Gee 98News

32 ਸਾਲ ਪਹਿਲਾਂ ਹੋਏ ਝੂਠੇ ਪੁਲਿਸ ਮੁਕਾਬਲੇ ‘ਚ ਤਤਕਾਲੀ SHO ਸਮੇਤ ਦੋ ਹੋਰ ਮੁਲਾਜ਼ਮ ਦੋਸ਼ੀ ਕਰਾਰ…ਅੱਜ ਸੁਣਾਈ ਜਾਵੇਗੀ ਸਜ਼ਾ

-ਲੱਗਭੱਗ 32 ਸਾਲ ਪਹਿਲਾਂ ਹੋਈ ਇੱਕ ਝੂਠੇ ਪੁਲਿਸ ਮੁਕਾਬਲੇ ਦੇ ਕੇਸ ਦਾ ਨਿਪਟਾਰਾ ਕਰਦੇ ਹੋਏ ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਤਰਨਤਾਰਨ ਦੇ ਸਿਟੀ ਥਾਣੇ ਦੇ ਤਤਕਾਲੀ ਐੱਸਐੱਚਓ ਗੁਰਬਚਨ ਸਿੰਘ, ਤਤਕਾਲੀ ਏਐੱਸਆਈ ਰੇਸ਼ਮ ਸਿੰਘ ਅਤੇ ਸਾਬਕਾ ਥਾਣੇਦਾਰ ਹੰਸਰਾਜ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਹੈ। ਸੁਣਵਾਈ ਤੋਂ ਬਾਅਦ ਦੋਸ਼ੀ ਥਾਣੇਦਾਰਾਂ ਨੂੰ ਧਾਰਾ 302 ਅਤੇ 120ਬੀ ਤਹਿਤ ਹਿਰਾਸਤ ਵਿੱਚ ਲੈ ਕੇ ਜੇਲ੍ਹ ਭੇਜਣ ਦੇ ਹੁਕਮ ਦਿੱਤੇ ਹਨ।ਤਿੰਨੋਂ ਦੋਸ਼ੀਆਂ ਨੂੰ ਅੱਜ ਮੰਗਲਵਾਰ ਨੂੰ ਸਜ਼ਾ ਸੁਣਾਈ ਜਾਵੇਗੀ। ਇਸ ਮਾਮਲੇ ‘ਚ ਨਾਮਜ਼ਦ ਦੋਸ਼ੀ ਪੁਲੀਸ ਕਰਮਚਾਰੀ ਅਰਜੁਨ ਸਿੰਘ ਦੀ ਤਿੰਨ ਸਾਲ ਪਹਿਲਾਂ ਦਸੰਬਰ 2021 ਵਿੱਚ ਮੌਤ ਹੋ ਚੁੱਕੀ ਹੈ। ਦੋਸ਼ੀਆਂ ‘ਤੇ ਦੋ ਨੌਜਵਾਨਾਂ ਨੂੰ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰਨ ਦਾ ਦੋਸ਼ ਸੀ। ਮਾਮਲੇ ਦੇ ਵੇਰਵੇ ਅਨੁਸਾਰ ਪੀੜ੍ਹਤ ਜਗਦੀਪ ਸਿੰਘ ਮੱਖਣ ਪੰਜਾਬ ਪੁਲੀਸ ਵਿੱਚ ਸਿਪਾਹੀ ਅਤੇ ਗੁਰਨਾਮ ਸਿੰਘ ਪਾਲੀ ਐੱਸਪੀਓ ਸੀ। ਪੀੜ੍ਹਤ ਪਰਿਵਾਰ ਦੇ ਵਕੀਲਾਂ ਜਗਜੀਤ ਸਿੰਘ ਬਾਜਵਾ, ਸਰਬਜੀਤ ਸਿੰਘ ਵੇਰਕਾ ਅਤੇ ਪੁਸ਼ਪਿੰਦਰ ਸਿੰਘ ਨੱਤ ਨੇ ਦੱਸਿਆ ਕਿ ਜਗਦੀਪ ਸਿੰਘ ਉਰਫ ਮੱਖਣ ਨੂੰ ਤਤਕਾਲੀ ਐੱਸਐੱਚਓ ਗੁਰਬਚਨ ਸਿੰਘ ਦੀ ਅਗਵਾਈ ਵਾਲੀ ਟੀਮ ਨੇ 18 ਨਵੰਬਰ 1992 ਵਿੱਚ ਘਰੋਂ ਅਗਵਾ ਕਰ ਲਿਆ ਸੀ। ਅਗਵਾ ਕਰਨ ਤੋਂ ਪਹਿਲਾਂ ਪੁਲੀਸ ਨੇ ਘਰ ਵਿੱਚ ਗੋਲੀ ਚਲਾਈ ਅਤੇ ਗੋਲੀ ਵੱਜਣ ਕਾਰਨ ਮੱਖਣ ਦੀ ਸੱਸ ਸ਼ਿਵੰਦਰ ਕੌਰ ਦੀ ਮੌਤ ਹੋ ਗਈ ਸੀ। ਇਸ ਤਰ੍ਹਾਂ ਉਕਤ ਪੁਲੀਸ ਟੀਮ ਨੇ ਤਿੰਨ ਦਿਨਾਂ ਬਾਅਦ 21 ਨਵੰਬਰ ਨੂੰ ਗੁਰਨਾਮ ਸਿੰਘ ਉਰਫ਼ ਪਾਲੀ ਨੂੰ ਘਰੋਂ ਚੁੱਕ ਲਿਆ ਸੀ। ਪਾਲੀ ਅਤੇ ਮੱਖਣ ਨੂੰ 30 ਨਵੰਬਰ 1992 ਨੂੰ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ। ਪੁਲੀਸ ਨੇ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਲਾਵਾਰਿਸ ਦੱਸ ਕੇ ਸਸਕਾਰ ਵੀ ਖੁਦ ਹੀ ਕਰ ਦਿੱਤਾ ਸੀ। ਮੁੱਢਲੀ ਜਾਂਚ ਤੋਂ ਬਾਅਦ ਸੀਬੀਆਈ ਨੇ 27 ਫਰਵਰੀ 1997 ਨੂੰ ਸਾਬਕਾ ਐੱਸਐੱਚਓ ਗੁਰਬਚਨ ਸਿੰਘ ਅਤੇ ਹੋਰਨਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ ਅਤੇ ਦੋਸ਼ੀਆਂ ਖ਼ਿਲਾਫ਼ ਚਾਰਜਸ਼ੀਟ ਪੇਸ਼ ਕੀਤੀ ਗਈ ਸੀ। ਇਸ ਮਾਮਲੇ ਤੋਂ ਉਦੋਂ ਪਰਦਾ ਉੱਠਿਆ ਜਦੋਂ ਸੁਪਰੀਮ ਕੋਰਟ ਵੱਲੋਂ ਅਣਪਛਾਤੀਆਂ ਲਾਸ਼ਾਂ ਦੱਸ ਕੇ ਸਸਕਾਰ ਕਰਨ ਦੇ ਮਾਮਲੇ ਵਿੱਚ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਸਨ।

error: Content is protected !!