ਬਤੌਰ ਡਿਪਟੀ ਡਾਇਰੈਕਟਰ ਜੁਆਇਨ ਕਰਦੇ ਹੀ ਫੇਸਬੁੱਕ ‘ਤੇ ਪਾ ਦਿੱਤੀ ਭਾਵੁਕ ਪੋਸਟ
ਚੰਡੀਗੜ੍ਹ, 30 ਅਗਸਤ (ਨਿਰਮਲ ਸਿੰਘ ਪੰਡੋਰੀ)-
-ਪੰਜਾਬ ‘ਚ ਭਰੂਣ ਹੱਤਿਆ ਦੇ ਦੋਸ਼ੀਆਂ ਨੂੰ ਭਾਜੜਾਂ ਪਾਉਣ ਵਾਲੇ ਡਾਕਟਰ ਜਸਬੀਰ ਸਿੰਘ ਔਲਖ ਨੇ ਸਮੇਂ ਤੋਂ ਪਹਿਲਾਂ ਨੌਕਰੀ ਛੱਡਣ ਦਾ ਮਨ ਬਣਾ ਲਿਆ ਹੈ। ਡਾਕਟਰ ਔਲਖ ਨੇ ਸੂਬੇ ਦੇ ਸਿਹਤ ਵਿਭਾਗ ਨੂੰ ਪ੍ਰੀ ਮੈਚਿਓਰ ਰਿਟਾਇਰਮੈਂਟ (ਸਮੇਂ ਤੋਂ ਪਹਿਲਾਂ ਸੇਵਾ ਮੁਕਤੀ) ਲੈਣ ਸਬੰਧੀ ਨੋਟਿਸ ਦੇ ਦਿੱਤਾ ਹੈ। ਦੱਸ ਦਈਏ ਕਿ ਡਾਕਟਰ ਜਸਵੀਰ ਸਿੰਘ ਔਲਕ ਦੀ ਸੇਵਾ ਮੁਕਤੀ ਜਨਵਰੀ 2025 ਵਿੱਚ ਬਣਦੀ ਹੈ ਪ੍ਰੰਤੂ ਉਹਨਾਂ ਨੇ ਪਹਿਲਾਂ ਹੀ ਸੇਵਾ ਮੁਕਤੀ ਲਈ ਨੋਟਿਸ ਦੇ ਦਿੱਤਾ ਹੈ। ਡਾਕਟਰ ਔਲਖ ਨੂੰ ਵਿਭਾਗ ਵੱਲੋਂ ਲੁਧਿਆਣਾ ਦੇ ਸਿਵਲ ਸਰਜਨ ਤੋਂ ਤਰੱਕੀ ਦੇ ਕੇ ਸਟੇਟ ਹੈਡਕੁਆਰਟਰ ‘ਤੇ ਡਿਪਟੀ ਡਾਇਰੈਕਟਰ ਵਜੋਂ ਤਾਇਨਾਤ ਕੀਤਾ ਗਿਆ ਸੀ। ਦੱਸ ਦੇਈਏ ਕਿ ਇਸ ਵਾਰ 15 ਅਗਸਤ ਨੂੰ ਲੁਧਿਆਣਾ ਵਿਖੇ ਵੀਆਈਪੀ ਗੇਟ ‘ਤੇ ਡਾ ਔਲਖ ਨਾਲ ਦੋ ਪੁਲਿਸ ਮੁਲਾਜ਼ਮਾਂ ਵੱਲੋਂ ਕੀਤੇ ਦੁਰਵਿਹਾਰ ਦੀ ਵਾਹਵਾ ਚਰਚਾ ਹੋਈ ਸੀ ਜਿਸ ਤੋਂ ਬਾਅਦ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਦੋ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਵੀ ਕਰ ਦਿੱਤਾ ਸੀ ਪ੍ਰੰਤੂ ਇਸੇ ਦੌਰਾਨ ਹੀ ਡਾਕਟਰ ਔਲਖ ਦੀ ਵੀ ਲੁਧਿਆਣਾ ਤੋਂ ਬਦਲੀ ਕਰਕੇ ਉਹਨਾਂ ਨੂੰ ਡਿਪਟੀ ਡਾਇਰੈਕਟਰ ਲਗਾ ਦਿੱਤਾ ਗਿਆ ਤੇ ਉਹਨਾਂ ਦੀ ਬਦਲੀ ਸਟੇਟ ਹੈਡ ਕੁਆਰਟਰ ਵਿਖੇ ਕਰ ਦਿੱਤੀ ਗਈ। ਆਪਣੀ ਬਦਲੀ ਤੋਂ ਪਹਿਲਾਂ ਹੀ ਡਾਕਟਰ ਔਲਖ ਨੇ ਨਿੱਜੀ ਕੰਮ ਲਈ 12 ਦਿਨ ਦੀ ਛੁੱਟੀ ਲੈ ਲਈ ਸੀ ਅਤੇ ਵੀਰਵਾਰ 29 ਅਗਸਤ ਨੂੰ ਛੁੱਟੀ ਖਤਮ ਹੋਣ ਤੋਂ ਬਾਅਦ ਜਦ ਉਹਨਾਂ ਨੇ ਹੈਡ ਕੁਆਰਟਰ ‘ਤੇ ਬਤੌਰ ਡਿਪਟੀ ਡਾਇਰੈਕਟਰ ਜੁਆਇਨ ਕੀਤਾ ਤਾਂ ਉਨਾਂ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਸਮੇਂ ਤੋਂ ਪਹਿਲਾਂ ਸੇਵਾ ਮੁਕਤੀ ਦੀ ਪੋਸਟ ਵੀ ਪਾ ਦਿੱਤੀ। ਡਾਕਟਰ ਜਸਬੀਰ ਸਿੰਘ ਔਲਖ ਨੇ ਆਪਣੀ ਫੇਸਬੁੱਕ ‘ਤੇ ਪਾਈ ਭਾਵੁਕ ਅਤੇ ਵਜ਼ਨਦਾਰ ਪੋਸਟ ਵਿੱਚ ਲਿਖਿਆ ਕਿ.. “ਮਾਂ ਦਾ ਡਿਪਟੀ” ਪੰਜਾਬੀ ਨਾਟਕ ਦੇ ਮੋਢੀ ਈਸ਼ਵਰ ਚੰਦਰ ਨੰਦਾ ਦੀ ਇੱਕ ਰਚਨਾ ਹੈ, ਜਿਹੜੀ ਸਾਡੇ ਸਮਿਆਂ ਵਿੱਚ ਦਸਵੀਂ ਜਮਾਤ ਪੜ੍ਹਾਈ ਜਾਂਦੀ ਸੀ। ਅੱਜ ਜਦੋਂ ਮੈਂ ਬਤੌਰ ਡਿਪਟੀ ਡਾਇਰੈਕਟਰ, ਚੰਡੀਗੜ੍ਹ ਹੈੱਡਕੁਆਰਟਰ ਤੇ ਦਸਤਕ ਦਿੱਤੀ ਤਾਂ ਉਹ ਨਾਟਕ ਇੱਕ ਦਮ ਯਾਦਾਂ ਦੇ ਅੰਬਰ ਵਿੱਚ ਆ ਹਾਜ਼ਰ ਹੋਇਆ।ਠੋਸ ਹਾਲਤਾਂ ਦਾ ਨਿਰਣਾ ਕਰਦੇ ਹੋਏ ਮੇਰੀ ਆਤਮਾ ਰੂਪੀ ਮੇਰੇ ਬੱਚਿਆਂ ਦਾ ਫੈਸਲਾ ਸੀ ਕਿ ਪਾਪਾ ਬੱਸ ਹੁਣ ਹੋਰ ਨੌਕਰੀ ਨਹੀਂ ਕਰਨੀ, ਕਿਉਂਕਿ ਪਿਛਲੇ ਕੁੱਝ ਸਮੇਂ ਤੋਂ ਜਿਹਨਾਂ ਦੇ ਖ਼ਿਲਾਫ਼ ਮੈਂ ਕੁੱਝ ਕਾਰਵਾਈਆਂ ਅਮਲ ਵਿੱਚ ਲਿਆਂਦੀਆਂ ਸਨ,ਉਹ ਮੇਰੇ ਖ਼ਿਲਾਫ਼ ਹੱਥ ਧੋ ਕੇ ਪੈ ਚੁੱਕੇ ਸਨ, ਖ਼ਾਸ ਕਰ ਬਾਬੇ ਨਾਨਕ ਦੀ ਧਰਤੀ ਨੂੰ ਗੰਦਾ ਕਰ ਰਹੇ ਕੁੜੀ ਮਾਰ। ਇੱਕ ਸਾਜ਼ਿਸ਼ ਅਸ਼ੋਕ ਕੁਮਾਰ ਨਾਂ ਦੇ ਬੰਦੇ ( ਜਿਸਦੇ ਪਰਿਵਾਰ ਦੇ ਖ਼ਿਲਾਫ਼ ਲਿੰਗ ਟੈਸਟ ਕਰਨ ਦੇ ਅਨੇਕਾਂ ਪਰਚੇ ਹਨ) ਨੇ ਫਸਾਉਣ ਦੀ ਕੋਸ਼ਿਸ਼ ਕੀਤੀ। ਇਸ ਸਾਲ ਇੱਕੀ ਮਈ ਨੂੰ ਤਾਂ ਇੱਕ ਸਿਆਸਤਦਾਨ ਨੇ ਧਮਕੀ ਦੇ ਹੀ ਦਿੱਤੀ ਸੀ ਕਿ ਇਲੈਕਸ਼ਨ ਕੋਡ ਖ਼ਤਮ ਹੋਣ ਦੇ ਸਹੀ। ਬਦਕਿਸਮਤੀ ਮੇਰੀ ਮੇਰੇ ਨਾਲ ਸਟੇਟ ਹੈੱਡ ਕੁਆਰਟਰ ਤੋਂ ਕੋਈ ਵੀ ਨਹੀਂ ਖੜਿਆ, ਮੇਰੀਆਂ ਨਿੱਜੀ ਸੁਣਵਾਈ ਦੀਆਂ ਅਰਜ਼ੀਆਂ ਧੂੜ ਫੱਕਣ ਲਈ ਮਜਬੂਰ ਨੇ। ਭਰੇ ਮਨ ਨਾਲ ਅੱਜ ਉਸ ਪੀ ਸੀ ਐੱਮ ਐੱਸ ਨੂੰ ਸਮੇਂ ਤੋਂ ਪਹਿਲਾਂ ਛੱਡਣ (Premature Retirement) ਲਈ ਇਸ ਮਾਂ ਦੇ ਡਿਪਟੀ ਨੇ ਤਿੰਨ ਮਹੀਨੇ ਦਾ ਨੋਟਿਸ ਦੇ ਦਿੱਤਾ ਹੈ ਜਿਸ ਪੀ ਸੀ ਐੱਮ ਐੱਸ ਨੇ ਰੁਜ਼ਗਾਰ ਵੀ ਦਿੱਤਾ ਅਤੇ ਇੱਜ਼ਤ ਮਾਣ ਵੀ। ਆਮੀਨ।