ਚੰਡੀਗੜ੍ਹ,6 ਅਕਤੂਬਰ, Gee98 news service
-ਪੰਚਾਇਤੀ ਚੋਣਾਂ ਦੌਰਾਨ ਭਾਈਚਾਰਕ ਏਕਤਾ ਕਾਇਮ ਰੱਖਣ ਦਾ ਸੁਨੇਹਾ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਨੇ ਸਿਆਸੀ ਪਾਰਟੀਆਂ ਨੂੰ ਪੰਚਾਇਤੀ ਚੋਣਾਂ ਤੋਂ ਦੂਰ ਰਹਿਣ ਦੀ ਨਸੀਹਤ ਦਿੱਤੀ ਸੀ ਪ੍ਰੰਤੂ ਜਿਸ ਤਰ੍ਹਾਂ ਦੀ ਖੂਨੀ ਖੇਡ ਨਾਮਜ਼ਦਗੀਆਂ ਪੱਤਰ ਭਰਨ ਦੇ ਦੌਰਾਨ ਪੰਜਾਬ ਦੇ ਕਈ ਪਿੰਡਾਂ ‘ਚ ਸਾਹਮਣੇ ਆਈ ਉਸ ਤੋਂ ਲੱਗਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਨਸੀਹਤ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਆਗੂਆਂ ਨੇ ਹੀ ਅੱਖੋਂ ਪਰੋਖੇ ਕਰ ਦਿੱਤਾ ਹੈ। ਪੰਜਾਬ ਦੇ ਬਹੁਤੇ ਪਿੰਡਾਂ ਵਿੱਚ ਆਪ ਵਿਰੋਧੀ ਪਾਰਟੀ ਦੇ ਸਮਰਥਕਾਂ ਨੂੰ ਸਮੇਂ ਸਿਰ ਐਨਓਸੀ ਅਤੇ ਚੁੱਲ੍ਹਾ ਟੈਕਸ ਦੀਆਂ ਰਸੀਦਾਂ ਨਾ ਦੇ ਕੇ ਨਾਮਜ਼ਦਗੀ ਪੱਤਰ ਭਰਨ ਤੋਂ ਰੋਕਿਆ ਗਿਆ। ਇਸ ਤੋਂ ਇਲਾਵਾ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੌਰਾਨ ਵਿਰੋਧੀ ਪਾਰਟੀਆਂ ਦੇ ਸਮਰਥਕਾਂ ਦੇ ਨਾਮਜ਼ਦਗੀ ਪੱਤਰ ਰੱਦ ਕਰਨ ਦੀਆਂ ਖ਼ਬਰਾਂ ਵੀ ਹਨ। ਸੰਗਰੂਰ ਜ਼ਿਲ੍ਹੇ ਦੇ ਪਿੰਡ ਘਰਾਚੋ ਵਿੱਚ ਸਰਪੰਚੀ ਦੇ ਉਮੀਦਵਾਰ ਆਪ ਦੇ ਸਮਰਥਕ ਨੂੰ ਛੱਡ ਕੇ ਬਾਕੀ ਸਾਰਿਆਂ ਦੇ ਨਾਮਜਦਗੀ ਪੱਤਰ ਰੱਦ ਕਰ ਦਿੱਤੇ ਗਏ ਹਨ। ਪੰਜਾਬ ‘ਚ ਬਹੁਤੀਆਂ ਥਾਵਾਂ ‘ਤੇ ਗੋਲੀ ਚੱਲਣ ਦੀਆਂ ਖ਼ਬਰਾਂ ਵੀ ਆਈਆਂ ਹਨ। ਵਿਰੋਧੀ ਪਾਰਟੀਆਂ ਦੇ ਸਮਰਥਕਾਂ ਨੂੰ ਗੈਂਗਸਟਰਾਂ ਤੋਂ ਧਮਕੀਆਂ ਮਿਲ ਰਹੀਆਂ ਹਨ। ਜੇਕਰ ਸਮੁੱਚੇ ਪੰਜਾਬ ਦੀਆਂ ਰਿਪੋਰਟਾਂ ‘ਤੇ ਨਜ਼ਰ ਮਾਰੀ ਜਾਵੇ ਤਾਂ ਇਸ ਵਾਰ ਪੰਚਾਇਤ ਚੋਣਾਂ ਦੌਰਾਨ ਪਹਿਲਾਂ ਨਾਲੋਂ ਜ਼ਿਆਦਾ ਖੂਨੀ ਖੇਡ ਖੇਡੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੀਆਂ ਇਹ ਪਹਿਲੀਆਂ ਪੰਚਾਇਤੀ ਚੋਣਾਂ ਹਨ ਜਿਹੜੀਆਂ ਕਿ ਉਹ ਸੱਤਾ ‘ਤੇ ਕਾਬਜ਼ ਹੁੰਦੇ ਹੋਏ ਲੜ ਰਹੀ ਹੈ। ਪਾਰਟੀ ਵਿਧਾਇਕ ਆਪੋ ਆਪਣੇ ਹਲਕਿਆਂ ਵਿੱਚ ਕਿਸੇ ਵੀ ਸੂਰਤ ਵਿੱਚ ਆਪਣੇ ਸਰਪੰਚ ਬਣਾਉਣਾ ਚਾਹੁੰਦੇ ਹਨ। ਇੱਕ ਪਾਸੇ ਆਪ ਸਰਕਾਰ ਨੇ ਪੰਚਾਇਤੀ ਸੋਧ ਐਕਟ ਪਾਸ ਕੀਤਾ ਜਿਸ ਤਹਿਤ ਪੰਚਾਇਤੀ ਚੋਣਾਂ ਸਿਆਸੀ ਪਾਰਟੀਆਂ ਦੇ ਚੋਣ ਨਿਸ਼ਾਨਾਂ ‘ਤੇ ਨਹੀਂ ਲੜੀਆਂ ਜਾ ਸਕਦੀਆਂ ਅਤੇ ਸਿਆਸੀ ਪਾਰਟੀਆਂ ਦਾ ਨਾਮ ਨਹੀਂ ਵਰਤਿਆ ਜਾ ਸਕਦਾ ਪ੍ਰੰਤੂ ਦੂਜੇ ਪਾਸੇ ਆਪ ਵਿਧਾਇਕਾਂ ਵੱਲੋਂ ਪਿੰਡਾਂ ਵਿੱਚ ਜਾ ਕੇ ਆਪਣੇ ਸਰਪੰਚ ਉਮੀਦਵਾਰ ਖੜੇ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਮੁੱਖ ਮੰਤਰੀ ਵੱਲੋਂ ਸਰਬ ਸੰਮਤੀ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਪ੍ਰੰਤੂ ਆਪ ਵਿਧਾਇਕਾਂ ਵੱਲੋਂ ਆਪਣੇ ਹੀ ਮੁੱਖ ਮੰਤਰੀ ਦੀਆਂ ਗੱਲਾਂ ਨੂੰ ਅੱਖੋ ਪਰੋਖੇ ਕਰਕੇ ਵੱਧ ਤੋਂ ਵੱਧ ਆਪਣੇ ਉਮੀਦਵਾਰ ਜਿਤਾਉਣ ਲਈ ਹਰ ਹੀਲਾ ਵਸੀਲਾ ਵਰਤਿਆ ਜਾ ਰਿਹਾ ਹੈ। ਆਪ ਵਿਧਾਇਕਾਂ ਦੀਆਂ ਇਹਨਾਂ ਵਧੀਕੀਆਂ ਦੇ ਕਾਰਨ ਪਿੰਡਾਂ ‘ਚ ਧੜੇਬੰਦੀ ਸਿਖਰਾਂ ‘ਤੇ ਪੁੱਜੀ ਹੋਈ ਹੈ ਜਿਹੜੀ ਕਿ ਮੁੱਖ ਮੰਤਰੀ ਦੀਆਂ ਅਪੀਲਾਂ ਦਾ ਮੂੰਹ ਚਿੜਾ ਰਹੀ ਹੈ।










