Skip to main content

Gee 98News

ਵੈਸੇ ਤਾਂ ਸੂਬੇ ‘ਚ ਹਾਲਾਤ ਠੀਕ ਠਾਕ ਨੇ…ਬੱਸ ਇਹ ਨਿੱਕੀਆਂ ਮੋਟੀਆਂ ਘਟਨਾਵਾਂ ਤਾਂ ਵਾਪਰਦੀਆਂ ਰਹਿੰਦੀਆਂ ਨੇ…!

ਚੰਡੀਗੜ੍ਹ,19 ਸਤੰਬਰ, Gee98 news service
-ਇੱਕ ਪ੍ਰਾਈਵੇਟ ਬੈਂਕ ਵਿੱਚ 25 ਲੱਖ ਰੁਪਏ ਦੇ ਡਾਕੇ ਨੇ ਪੰਜਾਬ ‘ਚ ਅਮਨ ਕਾਨੂੰਨ ਦੀ ਸਥਿਤੀ ਸਬੰਧੀ ਸਰਕਾਰ ਦੇ ਦਾਅਵਿਆਂ ਦੀ ਪੋਲ੍ਹ ਖੋਲ ਦਿੱਤੀ ਹੈ। ਅੰਮ੍ਰਿਤਸਰ ਦੇ ਕਸਬਾ ਕੱਥੂਨੰਗਲ ਵਿੱਚ ਐਚਡੀਐਫਸੀ ਬੈਂਕ ਦੇ ਵਿੱਚੋਂ ਪੰਜ ਹਥਿਆਰਬੰਦ ਲੁਟੇਰਿਆਂ ਨੇ ਕੁਝ ਹੀ ਮਿੰਟਾਂ ‘ਚ 25 ਲੱਖ ਦੀ ਲੁੱਟ ਬੜੀ ਆਸਾਨੀ ਨਾਲ ਕੀਤੀ। ਲੁਟੇਰਿਆਂ ਨੇ ਬੈਂਕ ਅੰਦਰ ਵੜਦੇ ਦੀ ਸ਼ਟਰ ਸੁੱਟ ਲਿਆ ਅਤੇ ਬੈਂਕ ‘ਚ ਆਏ ਸਾਰੇ ਲੋਕਾਂ ਅਤੇ ਮੁਲਾਜ਼ਮਾਂ ਦੇ ਮੋਬਾਇਲ ਫੋਨ ਖੋਹ ਲਏ। ਇੱਕ ਹਥਿਆਰ ਬੰਦ ਲੁਟੇਰੇ ਨੇ ਮਹਿਲਾ ਕੈਸ਼ੀਅਰ ‘ਤੇ ਪਿਸਤੌਲ ਤਾਣ ਦਿੱਤੀ ਅਤੇ ਸਟਰਾਂਗ ਰੂਮ ਵਿੱਚ ਪਿਆ ਸਾਰਾ ਕੈਸ਼ ਲੁੱਟ ਲਿਆ। ਲੁਟੇਰਿਆਂ ਨੇ ਇਸ ਕਾਰਵਾਈ ਨੂੰ ਤਿੰਨ ਤੋਂ ਪੰਜ ਮਿੰਟ ਵਿੱਚ ਅੰਜਾਮ ਦਿੱਤਾ। ਲੁਟੇਰੇ ਜਾਂਦੇ ਹੋਏ ਬੈਂਕ ਕਰਮਚਾਰੀਆਂ ਦੇ ਲੈਪਟਾਪ ਅਤੇ ਡੀਵੀਆਰ ਵੀ ਲੈ ਗਏ। ਲੱਖਾਂ ਦੀ ਲੁੱਟ ਕਰਨ ਤੋਂ ਬਾਅਦ ਲੁਟੇਰੇ ਲੋਕਾਂ ਦੇ ਖੋਹੇ ਮੋਬਾਈਲ ਬਾਹਰ ਸੁੱਟ ਗਏ ਜਿਸ ਨਾਲ ਕਈ ਲੋਕਾਂ ਦੇ ਮੋਬਾਇਲ ਡੈਮੇਜ ਵੀ ਹੋ ਗਏ। ਬੈਂਕ ਅਧਿਕਾਰੀਆਂ ਨੇ ਲੁੱਟ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੇ ਅਧਾਰ ‘ਤੇ ਕਾਰਵਾਈ ਸ਼ੁਰੂ ਕੀਤੀ। ‌ ਭਾਵੇਂ ਕਿ ਪੁਲਿਸ ਆਪਣੇ ਦਾਅਵੇ ਅਨੁਸਾਰ ਲੁਟੇਰਿਆਂ ਨੂੰ ਗ੍ਰਿਫ਼ਤਾਰ ਤਾਂ ਕਰ ਲਵੇਗੀ ਪ੍ਰੰਤੂ ਅਜਿਹੀਆਂ ਲੁੱਟ ਦੀਆਂ ਵੱਡੀਆਂ ਘਟਨਾਵਾਂ ਆਮ ਲੋਕਾਂ ਦੇ ਮਨਾਂ ਵਿੱਚ ਦਹਿਸ਼ਤ ਪੈਦਾ ਕਰਦੀਆਂ ਹਨ। ਇਨ੍ਹਾਂ ਹਾਲਾਤਾਂ ਵਿੱਚ ‌ਕਾਰੋਬਾਰੀ ਲੋਕਾਂ ਦੇ ਮਨਾਂ ‘ਚ ਡਰ ਪੈਦਾ ਹੁੰਦਾ ਹੈ ਜਿਸ ਦਾ ਅਸਰ ਕਾਰੋਬਾਰ ‘ਤੇ ਵੀ ਪੈਂਦਾ ਹੈ। ਪੰਜਾਬ ਸਰਕਾਰ ਸੂਬੇ ‘ਚ ਨਿਵੇਸ਼ ਲਈ ਬਾਹਰ ਦੇ ਲੋਕਾਂ ਨੂੰ ਸੱਦਾ ਦੇ ਰਹੀ ਪਰ ਸੂਬੇ ‘ਚ ਹਾਲਾਤ ਨਿਵੇਸ਼ ਦੇ ਅਨੁਕੂਲ ਨਹੀਂ ਹਨ, ਜਿਸ ਕਰਕੇ ਵੱਡੇ ਕਾਰੋਬਾਰੀ ਪੰਜਾਬ ‘ਚ ਨਿਵੇਸ਼ ਕਰਨ ਸਬੰਧੀ ਸੌ ਵਾਰ ਸੋਚਣਗੇ। ਦੱਸ ਦੇਈਏ ਕਿ ਸੂਬੇ ਦਾ ਗ੍ਰਹਿ ਵਿਭਾਗ ਦੀ ਮੁੱਖ ਮੰਤਰੀ ਕੋਲ ਹੀ ਹੈ ਇਸ ਲਈ ਅਮਨ ਕਾਨੂੰਨ ਦੇ ਮਾੜੇ ਹਾਲਾਤਾਂ ਸਬੰਧੀ ਮੁੱਖ ਮੰਤਰੀ ਦਾ ਸਿੱਧੇ ਤੌਰ ‘ਤੇ ਨਿਸ਼ਾਨਾ ਬਣਨਾ ਸੁਭਾਵਿਕ ਹੀ ਹੈ।‌

error: Content is protected !!