ਚੰਡੀਗੜ੍ਹ, 9 ਦਸੰਬਰ, Gee98 news service
-ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਖਬੀਰ ਸਿੰਘ ਬਾਦਲ ਅਤੇ ਹੋਰ ਅਕਾਲੀ ਆਗੂਆਂ ਨੂੰ ਸੇਵਾ/ਸਜ਼ਾ ਲਗਾਏ ਜਾਣ ਤੋਂ ਬਾਅਦ ਬਾਗੀ ਅਕਾਲੀ ਆਗੂਆਂ ਦੇ ਸੁਭਾਅ ‘ਚ ਸੁਖਬੀਰ ਬਾਦਲ ਪ੍ਰਤੀ ਤਬਦੀਲੀ ਨਜ਼ਰ ਆ ਰਹੀ ਹੈ। ਸੁਖਦੇਵ ਸਿੰਘ ਢੀਂਡਸਾ,ਸਿਕੰਦਰ ਸਿੰਘ ਮਲੂਕਾ ਤੋਂ ਬਾਅਦ ਹੁਣ ਸੋਹਣ ਸਿੰਘ ਠੰਡਲ ਦੇ ਨਰਮ ਸੁਰ ਸਾਹਮਣੇ ਆਏ ਹਨ। ਸੋਹਣ ਸਿੰਘ ਠੰਡਲ ਨੇਕਿਹਾ ਕਿ ਕੁਝ ਆਗੂਆਂ ਵੱਲੋਂ ਜਾਣਬੁੱਝ ਕੇ ਸਾਰਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਕੀਤਾ ਗਿਆ। ਬੇਸ਼ੱਕ ਸੁਖਬੀਰ ਸਿੰਘ ਬਾਦਲ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਨ੍ਹਾ ਉੱਤੇ ਦਰਬਾਰ ਸਾਹਿਬ ਕੰਪਲੈਕਸ ਅੰਦਰ ਹਮਲਾ ਵੀ ਕੀਤਾ ਗਿਆ ਪਰ ਇਸ ਦੇ ਬਾਵਜੂਦ ਸੁਖਬੀਰ ਸਿੰਘ ਬਾਦਲ ਨੇ ਸਹਿਜ, ਨਿਮਰਤਾ ਤੇ ਹਲੀਮੀ ਦੀ ਇੱਕ ਵੱਡੀ ਮਿਸਾਲ ਪੇਸ਼ ਕੀਤੀ ਹੈ, ਜਿਸ ਦੀ ਪ੍ਰਸੰਸਾ ਕਰਨੀ ਚਾਹੀਦੀ ਹੈ। ਠੰਡਲ ਨੇ ਕਿਹਾ ਕਿ ਭਾਜਪਾ ਸਣੇ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਇਸ ਗੱਲ ਦੇ ਮੁਦਈ ਹਨ ਕਿ ਪੰਜਾਬ ਦੀ ਖੇਤਰੀ ਪਾਰਟੀ ਅਕਾਲੀ ਦਲ ਮਜ਼ਬੂਤ ਹੋਵੇ। ਉਨ੍ਹਾ ਕਿਹਾ ਕਿ ਵਿਧਾਨ ਅਨੁਸਾਰ ਜੇ ਸੁਖਬੀਰ ਬਾਦਲ ਪ੍ਰਧਾਨ ਚੁਣੇ ਜਾਂਦੇ ਹਨ ਤਾਂ ਉਹ ਸਾਰਿਆਂ ਨੂੰ ਮਨਜ਼ੂਰ ਹੋਣਗੇ। ਉਨ੍ਹਾਂ ਦੀ ਨਜ਼ਰ ‘ਚ ਸੁਖਬੀਰ ਸਿੰਘ ਬਾਦਲ ਤੋਂ ਬਿਨਾਂ ਹੋਰ ਕੋਈ ਆਗੂ ਅਕਾਲੀ ਦਲ ਨੂੰ ਨਹੀਂ ਚਲਾ ਸਕਦਾ ਹੈ। ਠੰਡਲ ਨੇ ਕਿਹਾ ਕਿ ਉਹ ਜਲਦੀ ਹੀ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਕਰਨ ਜਾਂ ਸੂਬੇ ਦੇ ਵਡੇਰੇ ਹਿੱਤਾਂ ਲਈ ਭਾਜਪਾ ਤੇ ਅਕਾਲੀ ਦਲ ਨੂੰ ਇਕੱਠਾ ਕਰਨ ਬਾਰੇ ਵਿਚਾਰ ਕਰ ਕੇ ਅਗਲੀ ਰਣਨੀਤੀ ਤਿਆਰ ਕਰਨਗੇ। ਪੰਜਾਬ ਅੰਦਰ ਮੌਜੂਦਾ ਸਮੇਂ ਨਾ ਤਾਂ ਅਕਾਲੀ ਦਲ ਤੇ ਨਾ ਹੀ ਭਾਜਪਾ ਇਕੱਲੀ ਸਰਕਾਰ ਬਣਾ ਸਕਦੀ ਹੈ, ਇਸ ਲਈ ਦੋਹਾਂ ਪਾਰਟੀਆਂ ਨੂੰ ਇਕੱਠੇ ਹੋ ਕੇ ਲੜਾਈ ਲੜਨੀ ਚਾਹੀਦੀ ਹੈ। ਠੰਡਲ ਨੇ ਕਿਹਾ ਕਿ ਉਨ੍ਹਾ ਦੇ ਭਾਜਪਾ ‘ਚ ਸ਼ਾਮਲ ਹੋਣ ਪਿੱਛੇ ਕੋਈ ਵੱਡਾ ਸਿਆਸੀ ਕਾਰਨ ਨਹੀਂ ਸੀ ਤੇ ਨਾ ਹੀ ਉਹ ਅਕਾਲੀ ਦਲ ਨਾਲ ਨਾਰਾਜ਼ ਸਨ, ਪਰ ਚੱਬੇਵਾਲ ਹਲਕੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ, ਉਨ੍ਹਾਂ ਕਰਕੇ ਉਨ੍ਹਾ ਨੂੰ ਮਜਬੂਰ ਹੋ ਕੇ ਚੋਣ ਲੜਨੀ ਪਈ। ਉਨ੍ਹਾ ਕਿਹਾ ਕਿ ਚੋਣਾਂ ਉਪਰੰਤ ਉਨ੍ਹਾ ਭਾਜਪਾ ਦੀ ਲੀਡਰਸ਼ਿਪ ਨਾਲ ਕੋਈ ਸੰਪਰਕ ਨਹੀਂ ਕੀਤਾ। ਦੱਸ ਦੇਈਏ ਫਿਰ ਸੋਹਣ ਸਿੰਘ ਠੰਡਲ ਅਕਾਲੀ ਦਲ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋ ਗਏ ਸਨ ਤੇ ਉਹਨਾਂ ਨੇ ਚੱਬੇਬਾਲ ਤੋਂ ਭਾਜਪਾ ਦੀ ਟਿਕਟ ‘ਤੇ ਚੋਣ ਲੜੀ ਸੀ।










