Gee 98News

ਇਉਂ ਲੱਗਦੈ ਕਿ…2014 ਤੇ 19 ਦੀਆਂ ਲੋਕ ਸਭਾ ਚੋਣਾਂ ਵਾਲਾ ਭਗਵੰਤ ਮਾਨ ਕਿਧਰੇ ਗਵਾਚ ਗਿਆ….!

ਚੰਡੀਗੜ੍ਹ, 3 ਨਵੰਬਰ, Gee98 news service
-ਪੰਜਾਬ ਦੀਆਂ ਸੱਤਾ ਵਿਰੋਧੀ ਪਾਰਟੀਆਂ ਵੱਲੋਂ ਅਕਸਰ ਇਹ ਦੋਸ਼ ਲਗਾਏ ਜਾਂਦੇ ਹਨ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਦਿੱਲੀ ਤੋਂ ਹੀ ਚੱਲ ਰਹੀ ਹੈ ਭਾਵ ਕਿ ਆਮ ਆਦਮੀ ਪਾਰਟੀ ਦੀ ਕੌਮੀ ਲੀਡਰਸ਼ਿਪ ਨੇ ਪੰਜਾਬ ਸਰਕਾਰ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਰੱਖਿਆ ਹੋਇਆ ਹੈ। ਵਿਰੋਧੀ ਪਾਰਟੀਆਂ ਦੇ ਇਹ ਦੋਸ਼ ਸੱਚੇ ਸਾਬਤ ਹੁੰਦੇ ਜਾ ਰਹੇ ਹਨ ਕਿਉਂਕਿ ਪਿਛਲੇ ਦਿਨੀ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਜਨਰਲ ਸਕੱਤਰ ਸੰਦੀਪ ਪਾਠਕ ਨੇ ਪੰਜਾਬ ਦੇ ਮੰਤਰੀਆਂ, ਵਿਧਾਇਕਾਂ ਅਤੇ ਆਈਏਐਸ/ਆਈਪੀਐਸ ਅਫਸਰਾਂ ਸਮੇਤ ਹੋਰ ਉੱਚ ਅਧਿਕਾਰੀਆਂ ਨੂੰ ਦਿੱਲੀ ਬੁਲਾ ਕੇ ਮੀਟਿੰਗਾਂ ਕੀਤੀਆਂ ਅਤੇ ਪੰਜਾਬ ਦੇ ਉਨਾਂ ਸ਼ਹਿਰਾਂ ਵਿੱਚ ਵਿਕਾਸ ਕੰਮਾਂ ਸਬੰਧੀ ਫੀਡਬੈਕ ਲਈ ਜਿੱਥੇ ਨਗਰ ਨਿਗਮਾਂ, ਨਗਰ ਕੌਂਸਲਾਂ, ਨਗਰ ਪੰਚਾਇਤਾਂ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਉੱਚ ਅਧਿਕਾਰੀਆਂ ਨੂੰ ਦਿੱਲੀ ਬੁਲਾ ਕੇ ਕੀਤੀਆਂ ਮੀਟਿੰਗਾਂ ਦਾ ਮਾਮਲਾ ਇੱਕ ਵਾਰੀ ਫੇਰ ਵਿਰੋਧੀਆਂ ਦੇ ਨਿਸ਼ਾਨੇ ‘ਤੇ ਹੈ ਕਿ ਆਖਰ ਕਿਸ ਹੈਸੀਅਤ ਵਿੱਚ ਅਰਵਿੰਦ ਕੇਜਰੀਵਾਲ ਪੰਜਾਬ ਦੇ ਉਚ ਅਧਿਕਾਰੀਆਂ ਨੂੰ ਚੰਡੀਗੜ੍ਹ ਤੋਂ ਦਿੱਲੀ ਬੁਲਾ ਕੇ ਪੰਜਾਬ ਦੇ ਵੱਡੇ ਵਿਕਾਸ ਪ੍ਰੋਜੈਕਟਾਂ ਤੇ ਹੋਰ ਮੁੱਦਿਆਂ ਸਬੰਧੀ ਮੀਟਿੰਗ ਕਰ ਰਹੇ ਹਨ। ਇਨਾਂ ਮੀਟਿੰਗਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਬਕਾਇਦਾ ਹਾਜ਼ਰ ਹੁੰਦੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਨਹੀਂ ਸਗੋਂ ਉਹ ਇੱਕ ਰਬੜ ਦੀ ਮੋਹਰ ਹਨ ਜਦੋਂ ਪੰਜਾਬ ਦੇ ਅਧਿਕਾਰੀ ਵੱਡੇ ਪ੍ਰੋਜੈਕਟਾਂ ਦੇ ਕਾਗਜ ਪੱਤਰ ਲੈ ਕੇ ਦਿੱਲੀ ਜਾਂਦੇ ਹਨ ਤਾਂ ਅਰਵਿੰਦ ਕੇਜਰੀਵਾਲ ਇਹ ਮੋਹਰ ਪ੍ਰੋਜੈਕਟਾਂ ‘ਤੇ ਲਗਾ ਦਿੰਦੇ ਹਨ। ਮਜੀਠੀਆ ਦੀ ਇਹ ਟਿੱਪਣੀ ਬਹੁਅਰਥੀ ਹੈ ਅਤੇ ਇਸ ਟਿੱਪਣੀ ਦਾ ਜਵਾਬ ਸ਼ਾਇਦ ਹੀ ਆਮ ਆਦਮੀ ਪਾਰਟੀ ਦਾ ਕੋਈ ਆਗੂ ਦੇਵੇ ਕਿਉਂਕਿ ਇਹ ਸੱਚਾਈ ਸਾਹਮਣੇ ਆਉਂਦੀ ਜਾ ਰਹੀ ਹੈ ਕਿ ਪੰਜਾਬ ਦੇ ਵੱਡੇ ਵਿਕਾਸ ਪ੍ਰੋਜੈਕਟਾਂ ਨੂੰ ਅੰਤਿਮ ਰੂਪ ਰੇਖਾ ਦਿੱਲੀ ਵਿਖੇ ਹੀ ਦਿੱਤੀ ਜਾਂਦੀ ਹੈ। ਹੁਣ ਤਾਂ ਇਹ ਗੱਲ ਵੀ ਸਾਹਮਣੇ ਆ ਗਈ ਹੈ ਕਿ ਪੰਜਾਬ ਦੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਐਸਐਸਪੀਜ਼ ਸਮੇਤ ਪੰਜਾਬ ਪੁਲਿਸ ਦੇ ਉਚ ਅਧਿਕਾਰੀਆਂ ਅਤੇ ਸਿਵਲ ਸਕੱਤਰੇਤ ਵਿੱਚ ਉੱਚ ਅਧਿਕਾਰੀਆਂ ਦੇ ਤਬਾਦਲਿਆਂ ਦੀ ਸੂਚੀ ਵੀ ਦਿੱਲੀ ਤੋਂ ਹੀ ਪੰਜਾਬ ਪੁੱਜਦੀ ਹੈ ਅਤੇ ਇਹ ਸੂਚੀ ਚੰਡੀਗੜ੍ਹ ਤੋਂ ਜਾਰੀ ਕਰ ਦਿੱਤੀ ਜਾਂਦੀ ਹੈ। ਇਹ ਹੈਰਾਨੀਜਨਕ ਹੈ ਕਿ ਪੰਜਾਬ ‘ਚ ਕਿਸੇ ਅਧਿਕਾਰੀ ਦੇ ਹੋਣ ਬਾਰੇ ਤਬਾਦਲੇ ਬਾਰੇ ਮੰਤਰੀ ਨੂੰ ਵੀ ਜਾਣਕਾਰੀ ਨਹੀਂ ਹੁੰਦੀ।‌ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸ ਵੱਲੋਂ ਆਪਣੇ ਹਲਕੇ ਦੇ ਇੱਕ ਮੈਡੀਕਲ ਅਫਸਰ ਵੀ ਬਦਲੀ ਨੂੰ ਰੁਕਵਾਉਣ ਸਬੰਧੀ ਮੁੱਖ ਮੰਤਰੀ ਨੂੰ ਲਿਖਿਆ ਪੱਤਰ ਚਰਚਾ ਵਿੱਚ ਹੈ, ਜੋ ਸਪੱਸ਼ਟ ਕਰਦਾ ਹੈ ਕਿ ਮੰਤਰੀ ਨੂੰ ਵੀ ਹਲਕੇ ‘ਚ ਕਿਸੇ ਅਫ਼ਸਰ ਦੀ ਬਦਲੀ ਹੋਣ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਭਗਵੰਤ ਮਾਨ ਵੱਲੋਂ ਅਕਸਰ ਆਪਣੀਆਂ ਸਟੇਜਾਂ ‘ਤੇ ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂਆਂ ਨੂੰ ਨਿਸ਼ਾਨੇ ‘ਤੇ ਲਿਆ ਜਾਂਦਾ ਹੈ ਪਰੰਤੂ ਜਦੋਂ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ, ਸੁਖਪਾਲ ਸਿੰਘ ਖਹਿਰਾ, ਰਾਜਾ ਵੜਿੰਗ ਵਰਗੇ ਜਦੋਂ ਇਹ ਇਲਜ਼ਾਮ ਲਾਉਂਦੇ ਹਨ ਕਿ ਭਗਵੰਤ ਮਾਨ ਸਿਰਫ਼ ਨਾਮ ਦੇ ਹੀ ਮੁੱਖ ਮੰਤਰੀ ਹਨ ਤਾਂ ਭਗਵੰਤ ਮਾਨ ਵੱਲ ਇਹਨਾਂ ਦੋਸ਼ਾਂ ਸਬੰਧੀ ਚੁੱਪ ਵੱਟੀ ਜਾਂਦੀ ਹੈ। ਬਹਰਹਾਲ ! ਇਹ ਗੱਲ ਪੂਰੀ ਤਰ੍ਹਾਂ ਸਪੱਸ਼ਟ ਹੁੰਦੀ ਜਾ ਰਹੀ ਹੈ ਕਿ ਪੰਜਾਬ ਸਰਕਾਰ ਦਾ ਕੰਟਰੋਲ ਆਮ ਆਦਮੀ ਪਾਰਟੀ ਦੀ ਕੌਮੀ ਲੀਡਰਸ਼ਿਪ ਕੋਲ ਹੀ ਹੈ। ‌ ਇਨਾਂ ਹਾਲਾਤਾਂ ਦਾ ਪੰਜਾਬ ਦੇ ਵਿਕਾਸ ਪ੍ਰੋਜੈਕਟਾਂ ਜਾਂ ਹੋਰ ਮੁੱਦਿਆਂ ‘ਤੇ ਕੋਈ ਅਸਰ ਪਵੇਗਾ ਨਾ ਪਵੇ ਪਰੰਤੂ ਭਗਵੰਤ ਮਾਨ ਦੀ ਸਿਆਸੀ ਕਾਰਜਕੁਸ਼ਲਤਾ ਜ਼ਰੂਰ ਪ੍ਰਭਾਵਿਤ ਹੋ ਰਹੀ ਹੈ, ਦੂਜੇ ਸ਼ਬਦਾਂ ਵਿੱਚ ਇੰਝ ਵੀ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ 2014 ਤੇ 2019 ਦੀਆਂ ਲੋਕ ਸਭਾ ਚੋਣਾਂ ਵਾਲਾ ਭਗਵੰਤ ਮਾਨ ਕਿਧਰੇ ਗਵਾਚਿਆ ਹੋਇਆ ਨਜ਼ਰ ਆ ਰਿਹਾ ਹੈ। ‌

error: Content is protected !!