Gee 98News

ਵੱਡੀ ਖ਼ਬਰ…ਗੁਰਦਾਸਪੁਰ ‘ਚ ਪੁਲਿਸ ਚੌਂਕੀ ‘ਤੇ ਗਰਨੇਡ ਹਮਲੇ ਦੇ ਤਿੰਨ ਦੋਸ਼ੀ ਯੂਪੀ ‘ਚ ਪੁਲਿਸ ਐਨਕਾਉਂਟਰ ‘ਚ ਢੇਰ

-ਪੁਲਿਸ ਐਨਕਾਊਂਟਰ ਨਾਲ ਸੰਬੰਧਿਤ ਇੱਕ ਵੱਡੀ ਘਟਨਾ ਸਾਹਮਣੇ ਆ ਰਹੀ ਹੈ ਜਿਸ ਵਿੱਚ ਪੰਜਾਬ ਪੁਲਿਸ ਨੇ ਯੂਪੀ ਪੁਲਿਸ ਨਾਲ ਮਿਲ ਕੇ ਗੁਰਦਾਸਪੁਰ ਜ਼ਿਲ੍ਹੇ ‘ਚ ਕੁਝ ਦਿਨ ਪਹਿਲਾਂ ਇੱਕ ਪੁਲਿਸ ਚੌਂਕੀ ‘ਤੇ ਗਰਨੇਡ ਹਮਲਾ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਪੁਲਿਸ ਮੁਕਾਬਲੇ ਦੌਰਾਨ ਢੇਰ ਕਰ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਇਹੀ ਉਹ ਤਿੰਨੇ ਦੋਸ਼ੀ ਹਨ ਜਿਨਾਂ ਨੇ ਗੁਰਦਾਸਪੁਰ ਜ਼ਿਲ੍ਹੇ ‘ਚ ਇੱਕ ਪੁਲਿਸ ਚੌਂਕੀ ‘ਤੇ ਗਰਨੇਡ ਹਮਲਾ ਕੀਤਾ ਸੀ, ਜਿਨ੍ਹਾਂ ਦੀ ਪੁਲਿਸ ਤਲਾਸ਼ ਕਰ ਰਹੀ ਸੀ ਅਤੇ ਇਹਨਾਂ ਸਬੰਧੀ ਪੁਲਿਸ ਨੂੰ ਸੂਚਨਾ ਮਿਲੀ ਕਿ ਇਹ ਯੂਪੀ ਦੇ ਪੀਲੀਭੀਤ ਇਲਾਕੇ ਵਿੱਚ ਲੁਕੇ ਹੋਏ ਹਨ। ਪੰਜਾਬ ਪੁਲਿਸ ਵੱਲੋਂ ਇਹ ਜਾਣਕਾਰੀ ਪੀਲੀਭੀਤ ਪੁਲਿਸ ਨਾਲ ਸਾਂਝੀ ਕੀਤੀ ਗਈ ਜਿਸ ਤੋਂ ਬਾਅਦ ਦੋਵੇਂ ਰਾਜਾਂ ਦੀ ਪੁਲਿਸ ਨੇ ਸਾਂਝੇ ਆਪਰੇਸ਼ਨ ਦੌਰਾਨ ਪੁਲਿਸ ਚੌਂਕੀ ਹਮਲੇ ਦੇ ਤਿੰਨਾਂ ਦੋਸ਼ੀਆਂ ਨੂੰ ਐਨਕਾਉਂਟਰ ‘ਚ ਢੇਰ ਕਰ ਦਿੱਤਾ। ਪੁਲਿਸ ਐਨਕਾਊਂਟਰ ‘ਚ ਮਾਰੇ ਗਏ ਤਿੰਨਾਂ ਵਿਅਕਤੀਆਂ ਦੀ ਪਹਿਚਾਣ 25 ਸਾਲਾ ਗੁਰਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ ਅਤੇ 23 ਸਾਲਾ ਵਰਿੰਦਰ ਸਿੰਘ ਉਰਫ਼ ਰਵੀ ਪੁੱਤਰ ਰਣਜੀਤ ਸਿੰਘ ਵਾਸੀ ਅਗਵਾਨ ਪਿੰਡ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ ਅਤੇ 18 ਸਾਲਾ ਜਸਨਪ੍ਰੀਤ ਸਿੰਘ ਉਰਫ਼ ਪ੍ਰਤਾਪ ਸਿੰਘ ਵਾਸੀ ਨਿੱਕਾ ਸੁਰ, ਕਲਾਨੌਰ, ਗੁਰਦਾਸਪੁਰ ਵਜੋਂ ਕੀਤੀ ਗਈ ਹੈ।

ਪੰਜਾਬ ਪੁਲਿਸ ਦਾ ਦਾਅਵਾ ਹੈ ਕਿ ਉਕਤ ਤਿੰਨੇ ਵਿਅਕਤੀ ਖਾਲਿਸਤਾਨੀ ਕਮਾਂਡੋ ਫੋਰਸ ਦੇ ਮੈਂਬਰ ਸਨ। ਪੁਲਿਸ ਐਨਕਾਊਂਟਰ ਸਬੰਧੀ ਕੁਝ ਮੀਡੀਆ ਰਿਪੋਰਟਾਂ ਇਹ ਵੀ ਹਨ ਕਿ ਉਕਤ ਤਿੰਨੇ ਦੋਸ਼ੀ ਪੁਲਿਸ ਮੁਕਾਬਲੇ ‘ਚ ਜ਼ਖਮੀ ਹੋਏ ਜਿਨਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਪੁਲਿਸ ਐਨਕਾਊਂਟਰ ਦੀ ਪੁਸ਼ਟੀ ਕਰਦੇ ਹੋਏ ਡੀਜੀਪੀ ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਸਾਨੂੰ ਪੰਜਾਬ ਪੁਲਿਸ ਤੋਂ ਇਨਪੁਟ ਮਿਲਿਆ ਸੀ ਕਿ ਗੁਰਦਾਸਪੁਰ ਪੁਲਿਸ ਚੌਕੀ ‘ਤੇ ਹੋਏ ਹਮਲੇ ਦੇ ਦੋਸ਼ੀ ਉੱਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲ੍ਹੇ ਵਿੱਚ ਲੁਕੇ ਹੋ ਸਕਦੇ ਹਨ। ਇਸ ਇਨਪੁਟ ਤੋਂ ਬਾਅਦ ਜ਼ਿਲ੍ਹਾ ਪੁਲਿਸ ਸਰਗਰਮ ਹੋ ਗਈ ਅਤੇ ਐਤਵਾਰ ਦੇਰ ਰਾਤ ਹੋਏ ਆਪਰੇਸ਼ਨ ਦੀ ਅਗਵਾਈ ਪੀਲੀਭੀਤ ਦੇ ਪੁਲਿਸ ਸੁਪਰਡੈਂਟ ਨੇ ਖੁਦ ਕੀਤੀ ਸੀ।

Gee98 Ads
error: Content is protected !!