Gee 98News

ਮਜ਼ਦੂਰਾਂ ਦੇ ਵਿਹੜਿਆਂ ਵਿੱਚ ਚੰਨੀ ਦੀਆਂ ਮੀਟਿੰਗਾਂ ‘ਚ ਭਰਵੇਂ ਇਕੱਠਾਂ ਨਾਲ ਸੱਤਾਧਾਰੀ ਖ਼ੇਮੇ ‘ਚ ਚਿੰਤਾ ਦੀ ਲਹਿਰ

ਬਰਨਾਲਾ,11 ਨਵੰਬਰ (ਨਿਰਮਲ ਸਿੰਘ ਪੰਡੋਰੀ)-
-ਵਿਧਾਨ ਸਭਾ ਹਲਕਾ ਬਰਨਾਲਾ ਦੀ ਜ਼ਿਮਨੀ ਚੋਣ ਦਾ ਮਾਹੌਲ ਭਖ ਚੁੱਕਿਆ ਹੈ, ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦੇ ਹੱਕ ਵਿੱਚ ਵੱਡੇ ਆਗੂਆਂ ਨੇ ਵੋਟਰਾਂ ਦੇ ਦਰਵਾਜ਼ੇ ‘ਤੇ ਅਲਖ ਜਗਾ ਦਿੱਤੀ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਹੱਕ ਵਿੱਚ ਦੋ ਰੋਜ਼ਾ ਚੋਣ ਦੌਰੇ ‘ਤੇ ਬਰਨਾਲਾ ਵਿਖੇ ਪੁੱਜੇ ਹੋਏ ਹਨ। ਸਾਬਕਾ ਮੁੱਖ ਮੰਤਰੀ ਚੰਨੀ ਦੀਆਂ ਚੋਣ ਮੀਟਿੰਗਾਂ ਵਿੱਚ ਹੋ ਰਹੇ ਇਕੱਠਾਂ ਨੇ ਸੱਤਾਧਾਰੀ ਪਾਰਟੀ ‘ਚ ਚਿੰਤਾ ਦੀ ਲਹਿਰ ਜਰੂਰ ਪੈਦਾ ਕੀਤੀ ਹੋਵੇਗੀ। ਚੰਨੀ ਵੱਲੋਂ ਆਪਣੀਆਂ ਚੋਣ ਮੀਟਿੰਗਾਂ ਵਿੱਚ ਸੰਬੋਧਨ ਦੌਰਾਨ ਪੰਜਾਬ ਦੇ ਦਲਿਤ ਵਰਗ ਦੇ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਉਭਾਰਿਆ ਜਾ ਰਿਹਾ ਹੈ ਅਤੇ ਦਲਿਤ ਵਰਗ ਦੀਆਂ ਇਹਨਾਂ ਸਮੱਸਿਆਵਾਂ ਪ੍ਰਤੀ ਮੌਜੂਦਾ ਆਪ ਸਰਕਾਰ ਦੇ ਨਜ਼ਰੀਏ ‘ਤੇ ਤਿੱਖੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ।‌ ਆਰਥਿਕ ਤੌਰ ‘ਤੇ ਪਿਛਲੇ ਵਰਗ ਦੀਆਂ ਸਮੱਸਿਆਵਾਂ ‘ਤੇ ਚੰਨੀ ਦੀਆਂ ਟਿੱਪਣੀਆਂ ਤੋਂ ਬਾਅਦ ਇਕੱਠ ਵਿੱਚ ਲੱਗ ਰਹੇ ਨਾਅਰਿਆਂ ਦੀ ਗੂੰਜ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਹ ਯਾਦ ਦਿਵਾਈ ਹੋਵੇਗੀ ਕਿ ਢਾਈ ਕੁ ਸਾਲਾਂ ਦੇ ਕਾਰਜਕਾਲ ਦੌਰਾਨ ਮਜ਼ਦੂਰ ਵਰਗ ਨਾਲ ਬਹੁਤ ਸਾਰੀਆਂ ਅਜਿਹੀਆਂ ਸਮੱਸਿਆਵਾਂ ਹਨ ਜਿੰਨਾਂ ‘ਤੇ ਆਮ ਆਦਮੀ ਪਾਰਟੀ ਨੇ ਕੰਮ ਨਹੀਂ ਕੀਤਾ ਅਤੇ ਹੁਣ ਜਦੋਂ ਕਿ ਚੋਣ ਮੀਟਿੰਗਾਂ ਵਿੱਚ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਇਹਨਾਂ ਸਮੱਸਿਆਵਾਂ ਨੂੰ ਜ਼ੋਰ ਸ਼ੋਰ ਨਾਲ ਉਭਾਰਿਆ ਜਾ ਰਿਹਾ ਹੈ ਤਾਂ ਮਜ਼ਦੂਰ ਵਰਗ ਦੀ ਅਣਖ ਜਾਗਦੀ ਦਿਖਾਈ ਦੇ ਰਹੀ ਹੈ। ਜ਼ਿਕਰਯੋਗ ਹੈ ਕਿ ਬਰਨਾਲਾ ਸ਼ਹਿਰ ਵਿੱਚ 10 ਨਵੰਬਰ ਨੂੰ ਮੁੱਖ ਮੰਤਰੀ ਸਾਬਕਾ ਮੁੱਖ ਮੰਤਰੀ ਚੰਨੀ ਵੱਲੋਂ ਕੀਤੀਆਂ ਦੇਰ ਰਾਤ ਤੱਕ ਕੀਤੀਆਂ ਚੋਣ ਮੀਟਿੰਗਾਂ ਲਈ ਲੋਕਾਂ ਨੇ ਚੰਨੀ ਦੀ ਚਾਰ ਘੰਟੇ ਤੋਂ ਵੱਧ ਸਮੇਂ ਲਈ ਵੀ ਉਡੀਕ ਕੀਤੀ। ਆਪਣੀਆਂ ਚੋਣ ਮੀਟਿੰਗਾਂ ਵਿੱਚ ਚੰਨੀ ਨੇ ਆਮ ਆਦਮੀ ਪਾਰਟੀ ਵੱਲੋਂ ਸੂਬੇ ‘ਚ ਦਲਿਤ ਵਰਗ ਦਾ ਉਪ ਮੁੱਖ ਮੰਤਰੀ ਬਣਾਉਣ ਦਾ ਮੁੱਦਾ ਮੁੱਖ ਤੌਰ ‘ਤੇ ਉਭਾਰਿਆ ਜਿਸ ਦਾ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ। ਜਿਸ ਤਰੀਕੇ ਨਾਲ ਸਾਬਕਾ ਮੁੱਖ ਮੰਤਰੀ ਚੰਨੀ ਵੱਲੋਂ ਆਪ ਸਰਕਾਰ ਦੇ ਦਲਿਤਾਂ ਅਤੇ ਪਿਛੜੇ ਵਰਗਾਂ ਦੀਆਂ ਸਮੱਸਿਆਵਾਂ ਦੇ ਹੱਲ ਪ੍ਰਤੀ ਲਾਪਰਵਾਹੀ ਨੂੰ ਭਾਵੁਕ ਲਹਿਜ਼ੇ ਵਿੱਚ ਉਭਾਰ ਕੇ ਮਜ਼ਦੂਰ ਵਰਗ ਦੇ ਦਰਦ ਨੂੰ ਜਗਾਇਆ ਜਾ ਰਿਹਾ ਹੈ, ਜੇਕਰ ਇਹ ਦਰਦ 20 ਨਵੰਬਰ ਤੱਕ ਜਾਗਦਾ ਰਿਹਾ ਤਾਂ ਮਜ਼ਦੂਰ ਵਰਗ ਦੇ ਇਸ ਦਰਦ ਦੀਆਂ ਚੀਸਾਂ ‘ਆਪ’ ਸਰਕਾਰ ਨੂੰ ਪਰੇਸ਼ਾਨ ਕਰ ਸਕਦੀਆਂ ਹਨ।

error: Content is protected !!