ਚੰਡੀਗੜ੍ਹ,9 ਅਕਤੂਬਰ, Gee98 news service
-ਵਿਦੇਸ਼ ਜਾ ਕੇ ਵਸਣ ਅਤੇ ਕੰਮ ਕਾਰ ਕਰਨ ਵਾਲਿਆਂ ਲਈ ਇਹ ਚੰਗੀ ਖਬਰ ਹੈ। ਦੁਬਈ ਨੇ ਆਪਣੇ ਖੇਤਰ ਵਿੱਚ ਚੰਗਾ ਕੰਮ ਕਰਨ ਵਾਲੇ ਲੋਕਾਂ ਲਈ ਗੋਲਡਨ ਵੀਜ਼ਾ ਦਾ ਐਲਾਨ ਕੀਤਾ ਹੈ। Knowledge and Human Development Authority (KHDA) ਵੱਲੋਂ ਐਲਾਨ ਕੀਤਾ ਗਿਆ ਹੈ ਕਿ ਨਿੱਜੀ ਖੇਤਰ ਦੀ ਸਿੱਖਿਆ ‘ਚ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਅਧਿਆਪਕਾਂ ਨੂੰ ਗੋਲਡਨ ਵੀਜ਼ੇ ਦੀ ਸਹੂਲਤ ਦਿੱਤੀ ਜਾਵੇਗੀ। ਦੁਬਈ ਸਰਕਾਰ ਨੇ 15 ਅਕਤੂਬਰ ਤੋਂ ਅਧਿਆਪਕਾਂ ਨੂੰ ਗੋਲਡਨ ਵੀਜ਼ਾ ਲਈ ਅਰਜ਼ੀ ਦੇਣ ਦੀ ਇਜਾਜ਼ਤ ਦਿੱਤੀ ਹੈ। ਇਹ ਕਦਮ ਉਨ੍ਹਾਂ ਯੋਗ ਅਧਿਆਪਕਾਂ ਲਈ ਹੈ, ਜਿਨ੍ਹਾਂ ਨੇ ਸਿੱਖਿਆ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਇਸ ਵੀਜ਼ੇ ਦੀ ਮਿਆਦ 10 ਸਾਲ ਤੱਕ ਹੈ ਅਤੇ ਇਹ ਵੀਜ਼ਾ ਦੁਬਈ ਵਿੱਚ ਰਹਿਣ, ਕੰਮ ਕਰਨ ਅਤੇ ਪਰਿਵਾਰ ਨਾਲ ਸੁਤੰਤਰ ਜੀਵਨ ਜਿਊਣ ਦੀ ਇਜਾਜ਼ਤ ਦਿੰਦਾ ਹੈ। ਦੁਬਈ ਵੱਲੋਂ ਆਪਣੀ ਗੋਲਡਨ ਵੀਜ਼ਾ ਸਕੀਮ ਤਹਿਤ ਕਿਸੇ ਵੀ ਚਾਈਲਡਹੁੱਡ ਸੈਂਟਰ, ਪ੍ਰਾਈਵੇਟ ਸਕੂਲ ਜਾਂ ਅੰਤਰਰਾਸ਼ਟਰੀ ਉੱਚ ਸਿੱਖਿਆ ਸੰਸਥਾਨ ਵਿੱਚ ਕੰਮ ਕਰਨ ਵਾਲੇ ਸਿੱਖਿਅਕਾਂ ਨੂੰ ਲੰਬੇ ਸਮੇਂ ਦੇ ਨਿਵਾਸ ਵੀਜ਼ੇ ਦੀ ਸਹੂਲਤ ਆਸਾਨੀ ਨਾਲ ਦਿੱਤੀ ਜਾਵੇਗੀ। ਇਸ ਵੀਜ਼ੇ ਲਈ ਸਕੂਲ ਪ੍ਰਿੰਸੀਪਲ ਅਤੇ ਆਗੂ, ਅਰਲੀ ਚਾਈਲਡਹੁੱਡ ਸੈਂਟਰ ਦੇ ਪ੍ਰਬੰਧਕ ਅਤੇ ਅਧਿਆਪਕ ਅਪਲਾਈ ਕਰ ਸਕਦੇ ਹਨ। ਯੋਗਤਾ ਦੀ ਗੱਲ ਕਰੀਏ ਤਾਂ ਬਿਨੈਕਾਰ ਕੋਲ ਐਡਵਾਂਸ ਡਿਗਰੀ ਜਾਂ ਸਬੰਧਤ ਉੱਚ ਯੋਗਤਾ ਹੋਣੀ ਚਾਹੀਦੀ ਹੈ। ਇਸ ਵੀਜ਼ੇ ਲਈ ਅਰਜ਼ੀ ਦੀ ਪ੍ਰਕਿਰਿਆ 15 ਅਕਤੂਬਰ ਤੋਂ ਸ਼ੁਰੂ ਕੀਤੀ ਜਾਵੇਗੀ। ਦੱਸ ਦਈਏ ਕਿ ਗੋਲਡਨ ਵੀਜ਼ਾ ਸਕੀਮ ਤਹਿਤ 10-ਸਾਲ ਦਾ ਰਿਹਾਇਸ਼ੀ ਪਰਮਿਟ ਮਿਲਦਾ ਹੈ। ਇਸ ਤੋਂ ਇਲਾਵਾ ਵੀਜ਼ਾ ਧਾਰਕ ਆਪਣੇ ਪਰਿਵਾਰ ਨੂੰ ਵੀ ਨਾਲ ਲਿਜਾ ਸਕਦਾ ਹੈ। ਬਿਨਾਂ ਕਿਸੇ ਰਾਸ਼ਟਰੀ ਸਪਾਂਸਰ ਦੇ ਨੌਕਰੀ ਜਾਂ ਕਾਰੋਬਾਰ ਕੀਤਾ ਜਾ ਸਕਦਾ ਹੈ।ਵਪਾਰ ਅਤੇ ਨਿਵੇਸ਼ ਦੇ ਮੌਕਿਆਂ ਲਈ ਬਹੁਤ ਸਾਰੀਆਂ ਰਿਆਇਤਾਂ ਵੀ ਉਪਲਬਧ ਹਨ। ਯੋਗ ਅਧਿਆਪਕ ਦੁਬਈ ਸਰਕਾਰ ਦੀ ਵੈੱਬਸਾਈਟ ਜਾਂ ਸਬੰਧਤ ਵਿਭਾਗਾਂ ਰਾਹੀਂ ਅਪਲਾਈ ਕਰ ਸਕਦੇ ਹਨ। -ਵੀਜ਼ਾ ਅਪਲਾਈ ਕਰਦੇ ਸਮੇਂ ਅਧਿਆਪਕਾਂ ਨੂੰ ਆਪਣੀ ਵਿਦਿਅਕ ਯੋਗਤਾ, ਤਜਰਬਾ ਅਤੇ ਹੋਰ ਲੋੜੀਂਦੇ ਦਸਤਾਵੇਜ਼ ਜਮ੍ਹਾ ਕਰਵਾਉਣੇ ਹੋਣਗੇ। -ਇਸ ਪਹਿਲਕਦਮੀ ਦਾ ਉਦੇਸ਼ ਅਧਿਆਪਕਾਂ ਦੇ ਯੋਗਦਾਨ ਦੀ ਸ਼ਲਾਘਾ ਕਰਨਾ ਅਤੇ ਸਿੱਖਿਆ ਖੇਤਰ ਨੂੰ ਹੋਰ ਮਜ਼ਬੂਤ ਕਰਨਾ ਹੈ।










