Gee 98News

ਸੁਖਬੀਰ ਬਾਦਲ ‘ਤੇ ਹਮਲੇ ਤੋਂ ਪਹਿਲਾਂ ਚੌੜਾ ਅਤੇ ਇੱਕ ਐਸਪੀ ਦੀ ਮੁਲਾਕਾਤ ‘ਤੇ ਮਜੀਠੀਆ ਨੇ ਚੁੱਕੇ ਸਵਾਲ

-ਸ਼੍ਰੋਮਣੀ ਅਕਾਲੀ ਦਲ ਨੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਸੁਖਬੀਰ ਸਿੰਘ ਬਾਦਲ ਉੱਪਰ ਹੋਏ ਹਮਲੇ ਦੇ ਸਬੰਧ ਵਿੱਚ ਇੱਕ ਸੀਸੀਟੀਵੀ ਵੀਡੀਓ ਜਾਰੀ ਕਰਕੇ ਪੰਜਾਬ ਪੁਲਿਸ ਦੇ ਇੱਕ ਐਸਪੀ ਰੈਂਕ ਦੇ ਅਧਿਕਾਰੀ ਦੀ ਨਰਾਇਣ ਸਿੰਘ ਚੌੜਾ ਨਾਲ ਹੋਈ ਮੁਲਾਕਾਤ ‘ਤੇ ਸਵਾਲ ਖੜੇ ਕੀਤੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਇੱਕ ਵੀਡੀਓ ਕਲਿੱਪ ਜਾਰੀ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਪੰਜਾਬ ਪੁਲਿਸ ਦੇ ਐਸਪੀ ਹਰਪਾਲ ਸਿੰਘ ਰੰਧਾਵਾ ਵੱਲੋਂ ਹਮਲੇ ਤੋਂ ਇੱਕ ਦਿਨ ਪਹਿਲਾਂ ਹਮਲਾਵਰ ਨਰਾਇਣ ਸਿੰਘ ਚੌੜਾ ਨਾਲ ਦਰਬਾਰ ਸਾਹਿਬ ਕੰਪਲੈਕਸ ਵਿੱਚ ਮੁਲਾਕਾਤ ਕੀਤੀ ਗਈ ਜਿਸ ਦੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਫੁਟੇਜ ਦਰਜ ਹੈ।‌‌ ਮਜੀਠੀਆ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਸਵਾਲ ਕੀਤਾ ਕਿ ਉਹ ਦੱਸਣ ਕਿ ਹਮਲੇ ਤੋਂ ਇੱਕ ਦਿਨ ਪਹਿਲਾਂ ਜਦ ਚੌੜਾ ਰੇਕੀ ਕਰ ਰਿਹਾ ਸੀ ਤਾਂ ਐਸਪੀ ਰੰਧਾਵਾ ਨੇ ਉਸ ਨਾਲ ਹੱਥ ਮਿਲਾਇਆ ਤੇ ਗੱਲਬਾਤ ਕੀਤੀ, ਜਦੋਂ ਕਿ ਪੰਜਾਬ ਪੁਲਿਸ ਨੂੰ ਪਤਾ ਹੈ ਕਿ ਚੌੜਾ ‘ਤੇ 30 ਦੇ ਲੱਗਭੱਗ ਮੁਕੱਦਮੇ ਦਰਜ ਹਨ ਅਤੇ ਉਹ ਖਾੜਕੂ ਗਤੀਵਿਧੀਆਂ ਵਿੱਚ ਪੂਰੀ ਤਰ੍ਹਾਂ ਸਰਗਰਮ ਰਿਹਾ ਹੈ। ਮਜੀਠੀਆ ਨੇ ਕਿਹਾ ਭਾਵੇਂ ਕਿ ਦਰਬਾਰ ਸਾਹਿਬ ਕੰਪਲੈਕਸ ਵਿੱਚ ਕਿਸੇ ਦੀ ਤਲਾਸ਼ੀ ਨਹੀਂ ਲਈ ਜਾ ਸਕਦੀ ਪਰੰਤੂ ਜਦੋਂ ਇੱਕ ਅਜਿਹਾ ਵਿਅਕਤੀ ਜਿਸ ਨੇ ਪਹਿਲਾਂ ਹੀ ਬਾਦਲ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਹੋਣ, ਉਹ ਵਾਰ ਵਾਰ ਰੇਕੀ ਕਰ ਰਿਹਾ ਹੋਵੇ ਤਾਂ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ। ਮਜੀਠੀਆ ਨੇ ਪੁਲਿਸ ਕਮਿਸ਼ਨਰ ਅਤੇ ਮੁੱਖ ਮੰਤਰੀ ਪੰਜਾਬ ਦੇ ਇਹਨਾਂ ਦਾਅਵਿਆਂ ‘ਤੇ ਵੀ ਸਵਾਲ ਚੁੱਕੇ ਕੇ ਪੰਜਾਬ ਪੁਲਿਸ ਨੇ ਹਮਲੇ ਨੂੰ ਨਕਾਮ ਕੀਤਾ ਹੈ। ‌ਸਰਦਾਰ ਮਜੀਠੀਆ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਹ ਹਮਲਾ ਬਾਦਲ ਪਰਿਵਾਰ ਦੇ ਨਾਲ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੇ ਅਸਫਲ ਬਣਾਇਆ ਹੈ ਜੋ ਬੀਤੇ ਕੱਲ੍ਹ ਅਧਿਕਾਰਤ ਤੌਰ ‘ਤੇ ਡਿਊਟੀ ‘ਤੇ ਤਾਇਨਾਤ ਨਹੀਂ ਸਨ। ਉਹਨਾਂ ਕਿਹਾ‌ ਕਿ ਜਸਬੀਰ ਸਿੰਘ ਅਸਲ ਵਿਚ ਬਠਿੰਡਾ ਦੇ ਐਮ ਪੀ ਹਰਸਿਮਰਤ ਕੌਰ ਬਾਦਲ ਨਾਲ ਤਾਇਨਾਤ ਹਨ ਜਿਹਨਾਂ ਨੂੰ 3 ਦਸੰਬਰ ਨੂੰ ਅੰਮ੍ਰਿਤਸਰ ਇਸ ਵਾਸਤੇ ਭੇਜਿਆ ਗਿਆ ਸੀ ਕਿ ਉਹ ਸ੍ਰੀ ਦਰਬਾਰ ਸਾਹਿਬ ਵਿਚ ਸੁਖਬੀਰ ਸਿੰਘ ਬਾਦਲ ਦੀ ਫੇਰੀ ਦੌਰਾਨ ਨਾਲ ਰਹਿਣ ਜੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਸਜ਼ਾ ਅਨੁਸਾਰ ਗੁਰੂ ਘਰ ਵਿਚ ਸੇਵਾ ਕਰ ਰਹੇ ਸਨ। ਮਜੀਠੀਆ ਨੇ ਕਿਹਾ ਕਿ ਅੰਮ੍ਰਿਤਸਰ ਪੁਲਿਸ ਮੌਕੇ ਦੀ ਸੀਸੀਟੀਵੀ ਫੁਟੇਜ ਜਨਤਕ ਕਰਨ ਖਿਲਾਫ ਸ਼੍ਰੋਮਣੀ ਕਮੇਟੀ ਸਟਾਫ਼ ਨੂੰ ਧਮਕਾ ਰਹੀ ਹੈ ਕਿਉਂਕਿ ਇਸ ਫੁਟੇਜ ਕਾਰਨ ਪੁਲਿਸ ਦੀ ਅਸਫਲਤਾ ਜੱਗ ਜ਼ਾਹਰ ਹੋ ਰਹੀ ਹੈ।‌ ਮਜੀਠੀਆ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਸੁਖਬੀਰ ਬਾਦਲ ਦੀ ਲੱਤ ‘ਤੇ ਸੱਟ ਲੱਗੀ ਹੋਣ ਸਬੰਧੀ ਝੂਠਾ ਕੂੜ ਪ੍ਰਚਾਰ ਕਰਨ ਵਾਲਿਆਂ ਦੇ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ‌

error: Content is protected !!