀ ਅਤੇ ਪਾਰਟੀ ਪਲੇਟਫਾਰਮ ‘ਤੇ ਵਿਚਾਰ ਕਰ ਰਹੀ ਹੈ ਤਾਂ ਉਸਦੇ ਆਪਣੇ ਆਗੂ ਬੇਤੁਕੀਆਂ ਗੱਲਾਂ ਨਾ ਕਰਨ। ਪੰਜਾਬ ਵਿਧਾਨ ਸਭਾ ‘ਚ ਆਪ ਵਿਧਾਇਕਾਂ ਵੱਲੋਂ ਪੋਸਤ ਦੀ ਖੇਤੀ ਸਬੰਧੀ ਚਰਚਾ ਕੀਤੇ ਜਾਣ ‘ਤੇ ਭਾਵੇਂ ਕਿ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਸੂਬੇ ਦੇ ਵਿੱਚ ਪੋਸਤ ਦੀ ਖੇਤੀ ਸ਼ੁਰੂ ਕੀਤੇ ਜਾਣ ਦੀ ਅਜੇ ਕੋਈ ਤਜਵੀਜ਼ ਨਹੀਂ ਕਿਉਂਕਿ ਇਹ ਹੋਰਨਾਂ ਨਸ਼ਿਆਂ ਵਾਂਗ ਹੀ ਇੱਕ ਨਸ਼ਾ ਹੈ। ਸਰਕਾਰ ਦੇ ਮੰਤਰੀ ਦਾ ਜਵਾਬ ਅਤੇ ਵਿਧਾਇਕਾਂ ਦੀ ਮੰਗ ਵਿਚਲੇ ਫ਼ਰਕ ਤੋਂ ਸਪੱਸ਼ਟ ਹੈ ਅਤੇ ਕਿ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਸਰਕਾਰ ਵਿੱਚ ਨਸ਼ੇ ਦੇ ਮੁੱਦੇ ‘ਤੇ ਤਾਲਮੇਲ ਨਹੀਂ ਹੈ। ਲੋਕ ਸਭਾ ਚੋਣਾਂ ਦੀਆਂ ਬਰੂਹਾਂ ‘ਤੇ ਆਪ ਆਗੂਆਂ ਵੱਲੋਂ ਪੋਸਤ ਦੀ ਖੇਤੀ ਦੀ ਮੰਗ ਚੁੱਕੇ ਜਾਣ ਨੂੰ ਸਿਆਸੀ ਪੈਂਤੜੇਬਾਜ਼ੀ ਵੀ ਮੰਨਿਆ ਜਾ ਰਿਹਾ ਹੈ।

Leave a Reply

Your email address will not be published. Required fields are marked *

error: Content is protected !!