ਬਰਨਾਲਾ,6 ਜੁਲਾਈ (ਨਿਰਮਲ ਸਿੰਘ ਪੰਡੋਰੀ)-
-ਲਵ ਮੈਰਿਜ ਕਰਵਾਉਣ ਵਾਲੇ ਲੜਕੇ ਦੇ ਪਰਿਵਾਰ ਨੂੰ ਕਾਰਵਾਈ ਕਰਨ ਦੀਆਂ ਧਮਕੀਆਂ ਦੇ ਕੇ 5000 ਦੀ ਰਿਸ਼ਵਤ ਲੈਣ ਵਾਲੀ ਮਹਿਲਾ ASI ਨੂੰ ਵਿਜੀਲੈਂਸ ਨੇ ਰੰਗੇ ਹੱਥੀ ਫੜਿਆ ਹੈ। ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤੀ ASI ਮੀਨਾ ਰਾਣੀ ਬਰਨਾਲਾ ਜ਼ਿਲ੍ਹੇ ਦੇ ਥਾਣਾ ਸ਼ਹਿਣਾ ਵਿਖੇ ਤਾਇਨਾਤ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਬਰਨਾਲਾ ਦੇ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਬਰਨਾਲਾ ਦੀ ਮਨਪ੍ਰੀਤ ਕੌਰ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਬੇਟੇ ਨੇ ਜਗਮੀਤ ਕੌਰ ਨਾਮ ਦੀ ਲੜਕੀ ਨਾਲ ਮੈਰਿਜ ਕਰਵਾਈ ਹੈ, ਜੋ ਅਦਾਲਤ ਵਿੱਚ ਰਜਿਸਟਰਡ ਵੀ ਹੈ । ASI ਮੀਨਾ ਰਾਣੀ ਉਸ ਦੇ ਬੇਟੇ ਨੂੰ ਇਸ ਕੇਸ ਵਿੱਚ ਫਸਾਉਣ ਦੀਆਂ ਧਮਕੀਆਂ ਦੇ ਕੇ 15 ਹਜ਼ਾਰ ਦੀ ਰਿਸ਼ਵਤ ਮੰਗ ਰਹੀ ਸੀ ਪਰੰਤੂ ਉਹਨਾਂ ਤੋਂ 5000 ਹੀ ਮਸਾਂ ਇਕੱਠਾ ਹੋਇਆ।ASI ਨੂੰ ਰਿਸ਼ਵਤ ਦੇਣ ਤੋਂ ਪਹਿਲਾਂ ਮਨਪ੍ਰੀਤ ਕੌਰ ਨੇ ਵਿਜੀਲੈਂਸ ਨਾਲ ਸੰਪਰਕ ਕੀਤਾ ਜਿਸ ਤੋਂ ਬਾਅਦ ਵਿਜੀਲੈਂਸ ਨੇ ਟਰੈਪ ਲਾ ਕੇ ਏਐਸਆਈ ਮੀਨਾ ਰਾਣੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 5000 ਦੀ ਰਿਸ਼ਵਤ ਲੈਂਦੇ ਗ੍ਰਿਫ਼ਤਾਰ ਕੀਤਾ ਅਤੇ ਉਸ ਦੇ ਖ਼ਿਲਾਫ਼ ਅਗਲੇਰੀ ਕਾਰਵਾਈ ਸ਼ੁਰੂ ਕੀਤੀ।