Gee 98News

ਸਨਾਤਨੀ ਕੰਮਾਂ ‘ਚ ਅੜਿੱਕੇ ਪਾਉਣ ਵਾਲਿਆਂ ਨੂੰ ਹੁਣ ਆਰਐਸਐਸ ਡਾਂਗਾਂ ਨਾਲ ਸਿੱਧੇ ਕਰੇਗੀ-ਮੋਹਨ ਭਾਗਵਤ

ਚੰਡੀਗੜ੍ਹ, 8 ਨਵੰਬਰ, Gee98 news service
-ਸਨਾਤਨ ਅਤੇ ਸੰਤਾਂ ਦੇ ਕੰਮਾਂ ਵਿੱਚ ਅੜਿੱਕੇ ਪਾਉਣ ਵਾਲਿਆਂ ਨੂੰ ਰਾਸ਼ਟਰੀ ਸਵੈਮ ਸੇਵਕ ਸੰਘ ਨੇ ਵੱਡੀ ਚੇਤਾਵਨੀ ਦਿੱਤੀ ਹੈ। ਸੰਘ ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਸਨਾਤਨ ਅਤੇ ਸੰਤਾਂ ਦੇ ਕੰਮਾਂ ‘ਚ ਆਉਣ ਵਾਲੇ ਅੜਿੱਕਿਆਂ ਨੂੰ ਸੰਘ ਦੇ ਸਵੈਮ ਸੇਵਕ ਡਾਂਗਾਂ ਲੈ ਕੇ ਦੂਰ ਕਰਨਗੇ। ਇਹ ਪਹਿਲੀ ਵਾਰ ਨਹੀਂ ਹੈ ਕਿ ਸੰਘ ਵੱਲੋਂ ਕੋਈ ਇਸ ਤਰ੍ਹਾਂ ਦਾ ਵੱਡਾ ਬਿਆਨ ਆਇਆ ਹੋਵੇ ਇਸ ਤੋਂ ਪਹਿਲਾਂ ਵੀ ਸੰਘ ਦੇ ਆਗੂਆਂ ਵੱਲੋਂ ਇਸ ਤਰ੍ਹਾਂ ਦੇ ਬਿਆਨ ਸਾਹਮਣੇ ਆਉਂਦੇ ਰਹਿੰਦੇ ਹਨ ਪ੍ਰੰਤੂ ਸਿੱਧੇ ਤੌਰ ‘ਤੇ ਡਾਂਗਾਂ ਨਾਲ ਸਿੱਧੇ ਕਰਨ ਵਾਲਾ ਸੰਘ ਦੇ ਮੁਖੀ ਦਾ ਇਹ ਬਿਆਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਯੂਪੀ ‘ਚ ਇੱਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਕੁਝ ਲੋਕ ਉਭਰਦੇ ਭਾਰਤ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਅੱਜ ਦਾ ਭਾਰਤ ਹੈ ਅਤੇ ਇਹ ਹਰੇਕ ਚੁਣੌਤੀ ਤੋਂ ਪਾਰ ਪਾ ਕੇ ਅੱਗੇ ਵੱਧਦਾ ਰਹੇਗਾ। ਉਹਨਾਂ ਕਿਹਾ ਕਿ ਸੰਘ ਦੇ ਸਵੈਮ ਸੇਵਕ ਸਨਾਤਨ ਤੇ ਸੰਤਾਂ ਦੇ ਕੰਮ ‘ਚ ਆਉਣ ਵਾਲੇ ਸਾਰੇ ਅੜਿੱਕਿਆਂ ਨੂੰ ਹੁਣ ਡਾਂਗਾਂ ਰਾਹੀਂ ਦੂਰ ਕਰਨਗੇ। ਦੇਸ਼ ਦੇ ਮੌਜੂਦਾ ਹਾਲਾਤਾਂ ਬਾਰੇ ਟਿੱਪਣੀ ਕਰਦਿਆਂ ਭਾਗਵਤ ਨੇ ਦੇਸ਼ ਵਿਰੋਧੀ ਤਾਕਤਾਂ ਦੀ ਅਲੋਚਨਾ ਕੀਤੀ ਅਤੇ ਕਿਹਾ ਕਿ ਭਾਰਤ ਸਖਤ ਮਿਹਨਤ ਰਾਹੀਂ ਬਣਾਇਆ ਗਿਆ ਹੈ। ਉਹਨਾਂ ਕਿਹਾ ਕਿ ਇਸ ਵੇਲੇ ਦੁਨੀਆਂ ਭਰ ਵਿੱਚ ਚੱਲ ਰਹੇ ਸੰਘਰਸ਼ਾਂ ਵਿਚਾਲੇ ਧਾਰਮਿਕਤਾ ਪ੍ਰਬਲ ਹੋਵੇਗੀ। ਸੰਘ ਮੁਖੀ ਨੇ ਹਰੇਕ ਹਿੰਦੂ ਨੂੰ ਰਮਾਇਣ ਤੇ ਮਹਾਂਭਾਰਤ ਤੋਂ ਪ੍ਰੇਰਨਾ ਲੈਣ ਅਤੇ ਰਾਸ਼ਟਰ ਨਿਰਮਾਣ ਵਿੱਚ ਆਪੋ ਆਪਣਾ ਯੋਗਦਾਨ ਪਾਉਣ ਦੀ ਅਪੀਲ ਵੀ ਕੀਤੀ। ਭਾਗਵਤ ਨੇ ਕਿਹਾ ਕਿ ਵੱਖ-ਵੱਖ ਤਾਕਤਾਂ ਨੇ ਅਯੁੱਧਿਆ ਵਿੱਚ ਰਾਮ ਮੰਦਿਰ ਨਿਰਮਾਣ ‘ਚ ਅੜਿੱਕੇ ਡਾਹਣ ਦੀ ਕੋਸ਼ਿਸ਼ ਕੀਤੀ ਪਰ ਅਖੀਰ ਬ੍ਰਹਮ ਸ਼ਕਤੀ ਦੀ ਜਿੱਤ ਹੋਈ। ਉਹਨਾਂ ਕਿਹਾ ਕਿ 550 ਸਾਲਾਂ ਬਾਅਦ ਆਖਿਰਕਾਰ ਸੱਚ ਤੇ ਧਾਰਮਿਕਤਾ ਦੀ ਜਿੱਤ ਹੋਈ। ‌

error: Content is protected !!