Skip to main content

Gee 98News

ਰਾਮਨਵਾਸੀਆ ਦੇ ਵਿਹੜੇ ਵੱਜ ਗਏ ਢੋਲ…ਚੰਡੀਗੜ੍ਹੋਂ ਖੜਕੀਆਂ ਘੰਟੀਆਂ…ਕਾਂਗਰਸੀਆਂ ਨੇ ਪਾਇਆ ਭੰਗੜਾ…!

ਝਾੜੂ ਵਾਲਿਆਂ ਤੇ ਪੰਜੇ ਵਾਲਿਆਂ ਦੀ ਮੁੱਛ ਦਾ ਸਵਾਲ ਬਣੀ ਨਗਰ ਕੌਂਸਲ ਦੀ ਪ੍ਰਧਾਨਗੀ ਦਾ ਫੈਸਲਾ ਹੋ ਹੀ ਗਿਆ। ਨਗਰ ਕੌਸਲ ਬਰਨਾਲਾ ਦੀ ਪ੍ਰਧਾਨਗੀ ਦੀ ਕੁਰਸੀ ‘ਤੇ ਕਾਬਜ਼ ਹੋਣ ਲਈ ਸੱਤਾਧਿਰ ਵੱਲੋਂ ਖੇਡਿਆ ਦਾਅ ਉਸ ਵੇਲੇ ਪੁੱਠਾ ਪੈ ਗਿਆ ਜਦੋਂ ਮਾਨਯੋਗ ਹਾਈਕੋਰਟ ਨੇ ਪ੍ਰਧਾਨਗੀ ਦੀ ਕੁਰਸੀ ਲਈ ਫੈਸਲਾ ਗੁਰਜੀਤ ਸਿੰਘ ਰਾਮਨਵਾਸੀਆ ਦੇ ਹੱਕ ਵਿੱਚ ਕਰ ਦਿੱਤਾ। ਦੱਸ ਦੇਈਏ ਕਿ 17 ਅਕਤੂਬਰ 2023 ਨੂੰ ਸੱਤਾਧਿਰ ਵੱਲੋਂ ਕੌਂਸਲਰ ਰੁਪਿੰਦਰ ਸਿੰਘ ਬੰਟੀ ਨੂੰ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਗੁਰਜੀਤ ਸਿੰਘ ਰਾਮਨਵਾਸੀਆ ਨੇ ਹਾਈਕੋਰਟ ਪਟੀਸ਼ਨ ਦਾਇਰ ਕਰਕੇ ਬੰਟੀ ਨੂੰ ਪ੍ਰਧਾਨ ਚੁਣੇ ਜਾਣ ਦੀ ਪ੍ਰਕਿਰਿਆ ਨੂੰ ਨਿਯਮਾਂ ਦੇ ਉਲਟ ਅਤੇ ਧੱਕੇਸ਼ਾਹੀ ਦੱਸਿਆ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਨੇ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਨੂੰ ਵਿੱਤੀ ਬੇਨਿਯਮੀਆਂ ਦੇ ਦੋਸ਼ ਤਹਿਤ ਪ੍ਰਧਾਨਗੀ ਦੇ ਅਹੁਦੇ ਤੋਂ ਹਟਾ ਦਿੱਤਾ ਸੀ ਜਿਸ ਤੋਂ ਬਾਅਦ ਰੁਪਿੰਦਰ ਸਿੰਘ ਬੰਟੀ ਨੂੰ ਪ੍ਰਧਾਨ ਚੁਣਿਆ ਗਿਆ ਸੀ ਅਤੇ ਬੰਟੀ ਦੀ ਚੋਣ ਦੇ ਖ਼ਿਲਾਫ਼ ਹਾਈਕੋਰਟ ਨੇ ਗੁਰਜੀਤ ਸਿੰਘ ਦੀ ਪਟੀਸ਼ਨ ਸਵੀਕਾਰ ਕਰਦੇ ਹੋਏ ਬੰਟੀ ਦੀ ਚੋਣ ਪ੍ਰਕਿਰਿਆ ‘ਤੇ ਰੋਕ ਲਗਾ ਦਿੱਤੀ। ਮਾਨਯੋਗ ਹਾਈਕੋਰਟ ਵਿੱਚ ਕਈ ਮਹੀਨੇ ਦੀ ਸੁਣਵਾਈ ਤੋਂ ਬਾਅਦ ਹਾਈਕੋਰਟ ਨੇ ਗੁਰਜੀਤ ਸਿੰਘ ਰਾਮਨਵਾਸੀਆ ਦੀ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਫੈਸਲਾ ਰਾਮਨਵਾਸੀਆ ਦੇ ਹੱਕ ਵਿੱਚ ਦੇ ਦਿੱਤਾ ਤੇ ਬੰਟੀ ਦੀ ਚੋਣ ਪ੍ਰਕਿਰਿਆ ਨੂੰ ਰੱਦ ਕਰ ਦਿੱਤਾ। ਹਾਈਕੋਰਟ ਦੇ ਇਸ ਫੈਸਲੇ ਨਾਲ ਜਿੱਥੇ ਬਰਨਾਲਾ ਸ਼ਹਿਰ ਦੇ ਕਾਂਗਰਸੀ ਬਾਗ਼ੋਬਾਗ ਹਨ ਉਥੇ ਦੂਜੇ ਪਾਸੇ ਸੱਤਾਧਿਰ ਵਿੱਚ ਨਮੋਸ਼ੀ ਪਾਈ ਜਾ ਰਹੀ ਹੈ। ਹਾਈਕੋਰਟ ਵਿੱਚ ਜਿਵੇਂ ਹੀ ਮਾਨਯੋਗ ਜੱਜ ਨੇ ਫੈਸਲਾ ਕਾਂਗਰਸ ਦੇ ਹੱਕ ਵਿੱਚ ਦਿੱਤਾ ਤਾਂ ਚੰਡੀਗੜ੍ਹ ਤੋਂ ਬਰਨਾਲੇ ਤੱਕ ਮੋਬਾਈਲਾਂ ਦੀਆਂ ਘੰਟੀਆਂ ਤੁਰੰਤ ਖੜਕ ਗਈਆਂ ਅਤੇ ਬਰਨਾਲੇ ਦੇ ਕਾਂਗਰਸੀਆਂ ਨੇ ਢੋਲ ‘ਤੇ ਡੱਗਾ ਲਾਉਂਦੇ ਹੋਏ ਲੱਡੂਆਂ ਨਾਲ ਮੂੰਹ ਮਿੱਠਾ ਕਰਨਾ/ਕਰਵਾਉਣਾ ਸ਼ੁਰੂ ਕਰ ਦਿੱਤਾ। ਜ਼ਿਕਰਯੋਗ ਹੈ ਕਿ ਇਸ ਮਾਮਲੇ ਦੀ ਪਟੀਸ਼ਨ ਹਾਈਕੋਰਟ ਵਿੱਚ ਪੈਣ ਤੋਂ ਬਾਅਦ ਸ਼ੁਰੂ ਤੋਂ ਹੀ ਕਾਂਗਰਸੀਆਂ ਦੇ ਜਿੱਥੇ ਹੌਸਲੇ ਬੁਲੰਦ ਦੇਖੇ ਜਾ ਰਹੇ ਸਨ ਉੱਥੇ ਸੱਤਾਧਿਰ ਦਬਾਅ ਵਿੱਚ ਦੇਖੀ ਜਾ ਰਹੀ ਸੀ। ਸ਼ਾਇਦ ਸੱਤਾਧਿਰ ਨੂੰ ਇਸ ਗੱਲ ਦਾ ਇਲਮ ਹੋ ਚੁੱਕਾ ਸੀ ਕਿ ਉਹਨਾਂ ਨੇ ਪ੍ਰਧਾਨਗੀ ਦੀ ਕੁਰਸੀ ‘ਤੇ ਬੈਠਣ ਲਈ ਜਲਦਬਾਜ਼ੀ ਵਿੱਚ ਚੋਣ ਪ੍ਰਕਿਰਿਆ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਅੱਜ ਹਾਈਕੋਰਟ ਦਾ ਫੈਸਲਾ ਗੁਰਜੀਤ ਸਿੰਘ ਰਾਮਨਵਾਸੀਆ ਦੇ ਹੱਕ ਵਿੱਚ ਆਉਣ ਤੋਂ ਬਾਅਦ “ਕਿਤੇ ਖੁਸ਼ੀ ਕਿਤੇ ਗਮੀ” ਵਾਂਗ ‌ਜਿੱਥੇ ਗੁਰਜੀਤ ਸਿੰਘ ਰਾਮਨਵਾਸੀਆ ਦੀ ਵਿਹੜੇ ਢੋਲ ਵੱਜ ਰਿਹੈ,ਉੱਥੇ ਸੱਤਾਧਿਰ ਦੇ ਵਿਹੜੇ ਚੁੱਪ ਪਸਰੀ ਹੋਈ ਹੈ।

Gee98 Ads
error: Content is protected !!