ਬਰਨਾਲਾ,13 ਮਾਰਚ (ਨਿਰਮਲ ਸਿੰਘ ਪੰਡੋਰੀ)-
-ਸਿਵਲ ਹਸਪਤਾਲ ਬਰਨਾਲਾ ਵਿੱਚ ਬਣਨ ਵਾਲੇ ‘ਕ੍ਰਿਟੀਕਲ ਕੇਅਰ ਸੈਂਟਰ’ ਦਾ ਮੁੱਦਾ ਵੀ ‘ਕ੍ਰਿਟੀਕਲ’ ਹੀ ਬਣਦਾ ਜਾ ਰਿਹਾ ਹੈ। ਹੰਢਿਆਇਆ ਵਿਖੇ ਬਣਨ ਵਾਲੇ ਮਲਟੀ ਸੁਪਰਸਪੈਸ਼ਲਿਟੀ ਹਸਪਤਾਲ ਦੇ ਵਾਂਗ ਇਹ ਕ੍ਰਿਟੀਕਲ ਸੈਂਟਰ ਵੀ ਰਾਜਨੀਤੀ ਦੀ ਭੇਂਟ ਚੜ ਰਿਹਾ ਹੈ।12 ਮਾਰਚ ਨੂੰ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਕ੍ਰਿਟੀਕਲ ਸੈਂਟਰ ਦਾ ਉਦਘਾਟਨ ਕਰਨ ਲਈ ਪੁੱਜੇ ਤਾਂ ਬੇਰੰਗ ਵਾਪਸ ਮੁੜ ਆਏ ਕਿਉਂਕਿ ਸਿਵਲ ਸਰਜਨ ਵੱਲੋਂ ਉਦਘਾਟਨ ਸਬੰਧੀ ਕੋਈ ਪ੍ਰਬੰਧ ਹੀ ਨਹੀਂ ਕੀਤਾ ਗਿਆ ਸੀ। ਐਮਪੀ ਮਾਨ ਦੇ ਦਫ਼ਤਰ ਵੱਲੋਂ ਵੀ ਪੱਤਰਕਾਰਾਂ ਨੂੰ ਇਹੋ ਸੁਨੇਹੇ ਲਗਾਏ ਗਏ ਸਨ ਕਿ ਸਰਦਾਰ ਮਾਨ ਕ੍ਰਿਟੀਕਲ ਕੇਅਰ ਸੈਂਟਰ ਦਾ ਉਦਘਾਟਨ ਕਰਨਗੇ ਅਤੇ ਸਿਵਲ ਹਸਪਤਾਲ ਵਿਖੇ ਹੀ ਪ੍ਰੈਸ ਵਾਰਤਾ ਵੀ ਕਰਨਗੇ ਪ੍ਰੰਤੂ ਜਦੋਂ ਸਰਦਾਰ ਮਾਨ ਆਪਣੇ ਸਮਰਥਕਾਂ ਨਾਲ ਸਿਵਲ ਹਸਪਤਾਲ ਪੁੱਜੇ ਤਾਂ ਉਥੇ ਹਾਲਾਤ ਬਿਲਕੁਲ ਉਲਟ ਸਨ ਜਿਸ ਤੋਂ ਬਾਅਦ ਸਰਦਾਰ ਮਾਨ ਨੇ ਰੈਸਟ ਹਾਊਸ ਪੁੱਜ ਕੇ ਪ੍ਰੈਸ ਵਾਰਤਾ ਕੀਤੀ ਅਤੇ ਸੱਤਾਧਾਰੀ ਆਮ ਆਦਮੀ ਪਾਰਟੀ ‘ਤੇ ਈਰਖਾਵਾਦੀ ਰਾਜਨੀਤੀ ਦੇ ਦੋਸ਼ ਲਗਾਏ। ਸਰਦਾਰ ਮਾਨ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਕੇਂਦਰ ਸਰਕਾਰ ਤੱਕ ਪਹੁੰਚ ਕਰਕੇ ਬਤੌਰ ਮੈਂਬਰ ਪਾਰਲੀਮੈਂਟ ਬਰਨਾਲੇ ਦੇ ਲੋਕਾਂ ਲਈ ਇਹ ਉੱਚ ਕੋਟੀ ਦੀਆਂ ਸਿਹਤ ਸਹੂਲਤਾਂ ਨਾਲ ਲੈੱਸ ਕ੍ਰਿਟੀਕਲ ਸੈਂਟਰ ਮਨਜ਼ੂਰ ਕਰਵਾਇਆ ਸੀ ਪ੍ਰੰਤੂ ਇੱਕ ਸਾਲ ਬੀਤਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਇਸ ਕ੍ਰਿਟੀਕਲ ਸੈਂਟਰ ਦੀ ਸਥਾਪਨਾ ਵੱਲ ਕੋਈ ਕਦਮ ਨਹੀਂ ਚੁੱਕਿਆ ਗਿਆ ਤੇ ਹੁਣ ਵਾਰ-ਵਾਰ ਉਹਨਾਂ ਵੱਲੋਂ ਚਿੱਠੀਆਂ ਲਿਖਣ ਤੋਂ ਬਾਅਦ ਇਸ ਦੇ ਟੈਂਡਰ ਲਗਾਏ ਗਏ ਹਨ। ਇਸ ਮੌਕੇ ਸਰਦਾਰ ਮਾਨ ਨੇ ਕੇਂਦਰੀ ਸਿਹਤ ਮੰਤਰੀ ਵੱਲੋਂ ਇਸ ਕੇਅਰ ਸੈਂਟਰ ਦੀ ਮਨਜ਼ੂਰੀ ਸਬੰਧੀ ਉਹਨਾਂ ਨੂੰ ਲਿਖਿਆ ਪੱਤਰ ਵੀ ਪੱਤਰਕਾਰਾਂ ਨੂੰ ਦਿੱਤਾ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਿਵਲ ਹਸਪਤਾਲ ਵਿੱਚ ਬਣਨ ਵਾਲਾ ਕ੍ਰਿਟੀਕਲ ਕੇਅਰ ਸੈਂਟਰ ਪੰਜਾਬ ਸਰਕਾਰ ਦੇ ਉੱਦਮ ਸਦਕਾ ਬਣ ਰਿਹਾ ਹੈ, ਖਾਸ ਕਰਕੇ ਇਸ ਮਾਮਲੇ ਵਿੱਚ ਕੈਬਨਟ ਮੰਤਰੀ ਮੀਤ ਹੇਅਰ ਨੂੰ ਸਿਹਰਾ ਦਿੱਤਾ ਜਾ ਰਿਹਾ ਜਦਕਿ ਕੇਂਦਰੀ ਮੰਤਰੀ ਵੱਲੋਂ ਸਿਮਰਨਜੀਤ ਸਿੰਘ ਮਾਨ ਨੂੰ ਲਿਖਿਆ ਪੱਤਰ ਇਹ ਸਪੱਸ਼ਟ ਕਰਦਾ ਹੈ ਕਿ ਇਹ ਕ੍ਰਿਟੀਕਲ ਕੇਅਰ ਸੈਂਟਰ ਪ੍ਰਧਾਨ ਮੰਤਰੀ ਆਯੂਸ਼ਮਾਨ ਭਾਰਤ ਯੋਜਨਾ ਤਹਿਤ ਬਣ ਰਿਹਾ ਹੈ। ਇਸ ਕ੍ਰਿਟੀਕਲ ਸੈਂਟਰ ਦੇ ਸਥਾਪਨਾ ਸਬੰਧੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦਾਅਵੇ ‘ਤੇ ਆਪਣੇ ਅੰਦਾਜ਼ ਵਿੱਚ ਟਿੱਪਣੀ ਕਰਦੇ ਹੋਏ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ “ਮਾਮੇ ਦੇ ਕੰਨਾਂ ‘ਚ ਨੱਤੀਆਂ, ਭਾਣਜਾ ਆਕੜਿਆ ਫਿਰੇ” ਕਹਾਵਤ ਵਾਂਗ ‘ਆਪ’ ਆਗੂ ਇਸ ਕ੍ਰਿਟੀਕਲ ਸੈਂਟਰ ਦੀ ਸਥਾਪਨਾ ਸਬੰਧੀ ਫੋਕੇ ਦਾਅਵੇ ਕਰ ਰਹੇ ਹਨ ਜਦਕਿ ਪੰਜਾਬ ਸਰਕਾਰ ਦਾ ਇਸ ਕੇਅਰ ਸੈਂਟਰ ਦੀ ਸਥਾਪਨਾ ਸਬੰਧੀ ਕੋਈ “ਲੱਲਾ ਖੱਖਾ” ਨਹੀਂ ਹੈ। ਸਰਦਾਰ ਮਾਨ ਨੇ ਕਿਹਾ ਕਿ ਉਹ ਸਿਵਲ ਸਲਜਨ ਬਰਨਾਲਾ ਵੱਲੋਂ ਉਹਨਾਂ ਨਾਲ ਕੀਤੇ ਗਏ ਸਲੂਕ ਸਬੰਧੀ ਕੇਂਦਰੀ ਮੰਤਰੀ ਨੂੰ ਸਿਵਲ ਸਰਜਨ ਦੇ ਖ਼ਿਲਾਫ਼ ਚਿੱਠੀ ਵੀ ਲਿਖਣਗੇ। ਇਸ ਬਹੁਕਰੋੜੀ ਕ੍ਰਿਟੀਕਲ ਸੈਂਟਰ ਦੀ ਸਥਾਪਨਾ ਦੇ ਮਾਮਲੇ ‘ਚ ਸੱਤਾਧਾਰੀ ਆਗੂਆਂ ਦੇ ਇਸ਼ਾਰੇ ‘ਤੇ ਸਿਹਤ ਵਿਭਾਗ ਦੇ ਅਫ਼ਸਰਾਂ ਵੱਲੋਂ ਸ.ਸਿਮਰਨਜੀਤ ਸਿੰਘ ਮਾਨ ਦੇ ਨਾਲ ਕੀਤੇ ਗਏ ਸਲੂਕ ਦੇ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ (ਅ) ਦੇ ਆਗੂਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖ਼ਿਲਾਫ਼ ਰੱਜ ਕੇ ਨਾਅਰੇਬਾਜ਼ੀ ਵੀ ਕੀਤੀ।






