Gee 98News

ਤਾਲਿਬਾਨ…ਔਰਤਾਂ ‘ਤੇ ਸੰਗੀਤ ਸੁਣਨ, ਗੀਤ ਗਾਉਣ, ਜਨਤਕ ਤੌਰ ‘ਤੇ ਬੋਲਣ, ਉੱਚੀ ਆਵਾਜ਼ ਵਿੱਚ ਪੜ੍ਹਨ ‘ਤੇ ਪਾਬੰਦੀ ਲਾਗੂ

ਚੰਡੀਗੜ੍ਹ,25 ਅਗਸਤ, Gee98 news service
-ਅਫ਼ਗਾਨਿਸਤਾਨ ਦੇ ਤਾਲਿਬਾਨ ਸ਼ਾਸਨ ਨੇ ਔਰਤਾਂ ਦੇ ਜ਼ਿੰਦਗੀ ਜਿਉਣ ਦਾ ਢੰਗ ਤਰੀਕਾ ਪੂਰੀ ਤਰ੍ਹਾਂ ਸੀਮਤ ਕਰ ਦਿੱਤਾ ਹੈ। ਤਾਲਿਬਾਨ ਨੇ ਇਕ ਨਵੇਂ ਫ਼ਰਮਾਨ ਵਿਚ ਔਰਤਾਂ ‘ਤੇ ਨਵੀਆਂ ਅਤੇ ਸਖ਼ਤ ਪਾਬੰਦੀਆਂ ਲਗਾਈਆਂ ਹਨ। ਨਵੇਂ ਹੁਕਮਾਂ ਮੁਤਾਬਕ ਔਰਤਾਂ ਦੇ ਜਨਤਕ ਤੌਰ ‘ਤੇ ਬੋਲਣ ਅਤੇ ਮੂੰਹ ਦਿਖਾਉਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਤਾਲਿਬਾਨ ਮੰਤਰਾਲੇ ਨੇ ਬੁੱਧਵਾਰ ਨੂੰ ‘ਨੇਕੀ ਦੇ ਪ੍ਰਚਾਰ ਅਤੇ ਬੁਰਾਈ ਦੀ ਰੋਕਥਾਮ ‘ਤੇ ਇਕ ਨਵਾਂ ਕਾਨੂੰਨ ਲਾਗੂ ਕੀਤਾ ਹੈ। ਨਵੇਂ ਕਾਨੂੰਨ ਦਾ ਆਰਟੀਕਲ 13 ਦੱਸਦਾ ਹੈ ਕਿ ਔਰਤਾਂ ਨੂੰ ਜਨਤਕ ਤੌਰ ‘ਤੇ ਕਿਵੇਂ ਪਹਿਰਾਵਾ ਅਤੇ ਵਿਵਹਾਰ ਕਰਨਾ ਚਾਹੀਦਾ ਹੈ।ਔਰਤਾਂ ਲਈ ਹੁਣ ਜਨਤਕ ਥਾਵਾਂ ‘ਤੇ ਆਪਣੇ ਚਿਹਰੇ ਸਮੇਤ ਪੂਰੇ ਸਰੀਰ ਨੂੰ ਢੱਕਣਾ ਲਾਜ਼ਮੀ ਕਰ ਦਿੱਤਾ ਗਿਆ ਹੈ, ਤਾਂ ਜੋ ਉਹ ਲਾਲਚ ਤੋਂ ਬਚ ਸਕਣ ਅਤੇ ਦੂਜਿਆਂ ਨੂੰ ਵੀ ਭਰਮਾਉਣ ਵਿੱਚ ਨਾ ਪੈਣ। ਹੁਣ ਤਾਲਿਬਾਨ ਵਿੱਚ ਸਿਰਫ ਗਰਦਨ ਅਤੇ ਵਾਲਾਂ ਨੂੰ ਢਕਣ ਵਾਲੇ ਹਿਜਾਬ ‘ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਹੁਣ ਪੂਰੇ ਚਿਹਰੇ ਨੂੰ ਢਕਣ ਵਾਲਾ ਹਿਜਾਬ ਪਾਉਣਾ ਪਵੇਗਾ। ‌ਇਸ ਦੇ ਨਾਲ ਹੀ ਔਰਤਾਂ ਨੂੰ ਹੁਣ ਜਨਤਕ ਤੌਰ ‘ਤੇ ਗਾਉਣ, ਸੁਣਾਉਣ ਜਾਂ ਉੱਚੀ ਆਵਾਜ਼ ਵਿੱਚ ਪੜ੍ਹਨ ਦੀ ਮਨਾਹੀ ਹੈ। ਇਸ ਦੇ ਪਿੱਛੇ ਦਾ ਕਾਰਨ ਦੱਸਦੇ ਹੋਏ ਤਾਲਿਬਾਨ ਸ਼ਾਸਨ ਨੇ ਕਿਹਾ ਹੈ ਕਿ ਔਰਤਾਂ ਦੀ ਆਵਾਜ਼ ਨੂੰ ਨਜ਼ਦੀਕੀ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਸੁਣਿਆ ਨਹੀਂ ਜਾਣਾ ਚਾਹੀਦਾ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਬੋਲਣ ਦੀ ਵੀ ਮਨਾਹੀ ਹੈ ਜਾਂ ਨਹੀਂ।‌ ਤਾਲਿਬਾਨ ਵਿੱਚ ਹੁਣ ਔਰਤਾਂ ਉਹਨਾਂ ਮਰਦਾਂ ਨੂੰ ਵੇਖ ਤੱਕ ਨਹੀਂ ਸਕਦੀਆਂ ਜਿਨਾਂ ਨਾਲ ਉਹਨਾਂ ਦਾ ਖੂਨ ਜਾਂ ਵਿਆਹ ਦਾ ਰਿਸ਼ਤਾ ਨਾ ਹੋਵੇ। ਇਹਨਾਂ ਨਿਯਮਾਂ ਦੀ ਉਲੰਘਣਾ ਦੇ ਨਤੀਜੇ ਵਜੋਂ ਚੇਤਾਵਨੀ, ਜਾਇਦਾਦ ਜ਼ਬਤ ਜਾਂ ਤਿੰਨ ਦਿਨਾਂ ਤੱਕ ਨਜ਼ਰਬੰਦੀ ਹੋ ਸਕਦੀ ਹੈ। ਤਾਲਿਬਾਨ ਵਿੱਚ ਹੁਕਮਾਂ ਦੀਆਂ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਨਾਂ ਨੂੰ ਸਖਤ ਸਜ਼ਾਵਾਂ ਦੇਣ ਦੀਆਂ ਖ਼ਬਰਾਂ ਵੀ ਹਨ। ‌ਇਸ ਤੋਂ ਪਹਿਲਾਂ ਸੱਤਾ ‘ਚ ਆਉਣ ਤੋਂ ਬਾਅਦ ਤਾਲਿਬਾਨ ਨੇ 2022 ‘ਚ ਔਰਤਾਂ ਦੇ ਛੇਵੀਂ ਜਮਾਤ ਤੋਂ ਬਾਅਦ ਦੇ ਸਕੂਲ ਜਾਣ ‘ਤੇ ਪਾਬੰਦੀ ਲਗਾ ਦਿੱਤੀ ਸੀ। ਨਵਾਂ ਕਾਨੂੰਨ ਔਰਤਾਂ ‘ਤੇ ਪਾਬੰਦੀਆਂ ਲਗਾਉਣ ਤੋਂ ਇਲਾਵਾ ਸੰਗੀਤ ਵਜਾਉਣ ‘ਤੇ ਵੀ ਪਾਬੰਦੀ ਲਗਾ ਦਿੰਦਾ ਹੈ। ਨਾਲ ਹੀ, ਮਰਦਾਂ ਨੂੰ ਦਾੜ੍ਹੀ ਰੱਖਣ ਲਈ ਕਿਹਾ ਗਿਆ ਹੈ ਅਤੇ ਨਮਾਜ਼ ਅਤੇ ਵਰਤ ਰੱਖਣ ਨੂੰ ਲਾਜ਼ਮੀ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਸਾਲ 2021 ‘ਚ ਤਾਲਿਬਾਨ ਨੇ ਅਫ਼ਗਾਨਿਸਤਾਨ ‘ਤੇ ਕਬਜ਼ਾ ਕਰ ਲਿਆ ਸੀ।

error: Content is protected !!