Skip to main content

Gee 98News

ਜ਼ਿਮਨੀ ਚੋਣ ਜਿੱਤਣ ਲਈ ਅਕਾਲੀ ਦਲ (ਅ) ਦਾ ਪੈਂਤੜਾ…ਜਿਨਾਂ ਨੂੰ ਬੇਅਦਬੀ ਦੇ ਦੋਸ਼ੀ ਅਤੇ ਨਸ਼ੇ ਦੇ ਸੌਦਾਗਰ ਕਹਿੰਦੇ ਸੀ, ਉਹਨਾਂ ਨਾਲ ਹੀ ਹੱਥ ਮਿਲਾਇਆ

ਬਰਨਾਲਾ,19 ਨਵੰਬਰ (ਨਿਰਮਲ ਸਿੰਘ ਪੰਡੋਰੀ)-
-ਸੱਤਾ ਪ੍ਰਾਪਤੀ ਲਈ ਕਿਵੇਂ ਸਿਆਸੀ ਪਾਰਟੀਆਂ ਤੇ ਸਿਆਸੀ ਲੋਕ ਆਪਣੇ ਸਿਧਾਂਤਾਂ ਤੋਂ ਭੜਕ ਜਾਂਦੇ ਹਨ ਇਸ ਦੀ ਇਸ ਪ੍ਰਤੱਖ ਮਿਸਾਲ ਬਰਨਾਲਾ ਜ਼ਿਮਨੀ ਚੋਣ ਦੌਰਾਨ ਸਾਹਮਣੇ ਆ ਰਹੀ ਹੈ। ਚੋਣ ਪ੍ਰਚਾਰ ਦੇ ਅਖੀਰਲੇ ਦਿਨ ਜੋ ਸਮੀਕਰਨ ਸਾਹਮਣੇ ਆਏ ਉਸ ਨੇ ਰਾਜਨੀਤੀ ‘ਚ ਦਿਲਚਸਪੀ ਰੱਖਣ ਵਾਲੇ ਹਰੇਕ ਵਿਅਕਤੀ ਨੂੰ ਹੈਰਾਨ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਥਾਨਕ ਆਗੂਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਗੋਵਿੰਦ ਸਿੰਘ ਸੰਧੂ ਨੂੰ ਦਿੱਤੀ ਹਮਾਇਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਭਾਵੇਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਆਪਣੀ ਹਮਾਇਤ ਦਾ ਖੁੱਲ ਕੇ ਇਜ਼ਹਾਰ ਨਹੀਂ ਕੀਤਾ ਪ੍ਰੰਤੂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਗੋਵਿੰਦ ਸਿੰਘ ਸੰਧੂ ਦੇ ਦਫਤਰ ਵੱਲੋਂ ਜਾਰੀ ਪ੍ਰੈਸ ਨੂੰ ਨੋਟ ਵਿੱਚ ਅਕਾਲੀ ਦਲ ਦੀ ਹਮਾਇਤ ਦਾ ਦਾਅਵਾ ਕੀਤਾ ਗਿਆ ਹੈ। ਬੀਤੇ ਕੱਲ੍ਹ ਬਰਨਾਲਾ ਦੇ ਗੁਰਦੁਆਰਾ ਸਿੰਘ ਸਭਾ ‘ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕਰਵਾਏ ਇੱਕ ਸਮਾਗਮ ‘ਚ ਅਕਾਲੀ ਦਲ ਦੇ ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਖਾਲਸਾ, ਸੀਨੀਅਰ ਅਕਾਲੀ ਆਗੂ ਸੰਜੀਵ ਸ਼ੋਰੀ, ਯਾਦਵਿੰਦਰ ਬਿੱਟੂ ਸਮੇਤ ਕੁਝ ਹੋਰ ਆਗੂ ਆਏ ਤਾਂ ਜ਼ਰੂਰ ਪਰ ਕੁਝ ਪਲਾਂ ਦੀ ਹਾਜ਼ਰੀ ਲਗਵਾ ਕੇ ਵਾਪਸ ਚਲੇ ਗਏ,ਉਕਤ ਆਗੂ ਮੀਡੀਆ ਨਾਲ ਇਹ ਗੱਲਬਾਤ ਕਰਨ ਤੋਂ ਬਚਦੇ ਬਚਦੇ ਅੱਖ ਜਿਹੀ ਬਚਾ ਕੇ ਗੁਰੂ ਘਰ ਤੋਂ ਬਾਹਰ ਚਲੇ ਗਏ। ਇਹਨਾਂ ਆਗੂਆਂ ਦੇ ਜਾਣ ਤੋਂ ਬਾਅਦ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਇਕੱਲੇ ਆਏ ਅਤੇ ਕੁਝ ਮਿੰਟਾਂ ਵਿੱਚ ਹੀ ਮੱਥਾ ਟੇਕ ਕੇ ਵਾਪਸ ਚਲੇ ਗਏ। ਚਰਚਾ ਹੈ ਕਿ ਸਥਾਨਕ ਅਕਾਲੀ ਆਗੂ ਕਿਸੇ ਵੀ ਪਾਰਟੀ ਨੂੰ ਹਮਾਇਤ ਦੇਣ ਦੇ ਮੁੱਦੇ ‘ਤੇ ਆਪਣੇ ਵਰਕਰਾਂ ਨੂੰ ਖੁੱਲੇ ਛੱਡਣਾ ਚਾਹੁੰਦੇ ਸਨ ਪਰੰਤੂ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਗੋਵਿੰਦ ਸਿੰਘ ਸੰਧੂ ਨੂੰ ਦਿੱਤੀ ਹਮਾਇਤ ਦੇ ਕਾਰਨ ਸਥਾਨਕ ਅਕਾਲੀ ਆਗੂਆਂ ਨੂੰ ਸੰਧੂ ਦੇ ਸਮਾਗਮ ‘ਚ ਸ਼ਮੂਲੀਅਤ ਕਰਨੀ ਪਈ। ਇੱਥੇ ਇਹ ਵੀ ਦੱਸ ਦੇਈਏ ਕਿ ਇਸ ਸਮਾਗਮ ਤੋਂ ਇੱਕ ਸ਼ਾਮ ਪਹਿਲਾਂ ਬਿਕਰਮ ਸਿੰਘ ਮਜੀਠੀਆ ਤੇ ਗੋਵਿੰਦ ਸੰਧੂ ਦੀ ਹੰਡਿਆਇਆ ਰੋਡ ਦੇ ਇੱਕ ਹੋਟਲ ‘ਤੇ ਮੁਲਾਕਾਤ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪਾਠਕਾਂ ਨੂੰ ਧਿਆਨ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਵੱਲੋਂ ਬਾਦਲ ਪਰਿਵਾਰ ਦੇ ਨਾਲ ਨਾਲ ਬਿਕਰਮ ਸਿੰਘ ਮਜੀਠੀਆ ਨੂੰ ਵੀ ਪਾਣੀ ਪੀ ਪੀ ਕੇ ਕੋਸਿਆ ਜਾਂਦਾ ਰਿਹਾ ਹੈ ਅਤੇ ਹੁਣ ਜ਼ਿਮਨੀ ਚੋਣ ਜਿੱਤਣ ਲਈ ਉਸੇ ਮਜੀਠੀਆ ਨਾਲ ਮੀਡੀਆ ਦੇ ਕੈਮਰਿਆਂ ਦੀ ਅੱਖ ਤੋਂ ਬਚਾ ਕੇ ਕੀਤੀ ਮੁਲਾਕਾਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸਿਆਸੀ ਮਾਹਿਰ ਗੋਵਿੰਦ ਸਿੰਘ ਸੰਧੂ ਦੀ ਮਜੀਠੀਆ ਨਾਲ ਕੀਤੀ ਇਸ ਮੁਲਾਕਾਤ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਧਾਂਤਾਂ ਤੋਂ ਐਨ ਉਲਟ ਅਤੇ ਕੋਹਾਂ ਦੂਰ ਮੰਨ ਰਹੇ ਹਨ, ਇਹ ਉਹੀ ਸਿਧਾਂਤ ਹਨ ਜਿਨਾਂ ‘ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਮਾਂਡਰ ਸਿਮਰਨਜੀਤ ਸਿੰਘ ਮਾਨ ਕਈ ਵਰ੍ਹਿਆਂ ਤੋਂ ਡੱਟ ਕੇ ਖੜੇ ਹਨ। ਦੱਸ ਦੇਈਏ ਕਿ ਗੋਵਿੰਦ ਸਿੰਘ ਸੰਧੂ ਦੀ ਉਮਰ ਅਜੇ 27 ਕੁ ਵਰ੍ਹਿਆਂ ਦੀ ਹੈ ਅਤੇ ਨਿੱਕੀ ਉਮਰੇ ਵੱਡੀ ਕੁਰਸੀ ਪ੍ਰਾਪਤ ਕਰਨ ਦੀ ਤੜਫ ਨੇ ਸੰਧੂ ਨੂੰ ਆਪਣੇ ਸਿਆਸੀ ਵਿਰੋਧੀ ਨਾਲ ਹਨੇਰੇ ‘ਚ ਮੁਲਾਕਾਤ ਕਰਨ ਲਈ ਕਿਉਂ ਮਜਬੂਰ ਕੀਤਾ ਇਹ ਸਮਝ ਤੋਂ ਪਰ੍ਹੇ ਹੈ। ਇਹੀ ਉਹ ਬਿਕਰਮ ਸਿੰਘ ਮਜੀਠੀਆ ਹੈ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਤੇ ਵਰਕਰਾਂ ਵੱਲੋਂ ਸੋਸ਼ਲ ਮੀਡੀਆ ‘ਤੇ ਪੰਜਾਬ ‘ਚ ਚੱਲ ਰਹੇ ਨਸ਼ੇ ਦੇ ਦਰਿਆ ਲਈ ਮੁੱਖ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ, ਇਹ ਵੀ ਹੈਰਾਨੀ ਦੀ ਗੱਲ ਹੈ ਕਿ ਗੋਵਿੰਦ ਸਿੰਘ ਸੰਧੂ ਨੇ ਆਪਣੀ ਚੋਣ ਮੁਹਿੰਮ ਦੌਰਾਨ ਨਸ਼ੇ ਨੂੰ ਹੀ ਮੁੱਖ ਮੁੱਦਾ ਬਣਾਇਆ ਹੋਇਆ ਹੈ। ਅਜਿਹੇ ਹਾਲਾਤਾਂ ‘ਚ ਬਿਕਰਮ ਸਿੰਘ ਮਜੀਠੀਆ ਨਾਲ ਗਵਿੰਦ ਸਿੰਘ ਸੰਧੂ ਦੀ ਮੁਲਾਕਾਤ ‘ਤੇ ਸਵਾਲ ਤਾਂ ਉੱਠਣਗੇ ਹੀ ਹਨ। ਇੱਥੇ ਇਹ ਵੀ ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਕਾਂਡ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਜ਼ਿੰਮੇਵਾਰ ਮੰਨਦੇ ਹੋਏ ਹੁਣ ਤੱਕ ਵੀ ਬਾਦਲ ਪਰਿਵਾਰ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਪ੍ਰੰਤੂ ਹੁਣ ਜ਼ਿਮਨੀ ਚੋਣ ‘ਚ ਜਿੱਤ ਪ੍ਰਾਪਤ ਕਰਨ ਲਈ ਅਕਾਲੀ ਦਲ ਦੀ ਹਮਾਇਤ ਲੈਣ ਲਈ ਕੀ ਅਕਾਲੀ ਦਲ ਅੰਮ੍ਰਿਤਸਰ ਨੇ ਬਾਦਲ ਪਰਿਵਾਰ ਨੂੰ ਬੇਅਦਬੀ ਦੇ ਦੋਸ਼ ਤੋਂ ਮੁਕਤ ਕਰ ਦਿੱਤਾ ਹੈ, ਜੇ ਨਹੀਂ ਕੀਤਾ ਤਾਂ ਬਿਕਰਮ ਮਜੀਠੀਆ ਨਾਲ ਹਨੇਰੇ ‘ਚ ਕੀਤੀ ਮੁਲਾਕਾਤ ਦੇ ਕੀ ਮਾਇਨੇ ਹਨ ? ਇੱਥੇ ਇਹ ਵੀ ਧਿਆਨ ਰਹੇ ਕਿ ਮਜੀਠੀਆ ਤੇ ਗੋਵਿੰਦ ਸੰਧੂ ਦੀ ਮੁਲਾਕਾਤ ਕੋਈ ਸ਼ਿਸ਼ਟਾਚਾਰ ਦੇ ਨਾਤੇ ਕੀਤੀ ਮੁਲਾਕਾਤ ਨਹੀਂ ਸੀ ਕਿਉਂਕਿ ਇਸ ਮੁਲਾਕਾਤ ਦੌਰਾਨ ਬਰਨਾਲਾ ਜ਼ਿਮਨੀ ਚੋਣ ‘ਤੇ ਹੀ ਚਰਚਾ ਹੋਈ ਹੈ। ਬਹਰਹਾਲ ! ਇਹ ਦੇਖਣ ਯੋਗ ਹੋਵੇਗਾ ਕਿ ਕੀ ਮਜੀਠੀਆ ਦੇ ਦਬਾਅ ਪਾਉਣ ‘ਤੇ ਗੋਵਿੰਦ ਸੰਧੂ ਦੇ ਸਮਾਗਮ ਵਿੱਚ ਸ਼ਮੂਲੀਅਤ ਕਰਨ ਤੋਂ ਬਾਅਦ ਸਥਾਨਕ ਅਕਾਲੀ ਆਗੂ ਆਪਣੇ ਹੇਠਲੇ ਵਰਕਰਾਂ ਨੂੰ ਹਮਾਇਤ ਦੇ ਸੁਨੇਹੇ ਲਗਾਉਂਦੇ ਹਨ ਜਾਂ ਆਪਣੇ ਪੱਧਰ ‘ਤੇ ਕੋਈ ਰਣਨੀਤੀ ਅਖਤਿਆਰ ਕਰਨਗੇ। ਅਕਾਲੀ ਦਲ ਵੱਲੋਂ ਗੋਵਿੰਦ ਸਿੰਘ ਸੰਧੂ ਨੂੰ ਦਿੱਤੀ ਹਮਾਇਤ ‘ਤੇ ਟਿੱਪਣੀ ਕਰਦੇ ਹੋਏ ਰਾਜਨੀਤੀ ‘ਚ ਦਿਲਚਸਪੀ ਰੱਖਣ ਵਾਲੇ ਬਰਨਾਲਾ ਦੇ ਇੱਕ ਸੂਬਾ ਪੱਧਰੀ ਮੁਲਾਜ਼ਮ ਆਗੂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਕਿਹਾ ਕਿ ਅਕਾਲੀ ਦਲ ਨੇ ਗੋਵਿੰਦ ਸੰਧੂ ਨੂੰ ਹਮਾਇਤ ਦੇ ਕੇ ਆਪਣੇ ਪੈਰਾਂ ਉੱਪਰ ਕੁਹਾੜਾ ਨਹੀਂ ਸਗੋਂ ਆਰਾ ਮਾਰਿਆ ਹੈ। ਉਹਨਾਂ ਆਪਣੀ ਟਿੱਪਣੀ ਸਬੰਧੀ ਤਰਕ ਦਿੱਤਾ ਕਿ ਜੇਕਰ ਕਿਸੇ ਪਾਰਟੀ ਦਾ ਉਮੀਦਵਾਰ ਖੁਦ ਚੋਣ ਨਾ ਲੜਦਾ ਹੋਵੇ ਤਾਂ ਆਪਣੇ ਸਮਰਥਕਾਂ ਨੂੰ ਖੁੱਲੇ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਭਵਿੱਖ ‘ਚ ਪਾਰਟੀ ਵੱਲੋਂ ਚੋਣ ਲੜਨ ਸਮੇਂ ਖੁੱਲੇ ਛੱਡੇ ਸਮਰਥਕ ਦੀ ਪਾਰਟੀ ਪਲੇਟਫਾਰਮ ‘ਤੇ ਵਾਪਸ ਪਰਤਣ ਦੀ ਸੰਭਾਵਨਾ ਹੁੰਦੀ ਹੈ ਜਦਕਿ ਜੇਕਰ ਪਾਰਟੀ ਵੱਲੋਂ ਖੁਦ ਆਪਣੇ ਸਮਰਥਕਾਂ ਨੂੰ ਕਿਸੇ ਹੋਰ ਪਾਰਟੀ ਦੇ ਪਲੇਟਫਾਰਮ ‘ਤੇ ਤੋਰਿਆ ਜਾਵੇ ਤਾਂ ਭਵਿੱਖ ‘ਚ ਖੁਦ ਚੋਣ ਲੜਨ ਸਮੇਂ ਪੂਰੇ ਸਮਰਥਕ ਵਾਪਸ ਆਉਣੇ ਸੰਭਵ ਨਹੀਂ ਹੁੰਦੇ ਕਿਉਂਕਿ ਉਹ ਦੂਜੀ ਪਾਰਟੀ ਦੇ ਆਗੂ ਦੇ ਸੰਪਰਕ ਵਿੱਚ ਆ ਜਾਂਦੇ ਹਨ।

error: Content is protected !!