-ਹੰਡਿਆਇਆ ‘ਚ ਅਕਾਲੀ ਦਲ ਦੀ ਪ੍ਰੈੱਸ ਕਾਨਫਰੰਸ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ‘ਤੇ ਚੁੱਕੇ ਵੱਡੇ ਸਵਾਲ
ਬਰਨਾਲਾ, 10 ਅਕਤੂਬਰ (ਨਿਰਮਲ ਸਿੰਘ ਪੰਡੋਰੀ)-
-ਸ਼੍ਰੋਮਣੀ ਅਕਾਲੀ ਦਲ ਦੇ ਬਰਨਾਲਾ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਵੱਲੋਂ ਆਪਣੀ ਜ਼ਿਲ੍ਹਾ ਪੱਧਰੀ ਲੀਡਰਸ਼ਿਪ ਨੂੰ ਨਾਲ ਲੈ ਕੇ ਸ਼ੁੱਕਰਵਾਰ ਬਰਨਾਲਾ ਜ਼ਿਲ੍ਹੇ ਦੇ ਕਸਬਾ ਹੰਡਿਆਇਆ ‘ਚ ਕੀਤੀ ਪ੍ਰੈਸ ਕਾਨਫਰੰਸ ਨੇ ਜ਼ਿਲ੍ਹੇ ‘ਚ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ‘ਤੇ ਵੱਡੇ ਸਵਾਲ ਖੜੇ ਕੀਤੇ ਹਨ। ਕੁਲਵੰਤ ਸਿੰਘ ਕੀਤੂ ਨੇ ਸ਼ਹਿਰੀ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਅਤੇ ਸੂਬਾ ਪੱਧਰੀ ਆਗੂ ਸੰਜੀਵ ਸ਼ੋਰੀ,ਐਡਵੋਕੇਟ ਰੁਪਿੰਦਰ ਸਿੰਘ, ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲਾ ਸਮੇਤ ਅਕਾਲੀ ਦਲ ਦੇ ਵੱਡੇ ਆਗੂਆਂ ਦੀ ਹਾਜ਼ਰੀ ‘ਚ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਕਸਬਾ ਹੰਡਿਆਇਆ ਦੇ ਕੁਝ ਅਜਿਹੇ ਪਰਿਵਾਰਾਂ ਨੂੰ ਪੱਤਰਕਾਰਾਂ ਸਾਹਮਣੇ ਪੇਸ਼ ਕੀਤਾ ਜਿਨਾਂ ਦੇ ਜਿਗਰ ਦੇ ਟੋਟੇ ਨਸ਼ੇ ਦੀ ਓਵਰਡੋਜ਼ ਨਾਲ ਚੜਦੀ ਉਮਰੇ ਮਾਰੇ ਗਏ। ਪ੍ਰੈਸ ਕਾਨਫਰੰਸ ਦੌਰਾਨ ਉਸ ਵੇਲੇ ਮਾਹੌਲ ਭਾਵੁਕ ਹੋ ਗਿਆ ਜਦੋਂ ਇੱਕ 20-22 ਕੁ ਸਾਲ ਦੀ ਮੁਟਿਆਰ ਵਿਧਵਾ ਦੇ ਰੂਪ ਵਿੱਚ ਸਾਹਮਣੇ ਆਈ ਅਤੇ ਉਸਨੇ ਆਪਣਾ ਕਾਲਜਾ ਬੰਨ੍ਹ ਕੇ ਦੱਸਿਆ ਕਿ ਉਸਦਾ ਪਤੀ ਨਸ਼ੇ ਦੀ ਓਵਰਡੋਜ਼ ਨਾਲ ਮਰ ਚੁੱਕਿਆ ਹੈ। ਇੱਕ ਇਤਿਹਾਸਿਕ ਗੁਰਦੁਆਰਾ ਸਾਹਿਬ ਵਿੱਚ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਮਾਹੌਲ ਪੂਰੀ ਤਰ੍ਹਾਂ ਗ਼ਮਗੀਨ ਬਣਿਆ ਹੋਇਆ ਸੀ। ਪ੍ਰੈਸ ਕਾਨਫਰੰਸ ਦੌਰਾਨ ਇੱਕ ਬਜ਼ੁਰਗ ਮਾਤਾ ਨੇ ਆਪਣੇ ਪੋਤੇ ਦੀ ਕਹਾਣੀ ਅਤੇ ਇੱਕ ਦੁਖੀ ਪਾਪ ਨੇ ਆਪਣੇ ਤਿੰਨ ਪੁੱਤਰਾਂ ਦੀ ਕਹਾਣੀ ਜਦੋਂ ਦੱਸਣੀ ਸ਼ੁਰੂ ਕੀਤੀ ਤਾਂ ਉਥੇ ਹਾਜ਼ਰ ਪੱਤਰਕਾਰਾਂ ਸਮੇਤ ਹੋਰ ਲੋਕਾਂ ਦੇ ਵੀ ਸਰੀਰ ਸੁੰਨੇ ਹੋਏ ਪਏ ਸਨ। ਬਰਨਾਲਾ ਪੁਲਿਸ ਦੇ ਰਿਕਾਰਡ ਅਨੁਸਾਰ ਕਸਬਾ ‘ਚ ਇੱਕ ਬਸਤੀ ਹੈ ਜਿੱਥੇ ਨਸ਼ਾ ਤਸਕਰ ਰਹਿੰਦੇ ਹਨ ਅਤੇ ਪਿਛਲੇ ਸਮੇਂ ਦੌਰਾਨ ਬਰਨਾਲਾ ਪੁਲਿਸ ਨੇ ਕੁਝ ਤਸਕਰਾਂ ਦੇ ਘਰਾਂ ‘ਤੇ ਬੁਲਡੋਜ਼ਰ ਵੀ ਚਲਾਇਆ ਹੈ ਪ੍ਰੰਤੂ ਇਸ ਦੇ ਬਾਵਜੂਦ ਵੀ ਕਸਬਾ ਹੰਡਿਆਇਆ ‘ਚ ਨਸ਼ਾ ਵਿਕ ਰਿਹਾ ਹੈ। ਚਰਚਾ ਇਹ ਵੀ ਹੋ ਰਹੀ ਹੈ ਕਿ ਪੁਲਿਸ ਦਾ ਇਹ ਪੀਲਾ ਬੁਲਡੋਜ਼ਰ ਕੁਝ ਪੁਲਿਸ ਅਧਿਕਾਰੀਆਂ ਦੇ ਮੋਢਿਆਂ ‘ਤੇ ਤਰੱਕੀ ਦੀਆਂ ਫੀਤੀਆਂ ਤਾਂ ਲਵਾ ਗਿਆ ਪ੍ਰੰਤੂ ਨਸ਼ਾ ਤਸਕਰਾਂ ਦਾ ਲੱਕ ਨਹੀਂ ਤੋੜ ਸਕਿਆ ਕਿਉਂਕਿ ਤਸਕਰਾਂ ਦੇ ਘਰਾਂ ‘ਤੇ ਬੁਲਡੋਜ਼ਰ ਚਲਾਉਣ ਸਮੇਂ ਵੀ ਕੁਝ ਪੁਲਿਸ ਅਧਿਕਾਰੀਆਂ ਵੱਲੋਂ ਚੋਰਾਂ ਨਾਲ ਰਲੀ ਕੁੱਤੀ ਦੀ ਨੀਤੀ ਤਹਿਤ ਹੀ ਕੰਮ ਕੀਤਾ ਗਿਆ। ਅਕਾਲੀ ਦਲ ਦੇ ਆਗੂ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਦੀ ਅਗਵਾਈ ਹੇਠ ਹੋਏ ਇਸ ਭਾਵੁਕ ਅਤੇ ਵੱਡੇ ਮਾਇਨੇ ਰੱਖਣ ਵਾਲੇ ਸਮਾਗਮ ਵਿੱਚ ਨਸ਼ੇ ਕਾਰਨ ਆਪਣੇ ਨੌਜਵਾਨ ਪੁੱਤ ਪੋਤੇ ਗਵਾ ਚੁੱਕੇ ਬਜ਼ੁਰਗਾਂ ਨੇ ਰੋਂਦੇ ਹੋਏ ਦੱਸਿਆ ਕਿ ਕਿਵੇਂ ਉਹਨਾਂ ਦੇ ਘਰ ਦੀ ਆਰਥਿਕਤਾ ਵੀ ਨਸ਼ੇ ਦੇ ਇਸ ਦਰਿਆ ਵਿੱਚ ਰੁੜ ਗਈ। ਹੁਣ ਇਹ ਵੀ ਚਰਚਾ ਸ਼ੁਰੂ ਹੋ ਗਈ ਹੈ ਕਿ ਅਨੇਕਾਂ ਯਤਨਾਂ ਦੇ ਬਾਵਜੂਦ ਵੀ ਬਰਨਾਲਾ ‘ਚ ਪੁਲਿਸ ਨਸ਼ਾ ਤਸਕਰਾਂ ਨੂੰ ਨੱਥ ਕਿਉਂ ਨਹੀਂ ਪਾ ਸਕੀ। ਇਥੇ ਇਸ ਗੱਲ ਦਾ ਜ਼ਿਕਰ ਕਰਨਾ ਵੀ ਬਣਦਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਆਪਣੇ ਕੁਝ ਵੱਡੇ ਆਗੂਆਂ ਨੂੰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਕੋਆਰਡੀਨੇਟਰ ਅਤੇ ਹੋਰ ਜ਼ਿੰਮੇਵਾਰ ਅਹੁਦਿਆਂ ‘ਤੇ ਨਿਯੁਕਤ ਕੀਤਾ ਹੈ। ਇਹਨਾਂ ਆਪ ਆਗੂਆਂ ਦੀ ਜਿੰਮੇਵਾਰੀ ਇਹ ਸੀ ਕਿ ਉਹ ਨਸ਼ਾ ਤਸਕਰਾਂ ਸਬੰਧੀ ਪੁਲਿਸ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰਨਗੇ ਤੇ ਨਸ਼ਾ ਤਸਕਰਾਂ ਸਬੰਧੀ ਪੁਲਿਸ ਨੂੰ ਅਤੇ ਆਪ ਦੇ ਵੱਡੇ ਆਗੂਆਂ ਨੂੰ ਸੂਚਿਤ ਕਰਨਗੇ ਪ੍ਰੰਤੂ ਦੇਖਣ ਵਿੱਚ ਆਇਆ ਕਿ ਕੁਝ ਸੱਤਾਧਾਰੀ ਆਗੂਆਂ ਨੇ ਹੀ ਨਸ਼ੇ ਦੇ ਦਰਿਆ ਨੂੰ ਚੱਲਦਾ ਰੱਖਣ ਲਈ ਆਪਣੀ ਭੂਮਿਕਾ ਨਿਭਾਉਣੀ ਸ਼ੁਰੂ ਕਰ ਦਿੱਤੀ ਹੈ ਤੇ ਆਪਣੀਆਂ ਤਿਜੌਰੀਆਂ ਭਰਨੀਆਂ ਸ਼ੁਰੂ ਕਰ ਦਿੱਤੀਆਂ।

ਦੱਸ ਦੇਈਏ ਕਿ ਪਿਛਲੇ ਦਿਨੀਂ ਬਰਨਾਲਾ ਜ਼ਿਲ੍ਹੇ ਨਾਲ ਸੰਬੰਧਿਤ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨਾਲ ਜੁੜੇ ਇੱਕ ਵੱਡੇ ਆਪ ਆਗੂ ਦੇ ਇੱਕ ਪਰਿਵਾਰਕ ਮੈਂਬਰ ਦੇ ਖ਼ਿਲਾਫ਼ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਕੀਤੀ ਗਈ ਮਿਸਾਲੇ ਕਾਰਵਾਈ ਦੀ ਬਰਨਾਲਾ ਜ਼ਿਲ੍ਹੇ ‘ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਬਰਨਾਲਾ ਦੇ ਐਸਐਸਪੀ ਅਤੇ ਕੁਝ ਹੋਰ ਅਧਿਕਾਰੀ ਜਿੱਥੇ ਇਮਾਨਦਾਰੀ ਨਾਲ ਨਸ਼ਾ ਤਸਕਰਾਂ ਦੇ ਖ਼ਿਲਾਫ਼ ਲੜਾਈ ਲੜ ਰਹੇ ਹਨ ਉੱਥੇ ਪੁਲਿਸ ਦੀਆਂ ਕੁਝ ਕਾਲੀਆਂ ਬਿੱਲੀਆਂ ਇਸ ਲੜਾਈ ਨੂੰ ਫੇਲ ਕਰਨ ਲਈ ਜੰਗ ਦੇ ਮੈਦਾਨ ‘ਚ ਦੂਜੇ ਪਾਸੇ ਖੜੀਆਂ ਵੀ ਨਜ਼ਰ ਆ ਰਹੀਆਂ ਹਨ ਜਿਨਾਂ ਦੀ ਪਹਿਚਾਣ ਕਰਕੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਪਿਛਲੇ ਸਮੇਂ ਦੌਰਾਨ ਆਪਣੇ ਹੀ ਇੱਕ ਮੁਲਾਜ਼ਮ ਦੇ ਖ਼ਿਲਾਫ਼ ਕੀਤੀ ਗਈ ਕਾਰਵਾਈ ਤੋਂ ਵੀ ਸਖ਼ਤ ਕਾਰਵਾਈ ਕਰਨੀ ਪਵੇਗੀ ਕਿਉਂਕਿ ਲੋਕ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਆਪਣੇ ਮੁਲਾਜ਼ਮ ਦੇ ਖ਼ਿਲਾਫ਼ ਕੀਤੀ ਗਈ ਕਾਰਵਾਈ ਨੂੰ ਪ੍ਰਸ਼ਾਸਨਿਕ ਫਾਰਮੈਲਿਟੀ ਹੀ ਮੰਨ ਰਹੇ ਹਨ। ਦੂਜੇ ਪਾਸੇ ਬਰਨਾਲਾ ਜ਼ਿਲ੍ਹੇ ਨਾਲ ਸੰਬੰਧਿਤ ਸੱਤਾਧਾਰੀ ਆਗੂ ਵੀ ਬਰਨਾਲੇ ‘ਚ ਨਸ਼ੇ ਦੀ ਵਿਕਰੀ ਸਬੰਧੀ ਆਪਣੇ ਆਪ ਨੂੰ ਦੋਸ਼ ਮੁਕਤ ਨਹੀਂ ਕਰ ਸਕਦੇ ਕਿਉਂਕਿ ਸਵਾਲ ਹਕੂਮਤਾਂ ‘ਤੇ ਹੀ ਉੱਠਦੇ ਆਏ ਹਨ ਇਸ ਲਈ ਸੱਤਾਧਾਰੀ ਆਗੂਆਂ ਨੂੰ ਹੰਡਿਆਇਆ ਦੇ ਇਤਿਹਾਸਿਕ ਗੁਰਦੁਆਰੇ ਵਿੱਚ ਦੁਖੀ ਮਾਪਿਆਂ ਦੇ ਹੰਝੂਆਂ ਦੀ ਛਲਕ ਵੱਲ ਧਿਆਨ ਦੇਣਾ ਹੀ ਪਵੇਗਾ, ਜੇਕਰ ਸੱਤਾਧਾਰੀ ਆਗੂਆਂ ਨੇ ਬਰਨਾਲਾ ‘ਚ ਨਸ਼ੇ ਦੀ ਵਿਕਰੀ ਵੱਲ ਸੰਜੀਦਗੀ ਨਾਲ ਧਿਆਨ ਨਾ ਦਿੱਤਾ ਤਾਂ ਬਰਨਾਲਾ ‘ਚ ਚਲ ਰਹੇ ਨਸ਼ੇ ਦੇ ਇਸ ਦਰਿਆ ਵਿੱਚ ਹਕੂਮਤੀ ਕੁਰਸੀਆਂ ਵੀ ਰੁੜ ਸਕਦੀਆਂ ਹਨ ਕਿਉਂਕਿ ਲੋਕ ਸਭ ਜਾਣ ਚੁੱਕੇ ਹਨ ਕਿ ਕੁਝ ਸੱਤਾਧਾਰੀ ਆਗੂ ਅਤੇ ਕੁਝ ਪੁਲਿਸ ਮੁਲਾਜ਼ਮ ਨਸ਼ਾ ਤਸਕਰਾਂ ਨਾਲ ਅੰਦਰਖਾਤੇ ਘਿਓ ਖਿਚੜੀ ਹਨ ਅਤੇ ਲੋਕ ਕਿਸੇ ਵੇਲੇ ਵੀ ਇਸ ਗੱਠਜੋੜ ਦੇ ਖ਼ਿਲਾਫ਼ ਜਵਾਲਾਮੁਖੀ ਵਾਂਗ ਉਸੇ ਤਰ੍ਹਾਂ ਫਟ ਸਕਦੇ ਹਨ ਜਿਵੇਂ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਸਮੇਂ ਦੀ ਹਕੂਮਤ ਖ਼ਿਲਾਫ਼ ਫਟੇ ਸਕਦੇ ਹਨ। ਬਹਰਰਾਲ ਲੋਕਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਅਤੇ ਹੋਰ ਆਗੂਆਂ ਵੱਲੋਂ ਕੀਤੇ ਇਸ ਦਲੇਰਾਨਾ ਅਤੇ ਭਾਵੁਕ ਸਮਾਗਮ ਦੀ ਚਰਚਾ ਤੇ ਸ਼ਲਾਘਾ ਕੀਤੀ ਜਾ ਰਹੀ ਹੈ ਪ੍ਰੰਤੂ ਇਹ ਸੱਚ ਹੈ ਕਿ ਜੇਕਰ ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਨਸ਼ੇ ਦੇ ਖ਼ਿਲਾਫ਼ ਕੁਝ ਇਮਾਨਦਾਰ ਪੁਲਿਸ ਅਧਿਕਾਰੀਆਂ ਨਾਲ ਮਿਲ ਕੇ ਲੜਾਈ ਨਾ ਲੜੀ ਤਾਂ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਢਾਈ ਇੰਚ ਦੀ ਸਰਿੰਜ ਦੀ ਸੂਈ ਦੀ ਤਿੱਖੀ ਨੋਕ ਕਿਸੇ ਵੀ ਘਰ ਦੇ ਬਰਛੇ ਵਰਗੇ ਨੌਜਵਾਨ ਦੀ ਨਾੜ ਵਿੱਚ ਲੱਗ ਸਕਦੀ ਹੈ।

ਫੋਟੋ ਕੈਪਸ਼ਨ-ਬਰਨਾਲਾ ਦੇ ਕਸਬਾ ਹੰਡਿਆਇਆ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਪ੍ਰੈਸ ਕਾਨਫਰੰਸ ਨਾਲ ਸਬੰਧਿਤ ਤਸਵੀਰਾਂ