Gee 98News

AAP MP ਸਾਹਨੀ ਨੇ ਸੰਦੀਪ ਥਾਪਰ ਨੂੰ ਵੀ ਕਟਹਿਰੇ ‘ਚ ਖੜਾ ਕੀਤਾ… ਕਿਹਾ…ਸੰਜਮ ਵਰਤਣਾ ਚਾਹੀਦਾ ਸੀ…!

ਚੰਡੀਗੜ੍ਹ,7 ਜੁਲਾਈ, Gee98 news service
-ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਪਿਛਲੇ ਦਿਨੀ ਲੁਧਿਆਣਾ ਵਿਖੇ ਨਿਹੰਗ ਸਿੰਘਾਂ ਦੇ ਹਮਲੇ ਦਾ ਸ਼ਿਕਾਰ ਹੋਏ ਸ਼ਿਵ ਸੈਨਾ ਆਗੂ ਸੰਦੀਪ ਥਾਪਰ ਨੂੰ ਹੀ ਕਟਹਿਰੇ ਵਿੱਚ ਖੜਾ ਕੀਤਾ ਹੈ। ਵਿਕਰਮਜੀਤ ਸਿੰਘ ਸਾਹਨੀ ਨੇ ਜਿੱਥੇ ਇਸ ਹਮਲੇ ਦੀ ਨਿੰਦਾ ਕੀਤੀ ਉਥੇ ਉਹਨਾਂ ਨਾਲ ਹੀ ਕਿਹਾ ਕਿ ਸੰਦੀਪ ਥਾਪਰ ਨੂੰ ਸਾਕਾ ਨੀਲਾ ਤਾਰਾ ਦੇ ਜਸ਼ਨ ਮਨਾਉਂਦੇ ਸਮੇਂ ਸੰਜਮ ਵਰਤਣਾ ਚਾਹੀਦਾ ਸੀ। ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਆਪ’ ਸੰਸਦ ਮੈਂਬਰ ਨੇ ਕਿਹਾ, ‘ਅਸੀਂ ਕਿਸੇ ਵੀ ਵਿਅਕਤੀ ਖ਼ਿਲਾਫ਼ ਹਿੰਸਾ ਦੀ ਸਖ਼ਤ ਨਿੰਦਾ ਕਰਦੇ ਹਾਂ ਪਰ ਸੰਦੀਪ ਥਾਪਰ ਨੂੰ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣੀ ਚਾਹੀਦੀ ਸੀ ਤੇ ਸੰਜਮ ਵਰਤਣਾ ਚਾਹੀਦਾ ਸੀ। 6 ਜੂਨ, ਬਲਿਊਸਟਾਰ ਮਨਾਉਣਾ ਅਤੇ ਲੱਡੂ ਵੰਡਣਾ ਸਿੱਖ ਭਾਵਨਾਵਾਂ ਨਾਲ ਖਿਲਵਾੜ ਹੈ। ਬਲਿਊ ਸਟਾਰ ਦੇ ਜਸ਼ਨਾਂ ਤੋਂ ਇਲਾਵਾ ਵੀ ਉਸ ਨੇ ਪਿਛਲੇ ਸਾਲ ਜਦੋਂ ਪੂਰਾ ਸੂਬਾ ਹੜ੍ਹਾਂ ਦੀ ਮਾਰ ਝੱਲ ਰਿਹਾ ਸੀ ਤਾਂ ਉਸ ਨੇ ਪੰਜਾਬ ਦੀ ਤਬਾਹੀ ਦਾ ਮਜ਼ਾਕ ਉਡਾਇਆ ਸੀ। ਇਸ ਕਰ ਕੇ ਨਫਰਤ ਫੈਲਾਉਣ ਵਾਲੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਫਿਰਕੂ ਸਦਭਾਵਨਾ ਨੂੰ ਹਰ ਕੀਮਤ ‘ਤੇ ਕਾਇਮ ਰੱਖਿਆ ਜਾਣਾ ਚਾਹੀਦਾ ਹੈ। ਆਪ ਦੇ ਮੈਂਬਰ ਰਾਜ ਸਭਾ ਵਿਕਰਮਜੀਤ ਸਾਹਨੀ ਦੀ ਇਸ ਪੋਸਟ ਤੋਂ ਬਾਅਦ ਸਾਹਨੀ ਉਪਰ ਹੀ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ ਕਿਉਂਕਿ ਜਦੋਂ ਸੰਦੀਪ ਥਾਪਰ ਨੇ ਬਲਿਊ ਸਟਾਰ ਦੇ ਜਸ਼ਨ ਮਨਾਏ ਤਾਂ ਆਪ ਸਰਕਾਰ ਨੇ ਉਹਨਾਂ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਲੁਧਿਆਣਾ ਵਿਖੇ ਨਿਹੰਗ ਸਿੰਘਾਂ ਦੇ ਭੇਸ ਵਿੱਚ ਆਏ ਤਿੰਨ ਹਮਲਾਵਰਾਂ ਨੇ ਸ਼ਿਵਸੈਨਾ ਆਗੂ ਸੰਦੀਪ ਥਾਪਰ ਨੂੰ ਤਲਵਾਰਾਂ ਨਾਲ ਹਮਲਾ ਕਰਕੇ ਸਖ਼ਤ ਜ਼ਖਮੀ ਕਰ ਦਿੱਤਾ ਸੀ ਜਿਸ ਤੋਂ ਬਾਅਦ ਇਹ ਮੁੱਦਾ ਭਖਿਆ ਹੋਇਆ ਹੈ।

error: Content is protected !!