Gee 98News

…ਭਾਈਚਾਰਕ ਏਕਤਾ ਦਾ ਹਾਮੀ ਹਾਂ..ਅਮਨ ਪਸੰਦ ਵੀ ਹਾਂ ਪਰ “ਸਾਧੂ” ਨਹੀਂ ਹਾਂ ਕਿ ਧੱਕਾ ਬਰਦਾਸ਼ਤ ਕਰ ਸਕਾਂ- ਵਿਧਾਇਕ ਕਾਲਾ ਢਿੱਲੋਂ

-ਨਗਰ ਪੰਚਾਇਤ ਹੰਡਾਇਆ ਦੀਆਂ ਚੋਣਾਂ ਦੌਰਾਨ ਸੱਤਾਧਾਰੀ ਪੱਖ ਦੇ ਆਗੂਆਂ ਵੱਲੋਂ ਪਿਛਲੇ ਕੁਝ ਦਿਨਾਂ ਦੀਆਂ ਸਰਗਰਮੀਆਂ ਦਾ ਨੋਟਿਸ ਲੈਂਦੇ ਹੋਏ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਮੀਡੀਆ ਲਈ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਵੋਟਿੰਗ ਵਾਲੇ ਦਿਨ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਵਿਧਾਇਕ ਢਿੱਲੋਂ ਨੇ ਕਿਹਾ ਕਿ ਉਹ ਹਮੇਸ਼ਾ ਅਮਨ ਸ਼ਾਂਤੀ ਦੇ ਹਾਮੀ ਰਹੇ ਹਨ ਅਤੇ ਚਾਹੁੰਦੇ ਹਨ ਕਿ ਨਗਰ ਪੰਚਾਇਤ ਦੀਆਂ ਚੋਣਾਂ ਪੁਰਅਮਨ ਤਰੀਕੇ ਨਾਲ ਸੰਪੰਨ ਹੋਣ ਪ੍ਰੰਤੂ ਪਿਛਲੇ ਕੁਝ ਦਿਨਾਂ ਤੋਂ ਸੱਤਾਧਾਰੀ ਪੱਖ ਦੇ ਕੁਝ ਵੱਡੇ ਆਗੂਆਂ ਦੀਆਂ ਸਰਗਰਮੀਆਂ ਗ਼ੈਰ ਲੋਕਤੰਤਰਿਕ ਹਨ, ਜਿਨਾਂ ਦਾ ਨੋਟਿਸ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਲੈਣਾ ਚਾਹੀਦਾ ਹੈ। ਵਿਧਾਇਕ ਢਿੱਲੋਂ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਅਮਨ ਪਸੰਦ ਹਨ ਪਰੰਤੂ ਸਾਧੂ ਨਹੀਂ ਹਨ ਕਿ ਧੱਕਾ ਬਰਦਾਸ਼ਤ ਕੀਤਾ ਜਾਵੇ। ਵਿਧਾਇਕ ਢਿੱਲੋਂ ਨੇ ਕਿਹਾ ਕਿ ਚੋਣਾਂ ਲੜਨਾ ਹਰ ਇੱਕ ਦਾ ਸੰਵਿਧਾਨਿਕ ਹੱਕ ਹੈ ਪ੍ਰੰਤੂ ਨਗਰ ਪੰਚਾਇਤ ਹੰਡਿਆਇਆ ਦੀਆਂ ਚੋਣਾਂ ਦੌਰਾਨ ਵੇਖਿਆ ਗਿਆ ਕਿ ਕਿਵੇਂ ਸੱਤਾ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਤੋਂ ਰੋਕਿਆ ਗਿਆ ਅਤੇ ਉਨਾਂ ਦੇ ਸਮਰਥਕਾਂ ਨੂੰ ਚੋਣ ਪ੍ਰਚਾਰ ਦੌਰਾਨ ਉਮੀਦਵਾਰਾਂ ਦੇ ਨਾਲ ਚੱਲਣ ਤੋਂ ਧਮਕਾਇਆ ਗਿਆ। ਵਿਧਾਇਕ ਢਿੱਲੋਂ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਬਰਨਾਲਾ ਦੇ ਵੋਟਰ ਚੋਣਾਂ ‘ਚ ਧੱਕੇਸ਼ਾਹੀ ਦਾ ਜਵਾਬ ਹਮੇਸ਼ਾ ਵੋਟ ਪਰਚੀ ਨਾਲ ਦਿੰਦੇ ਆਏ ਹਨ। ਉਹਨਾਂ ਦਾਅਵਾ ਕੀਤਾ ਕਿ ਜ਼ਿਮਨੀ ਚੋਣ ਵਾਂਗ ਨਗਰ ਪੰਚਾਇਤ ਚੋਣਾਂ ‘ਚ ਵੀ ਹੰਡਿਆਇਆ ਦੇ ਵੋਟਰ ਸੱਤਾਧਿਰ ਨੂੰ ਸ਼ੀਸ਼ਾ ਦਿਖਾਉਣਗੇ। ਵਿਧਾਇਕ ਢਿੱਲੋਂ ਨੇ ਹੰਡਿਆਇਆ ਦੇ ਵੋਟਰਾਂ ਨੂੰ ਆਪਣੀ ਵੋਟ ਪਰਚੀ ਰਾਹੀਂ ਧੱਕੇਸ਼ਾਹੀ ਦਾ ਜਵਾਬ ਦੇਣ ਦੀ ਅਪੀਲ ਵੀ ਕੀਤੀ। ਵਿਧਾਇਕ ਢਿੱਲੋਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਕਿਹਾ ਕਿ ਵੋਟਾਂ ਵਾਲੇ ਦਿਨ ਵਿਸ਼ੇਸ਼ ਸੁਰੱਖਿਆ ਅਤੇ ਵੀਡੀਓਗ੍ਰਾਫੀ ਦੇ ਪ੍ਰਬੰਧ ਕੀਤੇ ਜਾਣ ਤਾਂ ਜੋ ਵੋਟਰ ਬਿਨਾਂ ਕਿਸੇ ਡਰ ਦੇ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ। ਵਿਧਾਇਕ ਢਿੱਲੋਂ ਨੇ ਕਿਹਾ ਕਿ ਚੋਣਾਂ ਤਾਂ ਕੁਝ ਸਮੇਂ ਬਾਅਦ ਆਉਂਦੀਆਂ ਰਹਿੰਦੀਆਂ ਹਨ ਪ੍ਰੰਤੂ ਸਭ ਤੋਂ ਵੱਡੀ ਗੱਲ ਭਾਈਚਾਰਕ ਸਾਂਝ ਅਤੇ ਆਪਸੀ ਏਕਤਾ ਨੂੰ ਕਾਇਮ ਰੱਖਣ ਦੀ ਹੈ।
ਫੋਟੋ ਕੈਪਸ਼ਨ- ਚੋਣ ਪ੍ਰਚਾਰ ਕਰਨ ਸਮੇਂ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਅਤੇ ਉਹਨਾਂ ਦੇ ਸਮਰਥਕ।

error: Content is protected !!