Skip to main content

Gee 98News

ਪਟਿਆਲਾ ਵਿਖੇ ਰਾਤ ਸਮੇਂ ਕੁੜੀਆਂ ਦੇ ਹੋਸਟਲ ਵਿੱਚ ਜਾਂਦਾ ਫੜਿਆ ਗਿਆ ਇੱਕ ਸਟਾਰ ਵੇਟ ਲਿਫਟਰ…ਕੀਤੀ ਗਈ ਸਖਤ ਕਾਰਵਾਈ

ਚੰਡੀਗੜ੍ਹ,17 ਮਾਰਚ, Gee98 news service
-ਰਾਸ਼ਟਰ ਮੰਡਲ ਖੇਡਾਂ ਵਿੱਚ ਗੋਲਡ ਮੈਡਲ ਜੇਤੂ ਇੱਕ ਵੇਟ ਲਿਫਟਰ ਪਟਿਆਲਾ ਚ ਰਾਤ ਦੇ ਹਨੇਰੇ ਚ ਗਰਲਜ ਹੋਸਟਲ ਵਿੱਚ ਜਾਂਦਾ ਹੋਇਆ ਫੜਿਆ ਗਿਆ ਜਿਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਗਈ ਹੈ। ‌ ਪ੍ਰਾਪਤ ਜਾਣਕਾਰੀ ਅਨੁਸਾਰ ਰਾਸ਼ਟਰਮੰਡਲ ਖੇਡਾਂ ਦੇ ਗੋਲਡ ਮੈਡਲ ਜੇਤੂ ਵੇਟ ਲਿਫਟਰ ਅਚਿੰਤ ਸ਼ਿਉਲੀ ਨੂੰ ਵੀਰਵਾਰ ਰਾਤ ਸਮੇਂ ਐੱਨਆਈਐੱਸ ਪਟਿਆਲਾ ‘ਚ ਰਾਤ ਵੇਲੇ ਗਰਲਜ਼ ਹੋਸਟਲ ‘ਚ ਜਾਂਦੇ ਫੜਿਆ ਗਿਆ ਜਿਸ ਤੋਂ ਬਾਅਦ ਉਸ ਨੂੰ ਪੈਰਿਸ ਓਲੰਪਿਕ ਦੀ ਤਿਆਰੀ ਲਈ ਲਗਾਏ ਗਏ ਕੈਂਪ ‘ਚੋਂ ਬਾਹਰ ਕਰ ਦਿੱਤਾ ਗਿਆ ਹੈ। ਪੁਰਸ਼ਾਂ ਦੇ 73 ਕਿੱਲੋ ਵਰਗ ‘ਚ ਉਤਰਨ ਵਾਲੇ 22 ਸਾਲਾ ਅਚਿੰਤ ਨੂੰ ਸੁਰੱਖਿਆ ਮੁਲਾਜ਼ਮਾਂ ਨੇ ਫੜਿਆ ਤੇ ਉਸ ਦੀ ਵੀਡੀਓ ਵੀ ਬਣਾਈ। ਭਾਰਤੀ ਵੇਟ ਲਿਫਟਿੰਗ ਫੈਡਰੇਸ਼ਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਹ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਅਚਿੰਤ ਨੂੰ ਤੁਰੰਤ ਕੈਂਪ ’ਚੋਂ ਜਾਣ ਲਈ ਕਿਹਾ ਗਿਆ। ਭਾਰਤੀ ਖੇਡ ਅਥਾਰਟੀ (ਸਾਈ) ਤੇ ਐੱਨਆਈਐੱਸ ਪਟਿਆਲਾ ਦੇ ਕਾਰਜਕਾਰੀ ਡਾਇਰੈਕਟਰ ਵਿਨੀਤ ਕੁਮਾਰ ਨੂੰ ਤੁਰੰਤ ਇਸ ਦੀ ਜਾਣਕਾਰੀ ਦਿੱਤੀ ਗਈ। ਸਬੂਤ ਵਜੋਂ ਇਸ ਦੀ ਵੀਡੀਓ ਮੌਜੂਦ ਹੋਣ ਕਾਰਨ ਸਾਈ ਨੇ ਜਾਂਚ ਪੈਨਲ ਦਾ ਗਠਨ ਨਹੀਂ ਕੀਤਾ। ਸਾਈ ਦੇ ਇਕ ਸੂਤਰ ਨੇ ਦੱਸਿਆ ਕਿ ਵੀਡੀਓ ਐੱਨਆਈਐੱਸ ਪਟਿਆਲਾ ਦੇ ਕਾਰਜਕਾਰੀ ਡਾਇਰੈਕਟਰ ਵਿਨੀਤ ਕੁਮਾਰ ਤੇ ਦਿੱਲੀ ਦੇ ਸਾਈ ਹੈੱਡਕੁਆਰਟਰ ਨੂੰ ਭੇਜ ਦਿੱਤੀ ਗਈ ਹੈ। ਵੇਟ ਲਿਫਟਿੰਗ ਫੈਡਰੇਸ਼ਨ ਨੂੰ ਅਚਿੰਤ ਨੂੰ ਕੈਂਪ ’ਚੋਂ ਹਟਾਉਣ ਲਈ ਕਿਹਾ ਗਿਆ ਹੈ। ਅਚਿੰਤ ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ 2022 ’ਚ ਨਵੇਂ ਰਿਕਾਰਡ ਨਾਲ ਗੋਲਡ ਮੈਡਲ ਜਿੱਤਿਆ ਸੀ। ਪਟਿਆਲੇ ’ਚ ਕੁੜੀਆਂ ਤੇ ਮੁੰਡਿਆਂ ਲਈ ਵੱਖਰਾ ਹੋਸਟਲ ਹੈ। ਇਸ ਸਮੇਂ ਮਹਿਲਾ ਮੁੱਕੇਬਾਜ਼, ਐਥਲੀਟ ਤੇ ਪਹਿਲਵਾਨ ਐੱਨਆਈਐੱਸ ਪਟਿਆਲਾ ’ਚ ਹਨ। ਵੇਟ ਲਿਫਟਿੰਗ ਫੈਡਰੇਸ਼ਨ ਨੇ ਇਸ ਤੋਂ ਪਹਿਲਾਂ ਰਾਸ਼ਟਰਮੰਡਲ ਤੇ ਯੁਵਾ ਓਲੰਪਿਕ ਚੈਂਪੀਅਨ ਜੈਰੇਮੀ ਲਾਲਰਿਨੁਗਾ ਨੂੰ ਵੀ ਅਨੁਸ਼ਾਸਨਹੀਣਤਾ ਕਾਰਨ ਰਾਸ਼ਟਰੀ ਕੈਂਪ ’ਚੋਂ ਹਟਾਇਆ ਸੀ। ਇਸ ਦੇ ਨਾਲ ਹੀ ਅਚਿੰਤ ਦੀਆਂ ਓਲੰਪਿਕ ਲਈ ਕੁਆਲੀਫਾਈ ਕਰਨ ਦੀਆਂ ਉਮੀਦਾਂ ਵੀ ਖ਼ਤਮ ਹੋ ਗਈਆਂ ਕਿਉਂਕਿ ਉਹ ਇਸ ਮਹੀਨੇ ਥਾਈਲੈਂਡ ਦੇ ਫੁਕੇਟ ’ਚ ਆਈਡਬਲਯੂਐਫ ਵਿਸ਼ਵ ਕੱਪ ਨਹੀਂ ਖੇਡ ਸਕਣਗੇ ਜਿਹੜਾ ਪੈਰਿਸ ਓਲੰਪਿਕ ਕੁਆਲੀਫਿਕੇਸ਼ਨ ਲਈ ਲਾਜ਼ਮੀ ਸੀ। ਉਹ ਫ਼ਿਲਹਾਲ ਓਲੰਪਿਕ ਕੁਆਲੀਫਿਕੇਸ਼ਨ ਦੌੜ ’ਚ 27ਵੇਂ ਨੰਬਰ ’ਤੇ ਹਨ ਤੇ ਉਪਮਹਾਦੀਪੀ ਕੋਟੇ ਜ਼ਰੀਏ ਪੈਰਿਸ ਓਲੰਪਿਕ ਜਾ ਸਕਦੇ ਹਨ। ਹਾਲੇ ਤੱਕ ਟੋਕੀਓ ਓਲੰਪਿਕ ਦੀ ਸਿਲਵਰ ਮੈਡਲ ਜੇਤੂ ਮੀਰਾਬਾਈ ਚਾਨੂ (49 ਕਿੱਲੋ) ਤੇ ਰਾਸ਼ਟਰਮੰਡਲ ਖੇਡ ਸਿਲਵਰ ਮੈਡਲ ਜੇਤੂ ਬਿੰਦਿਆਰਾਣੀ ਦੇਵੀ ਪੈਰਿਸ ਓਲੰਪਿਕ ਦੀ ਦੌੜ ’ਚ ਹਨ। ਦੋਵੇਂ ਫੁਕੇਟ ’ਚ ਟੂਰਨਾਮੈਂਟ ਖੇਡਣਗੀਆਂ।

error: Content is protected !!