Skip to main content

Gee 98News

ਨਗਰ ਕੌਂਸਲ ਦੇ ਪ੍ਰਧਾਨ ਦੇ ਕਾਨੂੰਨੀ ਨੋਟਿਸ ਤੋਂ ਬਾਅਦ ਆਜ਼ਾਦ ਕੌਂਸਲਰ ਨੇ ਦਿੱਤਾ ਤਿੱਖਾ ਜਵਾਬ…ਲਗਾਏ ਵੱਡੇ ਦੋਸ਼

ਬਰਨਾਲਾ,22 ਸਤੰਬਰ (ਨਿਰਮਲ ਸਿੰਘ ਪੰਡੋਰੀ)-
-ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਨਵਾਸੀਆ ਵੱਲੋਂ ਦੋ ਕੌਂਸਲਰਾਂ ਨੂੰ ਕੱਢੇ ਗਏ ਕਾਨੂੰਨੀ ਨੋਟਿਸ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ‌ਪ੍ਰਧਾਨ ਨੇ ਇਹ ਕਾਨੂੰਨੀ ਨੋਟਿਸ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਇੱਕ ਦਿਨ ਪਹਿਲਾਂ ਕੱਢੇ ਸਨ। ਦਰਅਸਲ ਕੌਂਸਲਰਾਂ ਦੀ ਅੰਕੜਿਆਂ ਦੀ ਖੇਡ ਵਿੱਚ ਪ੍ਰਧਾਨ ਸੱਤਾਧਿਰ ਤੋਂ ਕਿਸੇ ਵੀ ਤਰ੍ਹਾਂ ਪਿੱਛੇ ਨਹੀਂ ਰਹਿਣਾ ਚਾਹੁੰਦਾ ਸੀ, ਇਸ ਲਈ ਪ੍ਰਧਾਨ ਨੇ ਸੱਤਾਧਿਰ ਪੱਖੀ ਕੌਂਸਲਰਾਂ ਦੀ ਗਿਣਤੀ ਘਟਾਉਣ ਲਈ ਹਰ ਹਰਬਾ ਵਰਤਿਆ ਤੇ ਕੱਢੇ ਗਏ ਦੋਵੇਂ ਕਾਨੂੰਨੀ ਨੋਟਿਸ ਵੀ ਇਸੇ ਰਣਨੀਤੀ ਦਾ ਹਿੱਸਾ ਹਨ। ਪ੍ਰਧਾਨ ਗੁਰਜੀਤ ਸਿੰਘ ਨੇ ਕੌਂਸਲਰ ਸੁਖਵਿੰਦਰ ਕੌਰ ਅਤੇ ਕੌਂਸਲਰ ਜੁਗਰਾਜ ਸਿੰਘ ਪੰਡੋਰੀ ਦੇ ਖ਼ਿਲਾਫ਼ ਕਾਰਵਾਈ ਕਰਕੇ ਉਹਨਾਂ ਨੂੰ ਮੁਅੱਤਲ ਕਰਵਾਉਣ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਇੱਕ ਵਕੀਲ ਤੋਂ ਕਨੂੰਨੀ ਨੋਟਿਸ ਕਢਵਾਏ। ਭਾਵੇਂ ਕਿ ਹੁਣ ਬਦਲੇ ਹਾਲਾਤਾਂ ਅਨੁਸਾਰ ਇਹਨਾਂ ਨੋਟਿਸਾਂ ਉੱਪਰ ਪ੍ਰਧਾਨ ਵੱਲੋਂ ਸ਼ਾਇਦ ਕੋਈ ਕਾਰਵਾਈ ਨਾ ਕਰਵਾਈ ਜਾਵੇ ਪ੍ਰੰਤੂ ਇਹ ਨੋਟਿਸ ਮਿਲਣ ਤੋਂ ਬਾਅਦ ਆਜ਼ਾਦ ਕੌਂਸਲਰ ਜਗਰਾਜ ਸਿੰਘ ਪੰਡੋਰੀ ਨੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ। ਪ੍ਰਧਾਨ ਗੁਰਜੀਤ ਸਿੰਘ ਨੇ ਜਗਰਾਜ ਸਿੰਘ ਪੰਡੋਰੀ ਨੂੰ ਕਢਵਾਏ ਕਾਨੂੰਨੀ ਨੋਟਿਸ ਵਿੱਚ ਦੋਸ਼ ਲਗਾਏ ਹਨ ਕਿ ਕੌਂਸਲਰ ਪੰਡੋਰੀ ਨੇ ਪ੍ਰਧਾਨ ਦੀ ਕੁਰਸੀ ‘ਤੇ ਬੈਠ ਕੇ ਫੋਟੋਗ੍ਰਾਫਰਾਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕੀਤਾ। ਇਹਨਾਂ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਕੌਂਸਲਰ ਜੁਗਰਾਜ ਸਿੰਘ ਨੇ ਕਿਹਾ ਕਿ ਹਾਈਕੋਰਟ ਦੇ ਹੁਕਮਾਂ ਅਨੁਸਾਰ ਉਹਨਾਂ ਦਿਨਾਂ ਵਿੱਚ ਨਗਰ ਕੌਂਸਲ ਦਾ ਕੋਈ ਪ੍ਰਧਾਨ ਨਹੀਂ ਸੀ ਭਾਵ ਕਿ ਨਗਰ ਕੌਂਸਲ ਦੀ ਪ੍ਰਧਾਨਗੀ ਦੀ ਕੁਰਸੀ ਖਾਲੀ ਸੀ। ਇਸ ਲਈ ਨਗਰ ਕੌਂਸਲ ‘ਚ ਇੱਕ ਪਾਸੇ ਬਣੇ ਪ੍ਰਧਾਨ ਦੇ ਕਮਰੇ ‘ਚ ਪਈ ਵੱਡੀ ਕੁਰਸੀ ਅਤੇ ਹੋਰ ਕੁਰਸੀਆਂ ਮਹਿਜ਼ ਫਰਨੀਚਰ ਦਾ ਹੀ ਇੱਕ ਹਿੱਸਾ ਹਨ। ਕੌਂਸਲਰ ਪੰਡੋਰੀ ਨੇ ਕਿਹਾ ਕਿ ਸਮੁੱਚੇ ਕੌਂਸਲਰਾਂ ਦੇ ਹਾਊਸ ਦੀ ਮੀਟਿੰਗ ਦੌਰਾਨ ਬਿਨਾਂ ਪ੍ਰਧਾਨ ਤੋਂ ਜੇਕਰ ਕੋਈ ਪ੍ਰਧਾਨਗੀ ਦੀ ਕੁਰਸੀ ‘ਤੇ ਬੈਠੇ ਤਾਂ ਇਹ ਨਿਯਮਾਂ ਦੀ ਉਲੰਘਣਾ ਹੈ। ‌ ਕੌਂਸਲਰ ਪੰਡੋਰੀ ਨੇ ਪ੍ਰਧਾਨ ਦੇ ਦੋਸ਼ਾਂ ਦਾ ਵੀ ਖੰਡਨ ਕਰਦੇ ਹੋਏ ਕਿਹਾ ਕਿ ਉਹ ਪ੍ਰਧਾਨਗੀ ਦੀ ਕੁਰਸੀ ‘ਤੇ ਬੈਠੇ ਹੀ ਨਹੀਂ ਸਨ। ‌ ਕੌਂਸਲਰ ਪੰਡੋਰੀ ਨੇ ਕਿਹਾ ਕਿ ਉਹ ਪ੍ਰਧਾਨ ਦੀ ਕੁਰਸੀ ਦੇ ਨਾਲ ਖਾਲੀ ਪਈ ਕੁਰਸੀ ‘ਤੇ ਬੈਠੇ ਸਨ ਜਿਸ ਨੂੰ ਮੀਤ ਪ੍ਰਧਾਨ ਦੀ ਕੁਰਸੀ ਕਿਹਾ ਜਾਂਦਾ ਹੈ ਜਦ ਕਿ ਪਿਛਲੇ ਲੰਮੇ ਸਮੇਂ ਤੋਂ ਨਗਰ ਕੌਂਸਲ ਦਾ ਕੋਈ ਮੀਤ ਪ੍ਰਧਾਨ ਵੀ ਨਹੀਂ ਹੈ। ਕੌਂਸਲਰ ਪੰਡੋਰੀ ਨੇ ਕਿਹਾ ਕਿ ਉਹ ਕੁਝ ਵਿਅਕਤੀਆਂ ਨਾਲ ਗੱਲ ਕਰਨ ਲਈ ‌ ਪ੍ਰਧਾਨ ਦੇ ਕਮਰੇ ਵਿੱਚ ਕੁਝ ਸਮੇਂ ਲਈ ਬੈਠ ਗਏ।‌‌ਉਹਨਾਂ ਕਿਹਾ ਕਿ ਕਮਰੇ ਵਿੱਚ ਜ਼ਿਆਦਾ ਇਕੱਠ ਹੋ ਜਾਣ ਕਾਰਨ ਕੁਰਸੀਆਂ ਦੀ ਘਾਟ ਦੀ ਵਜ੍ਹਾ ਕਾਰਨ ਉਹ ਇੱਕ ਖਾਲੀ ਪਈ ਕੁਰਸੀ ਉੱਪਰ ਬੈਠ ਗਏ, ਉਸ ਵੇਲੇ ਕਮਰੇ ਵਿੱਚ ਪ੍ਰਧਾਨ ਹਾਜ਼ਰ ਨਹੀਂ ਸੀ। ਕੌਂਸਲਰ ਪੰਡੋਰੀ ਨੇ ਕਿਹਾ ਕਿ ਉਸ ਵੇਲੇ ਕਮਰੇ ਵਿੱਚ ਹਾਈਕੋਰਟ ਵੱਲੋਂ ਰੋਕੇ ਗਏ ਦੋਵੇਂ ਪ੍ਰਧਾਨ ਹੀ ਹਾਜ਼ਰ ਨਹੀਂ ਸਨ ਕਿਉਂਕਿ ਹਾਈਕੋਰਟ ਨੇ ਨਵੇਂ ਚੁਣੇ ਗਏ ਪ੍ਰਧਾਨ ਬੰਟੀ ਸ਼ੀਤਲ ਉੱਤੇ ਵੀ ਪ੍ਰਧਾਨਗੀ ਦੀ ਕੁਰਸੀ ‘ਤੇ ਬੈਠਣ ਤੋਂ ਰੋਕ ਲਗਾਈ ਹੋਈ ਸੀ ਅਤੇ ਗੁਰਜੀਤ ਸਿੰਘ ਨੂੰ ਵਿਭਾਗ ਵੱਲੋਂ ਪ੍ਰਧਾਨਗੀ ਤੋਂ ਹਟਾਇਆ ਹੋਇਆ ਸੀ। ਗੁਰਜੀਤ ਸਿੰਘ ਰਾਮਨਵਾਸੀਏ ਦੇ ਕਾਂਗਰਸ ਵਿੱਚ ਹੁੰਦੇ ਹੋਏ ਨਗਰ ਕੌਂਸਲ ਦੀ ਪ੍ਰਧਾਨਗੀ ਦੀ ਲੜਾਈ ਵਿੱਚ ਸੱਤਾਧਿਰ ਦਾ ਸਾਥ ਦੇਣ ਵਾਲੇ ਆਜ਼ਾਦ ਕੌਂਸਲਰ ਜਗਰਾਜ ਸਿੰਘ ਪੰਡੋਰੀ ਨੇ ਕਿਹਾ ਕਿ ਨਗਰ ਕੌਂਸਲ ਦੇ ਵਿੱਚ ਹੋਰ ਵੀ ਬਹੁਤ ਸਾਰੇ ਅਜਿਹੇ ਕਾਰਨਾਮੇ ਹੋ ਰਹੇ ਹਨ ਜੋ ਸਿੱਧੇ ਤੌਰ ‘ਤੇ ਨਿਯਮਾਂ ਦੀ ਉਲੰਘਣਾ ਹਨ, ਉਹ ਕਾਰਨਾਮੇ ਪਤਾ ਨਹੀਂ ਪ੍ਰਧਾਨ ਨੂੰ ਕਿਉਂ ਨਹੀਂ ਦਿਸ ਰਹੇ। ਉਹਨਾਂ ਕਿਹਾ ਕਿ ਪ੍ਰਧਾਨ ਦੀ ਹਾਜ਼ਰੀ ਵਿੱਚ ਮਹਿਲਾ ਕੌਂਸਲਰਾਂ ਦੇ ਪਤੀ ਮੀਟਿੰਗ ਵਿੱਚ ਹਾਜ਼ਰ ਹੁੰਦੇ ਹਨ। ‌ ਪ੍ਰਧਾਨ ਜਵਾਬ ਦੇਵੇ ਕਿ ਮਹਿਲਾ ਕੌਂਸਲਰਾਂ ਦੇ ਪ੍ਰਤੀ ਕਿਸ ਹੈਸੀਅਤ ਵਿੱਚ ਮੀਟਿੰਗ ਵਿੱਚ ਹਾਜ਼ਰ ਹੁੰਦੇ ਹਨ ਅਤੇ ਉਹ ਬਿਨਾਂ ਮੀਟਿੰਗ ਤੋਂ ਵੀ ਰੋਜ਼ਾਨਾ ਵਾਂਗ ਮਹਿਲਾ ਕੌਂਸਲਰਾਂ ਦੇ ਪਤੀ ਪ੍ਰਧਾਨ ਦੇ ਦਫਤਰ ਵਿੱਚ ਖਾਲੀ ਕੁਰਸੀਆਂ ‘ਤੇ ਬਿਨਾਂ ਕਿਸੇ ਕੰਮ ਤੋਂ ਸਾਰਾ ਦਿਨ ਬਿਰਾਜਮਾਨ ਹੁੰਦੇ ਰਹਿੰਦੇ ਹਨ। ‌ ਕੌਂਸਲਰ ਜਗਰਾਜ ਪੰਡੋਰੀ ਨੇ ਇੱਥੋਂ ਤੱਕ ਕਿਹਾ ਕਿ ਮਹਿਲਾ ਕੌਂਸਲਰਾਂ ਦੇ ਦਸਤਖ਼ਤ ਵੀ ਉਹਨਾਂ ਦੇ ਪਤੀਆਂ ਵੱਲੋਂ ਕੀਤੇ ਜਾਂਦੇ ਹਨ। ਉਨਾਂ ਦਾਅਵਾ ਕੀਤਾ ਕਿ ਪ੍ਰਧਾਨ ਗੁਰਜੀਤ ਸਿੰਘ ਵੱਲੋਂ ਪ੍ਰਧਾਨਗੀ ਦੀ ਲੜਾਈ ਦੇ ਦੌਰਾਨ ਕੀਤੀਆਂ ਕਾਰਵਾਈਆਂ ‘ਤੇ ਕਈ ਮਹਿਲਾ ਕੌਂਸਲਰਾਂ ਦੇ ਦਸਤਖ਼ਤਾਂ ਦੀ ਜੇਕਰ ਪੜਤਾਲ ਕਰਵਾਈ ਜਾਵੇ ਤਾਂ ਇਹ ਜਾਅਲੀ ਨਿਕਲੀ ਸਕਦੇ ਹਨ। ਉੰਝ ਭਾਵੇਂ ਪ੍ਰਧਾਨ ਔਲਖ ਵੱਲੋਂ ਦੋਵੇਂ ਕੌਂਸਲਰਾਂ ਨੂੰ ਕਢਵਾਏ ਕਾਨੂੰਨੀ ਨੋਟਿਸ ਵਾਪਸ ਲਏ ਜਾਣ ਦੀ ਸੰਭਾਵਨਾ ਹੈ ਕਿਉਂਕਿ ਨਗਰ ਕੌਂਸਲ ਦੀ ਪ੍ਰਧਾਨਗੀ ਦੀ ਕੁਰਸੀ ‘ਤੇ ਹਕੂਮਤ ਦੇ ਆਸ਼ੀਰਵਾਦ ਨਾਲ ਬੈਠਣ ਤੋਂ ਬਾਅਦ ਸਿਆਸੀ ਹਾਲਾਤ ਵੀ ਬਦਲ ਗਏ ਹਨ ਅਤੇ ਜਿਨਾਂ ਕੌਂਸਲਰਾਂ ਨੂੰ ਪ੍ਰਧਾਨ ਨੇ ਕਨੂੰਨੀ ਨੋਟਿਸ ਕਢਵਾਏ ਹਨ ਉਹ ਦੋਵੇਂ ਕੌਂਸਲਰ ਵੀ ‌ ਸੱਤਾਧਾਰੀ ਵਾਲੇ ਪੱਖ ਵਿੱਚ ਸ਼ਾਮਿਲ ਹਨ ਪ੍ਰੰਤੂ ਆਜ਼ਾਦ ਕੌਂਸਲਰ ਵੱਲੋਂ ਮਹਿਲਾ ਕੌਂਸਲਰਾਂ ਦੇ ਪਤੀਆਂ ਦੀ ਮੀਟਿੰਗ ਵਿੱਚ ਸ਼ਮੂਲੀਅਤ ਅਤੇ ਮਹਿਲਾ ਕੌਂਸਲਰਾਂ ਦੇ ਜਾਅਲੀ ਦਸਤਖ਼ਤਾਂ ਸਬੰਧੀ ਖੁਲਾਸੇ ਕਰਕੇ ਨਗਰ ਕੌਂਸਲ ਦੇ ਅੰਦਰ ਹੋ ਰਹੀ ਨਿਯਮਾਂ ਦੀ ਉਲੰਘਣਾ ਵੱਲ ਧਿਆਨ ਖਿੱਚਿਆ ਹੈ। ਭਾਵੇਂ ਕਿ ਪ੍ਰਧਾਨ ਦੀ ਹਕੂਮਤ ਨਾਲ ਪਈ ਤਾਜ਼ਾ-ਤਾਜ਼ਾ ਯਾਰੀ ਦੇ ਕਾਰਨ ਆਜ਼ਾਦ ਕੌਂਸਲਰ ਦੇ ਦੋਸ਼ਾਂ ਵੱਲ ਬਹੁਤਾ ਧਿਆਨ ਦੇਣ ਦੀ ਸੰਭਾਵਨਾ ਘੱਟ ਹੈ ਪਰੰਤੂ ਆਜ਼ਾਦ ਕੌਂਸਲਰ ਦੇ ਦੋਸ਼ “ਰਾਣੀ ਨੂੰ ਅੱਗਾ ਢਕਣ ਲਈ” ਕਹਿਣ ਦੀ ਜੁਰਅਤ ਵਾਲੇ ਹਨ। ‌ ਇਸ ਖ਼ਬਰ ਦੇ ਨਾਲ ਦਿੱਤੀ ਗਈ ਫੋਟੋ ਵਿੱਚ ਇਸ ਸਪੱਸ਼ਟ ਹੋ ਰਿਹਾ ਹੈ ਕਿ ਕੌਂਸਲਰ ਜਗਰਾਜ ਸਿੰਘ ਪੰਡੋਰੀ ਪ੍ਰਧਾਨ ਦੀ ਕੁਰਸੀ ਦੇ ਨਾਲ ਵਾਲੀ ਕੁਰਸੀ ‘ਤੇ ਬੈਠਾ ਹੈ ਜਦਕਿ ਫੋਟੋ ਵਿੱਚ ਪ੍ਰਧਾਨ ਦੀ ਕੁਰਸੀ ਖਾਲੀ ਪਈ ਨਜ਼ਰ ਆ ਰਹੀ ਹੈ।

error: Content is protected !!