Gee 98News

ਪੰਜਾਬ ‘ਚ ਨਸ਼ਾ ਬਹੁਤ ਵਿਕਦੈ…ਕੇਜਰੀਵਾਲ ਨੇ ਆਪਣੀ ਹੀ ਸਰਕਾਰ ਦੇ ਦਾਅਵਿਆਂ ਦੀ ਕੱਢੀ ਫੂਕ

ਚੰਡੀਗੜ੍ਹ, 9 ਨਵੰਬਰ, Gee98 news service
-ਪੰਜਾਬ ‘ਚ ਨਸ਼ੇ ਦੀ ਸਮੱਸਿਆ ਬਾਰੇ ਸੂਬੇ ਦੇ ਮੁੱਖ ਮੰਤਰੀ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਕਿ ਸੂਬੇ ਚੋਂ ਨਸ਼ਾ ਖਤਮ ਕਰ ਦਿੱਤਾ ਗਿਆ ਤੇ ਨਸ਼ਾ ਤਸਕਰਾਂ ਨੂੰ ਜੇਲ੍ਹਾਂ ਵਿੱਚ ਸੁੱਟ ਦਿੱਤਾ ਗਿਆ ਹੈ ਪ੍ਰੰਤੂ ਬੀਤੇ ਕੱਲ੍ਹ ਸੂਬੇ ਦੇ ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ‘ਚ ਬਤੌਰ ਮੁੱਖ ਮਹਿਮਾਨ ਪੁੱਜੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ‘ਚੋਂ ਨਸ਼ੇ ਦੇ ਖਾਤਮੇ ਸਬੰਧੀ ਮੁੱਖ ਮੰਤਰੀ ਸਮੇਤ “ਆਪ” ਦੇ ਸੂਬਾ ਆਗੂਆਂ ਦੇ ਦਾਅਵਿਆਂ ਦੀ ਹਵਾ ਕੱਢ ਦਿੱਤੀ ਹੈ। ਅਰਵਿੰਦ ਕੇਜਰੀਵਾਲ ਨੇ 10 ਹਜ਼ਾਰ ਤੋਂ ਵਧੇਰੇ ਇਕੱਠ ਨੂੰ ਸੰਬੋਧਨ ਕਰਦਿਆਂ ਮੰਨਿਆ ਕਿ ਪੰਜਾਬ ‘ਚ ਨਸ਼ਾ ਬਹੁਤ ਵਿਕ ਰਿਹਾ ਹੈ। ਅਰਵਿੰਦ ਕੇਜਰੀਵਾਲ ਨੇ ਨਸ਼ੇ ‘ਤੇ ਰੋਕ ਲਗਾਉਣ ਲਈ ਸਰਪੰਚਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿਚ ਬਹੁਤ ਨਸ਼ਾ ਹੈ। ਨਸ਼ਾ ਕਿੱਥੇ ਵਿਕਦਾ ਹੈ, ਇਸ ਬਾਰੇ ਪਿੰਡ ਦੇ ਲੋਕਾਂ ਨੂੰ ਪਤਾ ਹੁੰਦਾ ਹੈ। ਉਨ੍ਹਾਂ ਸਰਪੰਚਾਂ ਨੂੰ ਨਸ਼ਾ ਰੋਕਣ ਲਈ ਅੱਗੇ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਪੁਲਿਸ ਨਸ਼ੇ ਖ਼ਿਲਾਫ਼ ਕਾਰਵਾਈ ਨਹੀਂ ਕਰਦੀ ਤਾਂ ਇਸ ਸਬੰਧੀ ਉਨ੍ਹਾਂ (ਕੇਜਰੀਵਾਲ) ਨੂੰ ਜਾਣਕਾਰੀ ਦੇਣ ਤਾਂ ਜੋ ਬਣਦੀ ਕਾਰਵਾਈ ਕੀਤੀ ਜਾ ਸਕੇ। ਜਦੋਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੇਕਰ ਪੁਲਿਸ ਨਸ਼ਾ ਤਸਕਰਾਂ ਦੇ ਖ਼ਿਲਾਫ਼ ਕਾਰਵਾਈ ਨਹੀਂ ਕਰਤੀ ਤਾਂ ਉਹਨਾਂ (ਕੇਜਰੀਵਾਲ) ਨੂੰ ਦੱਸਿਆ ਜਾਵੇ ਤਾਂ ਪੰਡਾਲ ਵਿੱਚ ਘੁਸਰ ਮੁਸਰ ਵੀ ਹੋਈ, ਕਿਉਂਕਿ ਕੇਜਰੀਵਾਲ ਦੇ ਇਸ ਬਿਆਨ ਦਾ ਸਿੱਧਾ ਭਾਵ ਇਹ ਵੀ ਲਿਆ ਜਾ ਸਕਦਾ ਹੈ ਕਿ ਪੰਜਾਬ ਸਰਕਾਰ ਨਸ਼ਾ ਖਤਮ ਕਰਨ ‘ਚ ਫੇਲ੍ਹ ਸਾਬਤ ਹੋਈ ਹੈ। ਪੰਜਾਬ ‘ਚ ਨਸ਼ੇ ਦੀ ਸਮੱਸਿਆ ਨੇ ਵਿਕਰਾਲ ਰੂਪ ਧਾਰਨ ਕੀਤਾ ਹੋਇਆ ਹੈ। ਸਰਕਾਰੀ ਤੌਰ ‘ਤੇ ਅੰਕੜੇ ਭਾਵੇਂ ਥੋੜੇ ਹਨ ਪ੍ਰੰਤੂ ਪਿਛਲੇ ਕੁਝ ਸਾਲਾਂ ਤੋਂ ਹਜ਼ਾਰਾਂ ਦੀ ਗਿਣਤੀ ‘ਚ ਨੌਜਵਾਨ ਨਸ਼ਾ ਰੂਪੀ ਦੈਂਤ ਨੇ ਖਾ ਲਏ ਇਸ ਤੋਂ ਇਲਾਵਾ ਪੀੜ੍ਹਤ ਪਰਿਵਾਰਾਂ ਦੀ ਕਰੋੜਾਂ ਅਰਬਾਂ ਦੀ ਜਾਇਦਾਦ ਨਸ਼ੇ ਦੇ ਦਰਿਆ ਵਿੱਚ ਰੁੜ ਗਈ। ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਵੱਲੋਂ ਪੰਜਾਬ ‘ਚ ਨਸ਼ੇ ਦੀ ਸਮੱਸਿਆ ਲਈ ਰਵਾਇਤੀ ਪਾਰਟੀਆਂ ਦੇ ਕਾਰਜਕਾਲ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਸੂਬੇ ਚੋਂ ਨਸ਼ਾ ਪੂਰੀ ਤਰ੍ਹਾਂ ਖਤਮ ਕਰਨ ਦਾ ਮੁੱਖ ਵਾਅਦਾ ਕੀਤਾ ਗਿਆ ਸੀ ਪ੍ਰੰਤੂ 30 ਮਹੀਨੇ ਬੀਤਣ ਦੇ ਬਾਵਜੂਦ ਵੀ ਸਰਕਾਰ ਨਸ਼ਾ ਖਤਮ ਕਰਨ ਸਬੰਧੀ ਠੋਸ ਕਦਮ ਨਹੀਂ ਚੁੱਕ ਸਕੀ ਅਤੇ ਹੁਣ ਖੁਦ ਪਾਰਟੀ ਸੁਪਰੀਮੋ ਨੇ ਵੀ ਇਹ ਮੰਨ ਲਿਆ ਹੈ।

error: Content is protected !!