Skip to main content

Gee 98News

ਚੌਥੀ ਸਾਇਕਲਿੰਗ ‘ਚ ਸੈਂਕੜੇ ਨੌਜਵਾਨਾਂ ਨੇ ਦਿੱਤਾ ਸਿਹਤਮੰਦ ਸਮਾਜ, ਨਸ਼ਾ ਮੁਕਤ ਪੰਜਾਬ ਸਿਰਜਣ ਦਾ ਸੱਦਾ

ਸੇਵਾ ਮੁਕਤ IG ਗੁਰਪ੍ਰੀਤ ਸਿੰਘ ਤੂਰ ਨੇ ਨੌਜਵਾਨਾਂ ਨਾਲ ਕੀਤੀ ਸਾਇਕਲਿੰਗ

ਮਹਿਲ ਕਲਾਂ,15 ਸਤੰਬਰ ( ਜਸਵੰਤ ਸਿੰਘ ਲਾਲੀ)-ਮਹਿਲ ਕਲਾਂ ਵਿਖੇ ਨੌਜਵਾਨਾਂ ਨੂੰ ਪ੍ਰੇਰਿਤ ਕਰ ਕੇ ਸਾਇਕਲਿੰਗ ਅਤੇ ਖੇਡ ਗਰਾਊਂਡਾ ਨਾਲ ਜੋੜਨ ਦੀ ਵਿੱਢੀ ਗਈ ਮੁਹਿੰਮ ਤਹਿਤ ਅੱਜ 46 ਕਿੱਲੋਮੀਟਰ ਸਾਇਕਲਿੰਗ ਦੌਰਾਨ ਸੈਂਕੜੇ ਨੌਜਵਾਨਾਂ ਨੇ ਜ਼ੋਸ਼ੋ ਖਰੋਸ਼ ਨਾਲ ਭਾਗ ਲੈਂਦਿਆਂ ਸਿਹਤਮੰਤ ਸਮਾਜ ਅਤੇ ਨਸ਼ਾ ਮੁਕਤ ਪੰਜਾਬ ਸਿਰਜਣ ਦਾ ਸੱਦਾ ਦਿੱਤਾ। ਅੱਜ ਸਵੇਰੇ ਖੇਡ ਗਰਾਊਂਡ ਮਹਿਲ ਕਲਾਂ ਤੋਂ ਕੋਚ ਅਰਸ਼ਦੀਪ ਸਿੰਘ ਗੁਰੂ ਅਤੇ ਗੁਰਪ੍ਰੀਤ ਸਿੰਘ ਅਣਖੀ ਦੀ ਅਗਵਾਈ ਹੇਠ ਮਹਿਲ ਕਲਾਂ ਦੇ ਖੇਡ ਗਰਾਊਂਡ ਤੋਂ ਸ਼ੁਰੂ ਹੋਈ ਸਾਇਕਲਿੰਗ ਮਹਿਲ ਖ਼ੁਰਦ, ਕੁਰੜ, ਮਨਾਲ, ਫ਼ਤਹਿਗੜ੍ਹ ਪੰਜਗਰਾਈਆਂ, ਮਾਣਕੀ, ਸਦੌੜ, ਕਸਬਾ, ਦਸੌਂਧਾ ਸਿੰਘ ਵਾਲਾ, ਛਾਪਾ, ਪੰਡੋਰੀ ਹੁੰਦੀ ਹੋਈ ਵਾਪਸ ਮਹਿਲ ਕਲਾਂ ਗਰਾਊਂਡ ‘ਚ ਪਹੁੰਚ ਕੇ ਸਮਾਪਤ ਹੋਈ, ਇਸ ਸਾਈਕਲਿੰਗ ‘ਚ 6 ਸਾਲ ਤੋਂ ਲੈ ਕੇ 60 ਸਾਲ ਦੇ ਨੌਜਵਾਨਾ ਲੜਕੇ-ਲੜਕੀਆਂ ਨੇ 46 ਕਿੱਲੋਮੀਟਰ ਦਾ ਪੈਂਡਾ ਤਹਿ ਕੀਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਕਾਫ਼ਲਾ ਜੀਵੇ ਪੰਜਾਬ ਦੇ ਮੁੱਖ ਸੰਚਾਲਕ ਸੇਵਾ ਮੁਕਤ ਆਈ.ਜੀ. ਗੁਰਪ੍ਰੀਤ ਸਿੰਘ ਤੂਰ ਨੇ ਨੌਜਵਾਨਾਂ ਨਾਲ ਪਿੰਡ ਪੰਡੋਰੀ ਤੋਂ ਮਹਿਲ ਕਲਾਂ ਤੱਕ 6 ਕਿਲੋਮੀਟਰ ਸਾਇਕਲ ਚਲਾ ਕੇ ਪਿੰਡ-ਪਿੰਡ ਨੌਜਵਾਨਾਂ ਨੂੰ ਅਜਿਹੀਆਂ ਮੁਹਿੰਮਾਂ ਦਾ ਆਗਾਜ਼ ਕਰਨ ਲਈ ਪ੍ਰੇਰਿਤ ਕੀਤਾ। ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਸ: ਤੂਰ ਨੇ ਕਿਹਾ ਕਿ ਹਰੇਕ ਵਿਅਕਤੀ ਦੇ ਜੀਵਨ ‘ਚ ਸਰੀਰਕ ਤੰਦਰੁਸਤੀ ਸਭ ਤੋਂ ਅਹਿਮ ਹੈ, ਜਿਸ ਨੂੰ ਬਰਕਰਾਰ ਰੱਖਣ ਲਈ ਖੇਡਾਂ ‘ਚ ਹਿੱਸਾ ਲੈਣ ਤੋਂ ਇਲਾਵਾ ਅਜਿਹੀਆਂ ਸਰੀਰਕ ਗਤੀਵਿਧੀਆਂ ‘ਚ ਭਾਗ ਲੈਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇੰਟਰਨੈੱਟ, ਮੋਬਾਇਲ ਯੁੱਗ ‘ਚ ਨੌਜਵਾਨ ਪੀੜ੍ਹੀ ਚੰਗੀਆਂ ਕਿਤਾਬਾਂ, ਅਖ਼ਬਾਰ ਅਤੇ ਮੈਗਜ਼ੀਨ ਪੜ੍ਹਨ ਤੋਂ ਦੂਰ ਹੋ ਚੁੱਕੀ ਹੈ, ਜਿੰਨ੍ਹਾਂ ਨੂੰ ਪ੍ਰੇਰਿਤ ਕਰ ਕੇ ਮੁੜ ਤੋਂ ਉਸਾਰੂ ਸਾਹਿਤ ਨਾਲ ਜੋੜਨ ਦੀ ਲੋੜ ਹੈ। ਇਕ ਸਖਸ਼ੀਅਤ ਦੀ ਉਸਾਰੀ ਲਈ ਚੰਗਾ ਸਾਹਿਤ ਪੜ੍ਹਨਾ, ਗ਼ੈਰ-ਰਸਮੀ ਸਿੱਖਿਆ ਪ੍ਰਾਪਤ ਕਰ ਕੇ ਜੀਵਨ ‘ਚ ਰਿਸ਼ਤਿਆਂ ਦੀਆਂ ਤੰਦਾਂ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਉਨ੍ਹਾਂ ਹਰੇਕ ਨੌਜਵਾਨਾਂ ਨੂੰ ਆਪਣੇ ਦਿਨ ਦੀ ਸ਼ੁਰੂਆਤ ਅਤੇ ਸਮਾਪਤੀ ਕਰਦੇ ਸਮੇਂ ਮਾਤਾ ਪਿਤਾ ਦੇ ਪੈਂਰੀ ਹੱਥ ਲਗਾਉਣ ਲਈ ਕਿਹਾ। ਭੜਕਾਊ ਗੀਤਾਂ ‘ਤੇ ਚਿੰਤਾ ਪ੍ਰਗਟ ਕਰਦਿਆਂ ਸ: ਤੂਰ ਨੇ ਕਿਹਾ ਅਜੋਕੇ ਸਮੇਂ ‘ਚ ਪ੍ਰਚੱਲਿਤ ਗੀਤਾਂ ਨੇ ਨੌਜਵਾਨਾਂ ਦੇ ਵਿਵਹਾਰ ਨੂੰ ਬੁਰੇ ਢੰਗ ਨਾਲ ਪ੍ਰਭਾਵਿਤ ਕੀਤਾ ਹੈ, ਇਸ ਵਰਤਾਰੇ ਨੂੰ ਰੋਕਣ ਲਈ ਸਾਨੂੰ ਸਾਰਿਆਂ ਨੂੰ ਚੰਗੇ ਗੀਤ ਸੁਣਨੇ ਚਾਹੀਦੇ ਹਨ, ਅਜਿਹੇ ਗੀਤ ਜੋ ਸਾਨੂੰ ਸਾਡੀ ਵਿਰਾਸਤ ਨਾਲ ਜੋੜਨ। ਉਨ੍ਹਾਂ ਹਰੇਕ ਨੌਜਵਾਨ ਨੂੰ ਆਪਣੇ ਜੀਵਨ ਦੌਰਾਨ ਚੰਗੇ ਰੋਲ ਮਾਡਲ ਦੀ ਚੋਣ ਕਰਨ ਅਤੇ ਡਾ: ਮਹਿੰਦਰ ਸਿੰਘ ਰੰਧਾਵਾ, ਸਰਦਾਰਾ ਸਿੰਘ ਜੌਹਲ ਆਦਿ ਸਖਸ਼ੀਅਤਾਂ ਦੀਆਂ ਸਵੈ-ਜੀਵਨੀਆਂ ਪੜ੍ਹਨ ਲਈ ਵੀ ਪ੍ਰੇਰਿਤ ਕੀਤਾ। ਕੋਚ ਅਰਸ਼ਦੀਪ ਸਿੰਘ ਗੁਰੂ ਨੇ ਕਿਹਾ ਕਿ ਸ: ਗੁਰਪ੍ਰੀਤ ਸਿੰਘ ਤੂਰ ਹਮੇਸ਼ਾਂ ਹੀ ਉਨ੍ਹਾਂ ਲਈ ਪ੍ਰੇਰਾਨਸ੍ਰੋਤ ਰਹੇ ਹਨ, ਜਿੰਨ੍ਹਾਂ ਦੀਆਂ ਸਿੱਖਿਆਵਾਂ ਤੋਂ ਉਨ੍ਹਾਂ ਨੂੰ ਸਮਾਜ ਲਈ ਅਜਿਹੇ ਉਪਰਾਲੇ ਕਰਨ ਵਾਸਤੇ ਪ੍ਰੇਰਨਾ ਮਿਲਦੀ ਰਹਿੰਦੀ ਹੈ। ਨੌਜਵਾਨ ਆਗੂ ਗੁਰਪ੍ਰੀਤ ਸਿੰਘ ਅਣਖੀ ਨੇ ਇਸ ਸਾਇਕਲਿੰਗ ਦੀ ਸਫ਼ਲਤਾ ਵਾਸਤੇ ਸਹਿਯੋਗ ਦੇਣ ਵਾਲਿਆਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦਿਆਂ ਨੌਜਵਾਨਾਂ ਰੋਜ਼ਾਨਾਂ ਸਵੇਰੇ ਸਾਢੇ 5 ਵਜੇ ਮਹਿਲ ਕਲਾਂ ਖੇਡ ਗਰਾਊਂਡ ‘ਚ ਕਸਰਤ ਕਰਨ ਆਉਣ ਲਈ ਪ੍ਰੇਰਿਤ ਕੀਤਾ। ਇਸ ਸਮੇਂ ਸੰਤਾ ਸਿੰਘ ਰਾਹਲ ਯਾਦਗਾਰੀ ਟਰੱਸਟ ਰਜਿ: ਮਹਿਲ ਕਲਾਂ ਵਲੋਂ ਚੇਅਰਮੈਨ ਰਾਜਾ ਰਾਹਲ ਕੈਨੇਡਾ ਦੇ ਜਨਮ ਦਿਨ ਮੌਕੇ ਨੌਜਵਾਨਾਂ ਨੂੰ 200 ਬੂਟੇ ਵੰਡਣ ਤੋਂ ਇਲਾਵਾ ਦੁੱਧ ਦਾ ਲੰਗਰ ਲਾਇਆ ਗਿਆ। ਪੰਨੂੰ ਕਰਿਆਨਾ ਸਟੋਰ ਮਹਿਲ ਕਲਾਂ ਦੇ ਮਾਲਕ ਜਗਦੀਸ਼ ਸਿੰਘ ਪੰਨੂੰ ਨੇ ਨੌਜਵਾਨਾਂ ਲਈ ਫ਼ਲਾਂ ਦੀ ਸੇਵਾ ਨਿਭਾਈ। ਸਾਇਕਲਿੰਗ ਦੌਰਾਨ ਪਿੰਡ ਮਹਿਲ ਖ਼ੁਰਦ ਵਿਖੇ ਪ੍ਰਧਾਨ ਨਿਧਾਨ ਸਿੰਘ, ਜਸਵਿੰਦਰ ਸਿੰਘ, ਜਗਰਾਜ ਸਿੰਘ ਗੁਰੂ, ਪ੍ਰਗਟ ਸਿੰਘ, ਕੈਪਟਨ ਮੰਗੂ ਸਿੰਘ ਦੇ ਪਰਿਵਾਰ ਵਲੋਂ ਬੀਬੀ ਹਰਪ੍ਰੀਤ ਕੌਰ, ਜੈਸਮੀਨ ਕੌਰ, ਪਿੰਡ ਕੁਰੜ ਵਿਖੇ ਪ੍ਰਧਾਨ ਗਗਨ ਸਰਾਂ, ਜਸਪਾਲ ਸਿੰਘ ਫੌਜੀ, ਗੁਰਜੰਟ ਸਿੰਘ ਬਧੇਸ਼ਾ, ਹਰਪਾਲ ਸਿੰਘ, ਮਾਣਕੀ ਵਿਖੇ ਬਲਜੀਤ ਸਿੰਘ, ਸੁਖਦੇਵ ਸਿੰਘ ਮਾਣਕੀ, ਸਦੌੜ ਵਿਖੇ ਮਾ: ਗੁਰਮੇਲ ਸਿੰਘ, ਮਾ: ਨਿਰਮਲ ਸਿੰਘ, ਲਖਨ ਦੀ ਅਗਵਾਈ ‘ਚ ਕੋਚ ਅਰਸ਼ ਗੁਰੂ ਅਤੇ ਨੌਜਵਾਨ ਆਗੂ ਗੁਰਪ੍ਰੀਤ ਸਿੰਘ ਅਣਖੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੀਨੀਅਰ ਐਡਵੋਕੇਟ ਰਾਹੁਲ ਗੁਪਤਾ, ਹਰਜਿੰਦਰ ਸਿੰਘ ਸਿਬੀਆ, ਚੇਅਰਮੈਨ ਜਗਸੀਰ ਸਿੰਘ ਖਾਲਸਾ, ਆੜ੍ਹਤੀਆ ਗੁਰੀ ਔ਼ਲਖ, ਡਾ: ਦਲਬਾਰ ਸਿੰਘ, ਆੜ੍ਹਤੀਆ ਸਰਬਜੀਤ ਸਿੰਘ ਸਰਬੀ, ਕਰਮਜੀਤ ਸਿੰਘ ਉੱਪਲ, ਹਰੀ ਸਿੰਘ ਕਟੈਹਰੀਆ, ਰਵਿੰਦਰ ਸਿੰਘ ਸੇਖੋਂ, ਡਾ: ਮਿੱਠੂ ਮੁਹੰਮਦ, ਅਤਿੰਦਰਪਾਲ ਸਿੰਘ, ਲਖਵਿੰਦਰ ਸਿੰਘ ਹੈਰੀ, ਜਗਦੀਸ਼ ਸਿੰਘ ਪੰਨੂੰ, ਨਿੰਦੀ ਪਾਸੀ, ਗੁਰਪ੍ਰੀਤ ਸਿੰਘ ਗਰੇਵਾਲ, ਭਾਈ ਸਤਨਾਮ ਸਿੰਘ ਖ਼ਾਲਸਾ, ਹਨੀ ਪਾਸੀ, ਸਿਕੰਦਰ ਸਿੰਘ ਮਹਿਲ ਖ਼ੁਰਦ, ਮਨਿੰਦਰ ਸਿੰਘ ਰਿਖੀ, ਸੁਖਵਿੰਦਰ ਸਿੰਘ ਪੰਡੋਰੀ, ਮਲਕੀਤ ਸਿੰਘ ਖਾਸਾ, ਸੁਖਵਿੰਦਰ ਸਿੰਘ ਹੈਰੀ, ਸੁੱਖੀ ਵਰਮਾ, ਬਲਪ੍ਰੀਤ ਸਿੰਘ ਮਹਿਲ ਖ਼ੁਰਦ, ਕਪਤਾਨ ਸਿੰਘ ਗਰੇਵਾਲ, ਮਿ: ਗੁਰਜੰਟ ਸਿੰਘ ਕਾਲਾ, ਕਬੱਡੀ ਖਿਡਾਰੀ ਸਿਮਰਾ ਮਹਿਲ ਕਲਾਂ, ਕਾਲਾ ਪੰਡੋਰੀ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ – ਸਾਇਕਲਿੰਗ ‘ਚ ਭਾਗ ਲੈਂਦੇ ਹੋਏ ਕਾਫ਼ਲਾ ਜੀਵੇ ਪੰਜਾਬ ਦੇ ਮੁੱਖ ਸੰਚਾਲਕ ਸੇਵਾ ਮੁਕਤ IG ਗੁਰਪ੍ਰੀਤ ਸਿੰਘ ਤੂਰ

error: Content is protected !!