Skip to main content

Gee 98News

…”ਬਦਲੇ ਬਦਲੇ ਸੇ ਤੇਵਰ ਨਜ਼ਰ ਆਏ ਜਨਾਬ ਕੇ”…ਬਜਟ ਸੈਸ਼ਨ ਦੇ ਆਖਰੀ ਦਿਨ CM ਮਾਨ ਦਾ ਭਾਸ਼ਣ

ਚੰਡੀਗੜ੍ਹ,13 ਮਾਰਚ, Gee98 news service
-ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ‘ਤੇ ਤਾਬੜਤੋੜ ਹਮਲੇ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਦਿਨਾਂ ਦੇ ਮੁਕਾਬਲੇ ਮੰਗਲਵਾਰ ਨੂੰ ਵਿਧਾਨ ਸਭਾ ਵਿਚ ਬਦਲੇ-ਬਦਲੇ ਨਜ਼ਰ ਆਏ। ਇਸ ਬਜਟ ਸੈਸ਼ਨ ਦੀ ਸਮਾਪਤੀ ਤੋਂ ਪਹਿਲਾਂ ਮੁੱਖ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ “ਕਈ ਵਾਰ ਜਜ਼ਬਾਤੀ ਹੋ ਕੇ ਕੁਝ ਕਿਹਾ ਜਾਂਦਾ ਹੈ ਪਰ ਆਪਾਂ ਪੱਕੀਆਂ ਦੁਸ਼ਮਣੀਆਂ ਨਹੀਂ ਪਾਉਣੀਆਂ”।ਮੁੱਖ ਮੰਤਰੀ ਨੇ ਕਿਹਾ ਕਿ ਲੋਕਤੰਤਰ ਦਾ ਸਭ ਤੋਂ ਵੱਡਾ ਤਿਉਹਾਰ (ਵੋਟਾਂ) ਸ਼ੁਰੂ ਹੋਣ ਵਾਲਾ ਹੈ। ਇਕ ਦੋ ਦਿਨਾਂ ਵਿਚ ਦੇਸ਼ ’ਚ ਚੋਣ ਜ਼ਾਬਤਾ ਲਾਗੂ ਹੋਵੇਗਾ। ਉਨ੍ਹਾਂ ਕਿਹਾ ਕਿ ਵੋਟਾਂ ਮੰਗਣ ਲਈ ਸਾਰੀਆਂ ਪਾਰਟੀਆਂ ਦੇ ਆਗੂ ਲੋਕਾਂ ਵਿਚ ਜਾਣਗੇ। ਵਿਧਾਨ ਸਭਾ ਵਿੱਚ ਬਹਿਸ ਦੌਰਾਨ ਵਿਰੋਧੀ ਪਾਰਟੀਆਂ ਦੇ ਪਰਿਵਾਰਿਕ ਮੈਂਬਰਾਂ ਨੂੰ ਵੀ ਨਿਸ਼ਾਨਾ ਬਣਾਉਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਕਿਹਾ ਕਿ ਸਿਆਸੀ ਨੇਤਾਵਾਂ ਨੂੰ ਨਿੱਜੀ ਜਾਂ ਪਰਿਵਾਰਕ ਟਿੱਪਣੀ ਕਰਨ ਤੋਂ ਬਚਣ ਦੀ ਨਸੀਹਤ ਦਿੰਦਿਆਂ ਕਿਹਾ ਕਿ ਉਹ (ਮੁੱਖ ਮੰਤਰੀ) ਪਾਰਟੀ ਪ੍ਰਧਾਨ ਵੀ ਹਨ ਅਤੇ ਉਹ ਆਪਣੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਕਿਸੇ ਵੀ ਬੰਦੇ ਜਾਂ ਪਰਿਵਾਰ ਖ਼ਿਲਾਫ਼ ਕੁਝ ਨਾ ਕਹਿਣ ਲਈ ਲਾਮਬੰਦ ਕਰਨਗੇ। ਉਨ੍ਹਾਂ ਕਿਹਾ ਕਿ ਪਾਰਟੀਆਂ ਦੀ ਕਾਰਗੁਜ਼ਾਰੀ ਦੀ ਤੁਲਨਾ ਕਰ ਕੇ ਵੋਟਾਂ ਮੰਗੋ। ਉਨ੍ਹਾਂ ਕਿਹਾ ਕਿ ਡਿਜੀਟਲ ਯੁੱਗ ਵਿਚ ਵੋਟਰ ਵੀ ਸਿਆਣਾ ਹੋ ਗਿਆ ਹੈ। ਉਨ੍ਹਾਂ ਵੋਟਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਵੋਟ ਦਾ ਅਧਿਕਾਰ ਬਹੁਤ ਮੁਸ਼ਕਲ ਨਾਲ ਮਿਲਿਆ ਹੈ, ਇਸ ਲਈ ਕਿਸੇ ਲਾਲਚ ਜਾਂ ਰਿਸ਼ਤੇਦਾਰ ਦੇ ਦਬਾਅ ਹੇਠ ਵੋਟ ਨਾ ਪਾਓ। ਮੁੱਖ ਮੰਤਰੀ ਨੇ ਸ਼ਹਿਰੀਆਂ ਨੂੰ ਵੋਟਾਂ ਵਾਲੇ ਦਿਨ ਨੂੰ ਛੁੱਟੀ ਨਾ ਸਮਝਣ ਦੀ ਅਪੀਲ ਕਰਦਿਆਂ ਕਿਹਾ ਕਿ ਸ਼ਹਿਰੀ ਖੇਤਰ ਵਿਚ ਵੋਟ ਪ੍ਰਤੀਸ਼ਤ ਘੱਟ ਹੁੰਦੀ ਹੈ, ਇਸ ਲਈ ਪੰਜ ਸਾਲ ਪਛਤਾਉਣ ਨਾਲੋਂ ਆਪਣਾ ਸਹੀ ਨੁਮਾਇੰਦਾ ਚੁਣੋ। ਉਨ੍ਹਾਂ ਕਿਹਾ ਕਿ ਜੇ ਕੋਈ ਵੀ ਪਸੰਦ ਨਹੀਂ ਤਾਂ ਨੋਟਾ ਦਾ ਬਟਨ ਵੀ ਹੈ। ਮੁੱਖ ਮੰਤਰੀ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਭਰੋਸਾ ਦਿਵਾਇਆ ਕਿ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਸਾਰਿਆਂ ਨੂੰ ਢੁੱਕਵੀਂ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ।

error: Content is protected !!