ਚੰਡੀਗੜ੍ਹ, 28 ਅਕਤੂਬਰ, Gee98 News service
-ਸਰਕਾਰੀ ਰਾਜਿੰਦਰਾ ਮੈਡੀਕਲ ਕਾਲਜ ਅਤੇ ਹਸਪਤਾਲ ਪਟਿਆਲਾ ਵਿੱਚ ਬੀਤੀ ਸ਼ਾਮ 24 ਸਾਲ ਦੀ ਔਰਤ ਦੇ ਜਣੇਪੇ ਨਾਲ ਸੰਬੰਧਿਤ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕੋਟੜਾ ਲਹਿਲ ਦੀ ਵਸਨੀਕ ਇੱਕ ਔਰਤ ਨੇ ਬੀਤੀ ਸ਼ਾਮ ਰਜਿੰਦਰਾ ਹਸਪਤਾਲ ਵਿੱਚ ਤਿੰਨ ਪੁੱਤਰਾਂ ਨੂੰ ਇਕੱਠੇ ਹੀ ਜਨਮ ਦਿੱਤਾ, ਪ੍ਰੰਤੂ ਪਰਿਵਾਰ ਦੀਆਂ ਇਹ ਖੁਸ਼ੀਆਂ ਬਹੁਤਾ ਸਮਾਂ ਕਾਇਮ ਨਾ ਰਹਿ ਸਕੀਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਕੋਟਲਾ ਲਹਿਲ ਦੇ ਪੰਚ ਅਮਨਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਚਚੇਰੇ ਭਰਾ ਹਸਪ੍ਰੀਤ ਸਿੰਘ ਦੀ ਪਤਨੀ ਮਨਦੀਪ ਕੌਰ ਨੂੰ ਜਣੇਪੇ ਤੋਂ ਪਹਿਲਾਂ 26 ਅਕਤੂਬਰ ਨੂੰ ਸਾਹ ਲੈਣ ਦੀ ਤਕਲੀਫ ਹੋਈ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਕੱਲ੍ਹ ਦੇਰ ਸ਼ਾਮ ਡਾਕਟਰਾਂ ਨੇ ਉਸ ਦੇ ਪੇਟ ਦਾ ਓਪਰੇਸ਼ਨ ਕਰਕੇ ਤਿੰਨ ਪੁੱਤਰਾਂ ਨੂੰ ਜਨਮ ਦਿਵਾਇਆ ਜਿਨਾਂ ਵਿੱਚੋਂ ਦੋ ਪੁੱਤਰ ਮ੍ਰਿਤਕ ਪਾਏ ਗਏ ਅਤੇ ਤੀਜੇ ਪੁੱਤਰ ਨੇ ਵੀ ਜਨਮ ਤੋਂ ਕੁਝ ਸਮੇਂ ਬਾਅਦ ਦਮ ਤੋੜ ਦਿੱਤਾ। ਇਸ ਤੋਂ ਵੀ ਦੁਖਦਾਈ ਗੱਲ ਇਹ ਹੋਈ ਕਿ ਪੁੱਤਰਾਂ ਦੀ ਮੌਤ ਤੋਂ ਕਰੀਬ ਛੇ ਘੰਟੇ ਬਾਅਦ ਮਨਦੀਪ ਕੌਰ ਨੇ ਵੀ ਦਮ ਤੋੜ ਦਿੱਤਾ। ਇਸ ਦੁਖਦਾਈ ਘਟਨਾ ਤੋਂ ਬਾਅਦ ਪੂਰੇ ਪਿੰਡ ਕੋਟਲਾ ਲਹਿਲ ਵਿੱਚ ਸੋਗ ਦਾ ਮਾਹੌਲ ਹੈ।
ਫੋਟੋ ਕੈਪਸ਼ਨ…ਮ੍ਰਿਤਕਾ ਦੀ ਪੁਰਾਣੀ ਤਸਵੀਰ