ਚੰਡੀਗੜ੍ਹ,28 ਅਗਸਤ, Gee98 news service
-ਸ਼੍ਰੋਮਣੀ ਅਕਾਲੀ ਦਲ ਛੱਡਣ ਤੋਂ ਬਾਅਦ ਚਰਚਾਵਾਂ ਨੂੰ ਅਮਲੀ ਰੂਪ ਦਿੰਦੇ ਹੋਏ ਹਰਦੀਪ ਸਿੰਘ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਡਿੰਪੀ ਢਿੱਲੋ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕੀਤਾ। ਆਪਣੇ ਸੰਬੋਧਨ ਵਿੱਚ ਡਿੰਪੀ ਢਿੱਲੋ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹਨਾਂ ਦੇ ਸਾਰੇ ਵਰਕਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ। ਡਿੰਪੀ ਢਿੱਲੋ ਨੇ ਕਿਹਾ ਕਿ ਉਹਨਾਂ ਨੇ ਮਨਪ੍ਰੀਤ ਸਿੰਘ ਬਾਦਲ ਕਰਕੇ ਸ਼੍ਰੋਮਣੀ ਅਕਾਲੀ ਦਲ ਛੱਡਿਆ ਕਿਉਂਕਿ ਸੁਖਬੀਰ ਸਿੰਘ ਬਾਦਲ ਦੀ ਨੇੜਤਾ ਮਨਪ੍ਰੀਤ ਬਾਦਲ ਨਾਲ ਵੱਧਦੀ ਜਾ ਰਹੀ ਸੀ ਅਤੇ ਉਹ ਮਨਪ੍ਰੀਤ ਬਾਦਲ ਨਾਲ ਕਿਸੇ ਵੀ ਹਾਲਤ ਵਿੱਚ ਨਹੀਂ ਚੱਲ ਸਕਦੇ ਸੀ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਡਿੰਪੀ ਢਿੱਲੋ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਡਿੰਪੀ ਨਾਲ ਉਹਨਾਂ ਦੇ ਪੁਰਾਣੇ ਰਿਸ਼ਤੇ ਹਨ, ਉਹ 1996 ‘ਚ ਲੱਗਭੱਗ 16 ਦਿਨ ਡਿੰਪੀ ਢਿੱਲੋ ਦੇ ਘਰ ਰਹੇ ਤੇ ਡਿੰਪੀ ਢਿੱਲੋ ਦੇ ਬੇਟੇ ਨੂੰ ਉਹਨਾਂ ਨੇ ਗੋਦੀ ਚੁੱਕਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਉਹ ਡਿੰਪੀ ਨੂੰ ਦੁੱਗਣਾ ਤਿਗਣਾ ਮਾਣ ਸਤਿਕਾਰ ਦੇਣਗੇ। ਇਸ ਮੌਕੇ ਡਿੰਪੀ ਢਿੱਲੋ ਦੀ ਮੰਗ ‘ਤੇ ਭਗਵੰਤ ਮਾਨ ਨੇ ਸੀਵਰੇਜ ਅਤੇ ਵਾਟਰ ਵਰਕਸ ਦੇ ਲਈ 28 ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ। ਭਗਵੰਤ ਮਾਨ ਨੇ ਕਿਹਾ ਕਿ ਉਹ ਡਿੰਪੀ ਢਿੱਲੋ ਦੀ ਹਰ ਮੰਗ ‘ਤੇ ਦਸਤਖ਼ਤ ਕਰਨਗੇ।