ਚੰਡੀਗੜ੍ਹ, 26 ਦਸੰਬਰ Gee98 news service
-ਵੱਡੀ ਅਫ਼ਸਰੀ ਤੋਂ ਅਸਤੀਫ਼ਾ ਦੇ ਕੇ ਰਾਜਨੀਤੀ ‘ਚ ਕਿਸਮਤ ਅਜਮਾਉਣ ਦਾ ਅਸਫ਼ਲ ਯਤਨ ਕਰਨ ਵਾਲੀ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਮਲੂਕਾ ਨੇ ਆਪਣੀ ਨੌਕਰੀ ਸਬੰਧੀ ਨਵਾਂ ਪੈਂਤੜਾ ਖੇਡਿਆ ਹੈ। ਦੱਸ ਦੇਈਏ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਰਮਪਾਲ ਕੌਰ ਨੇ (ਬਤੌਰ ਆਈਏਐਸ) ਆਪਣੀ ਨੌਕਰੀ ਤੋਂ ਅਸਤੀਫ਼ਾ ਦੇ ਕੇ ਭਾਜਪਾ ‘ਚ ਸ਼ਮੂਲੀਅਤ ਕੀਤੀ ਸੀ ਅਤੇ ਲੋਕ ਸਭਾ ਹਲਕਾ ਬਠਿੰਡਾ ਤੋਂ ਚੋਣ ਵੀ ਲੜੀ ਸੀ ਪ੍ਰੰਤੂ ਉਹ ਕਾਮਯਾਬ ਨਹੀਂ ਹੋਈ ਅਤੇ ਚੋਣ ਹਾਰ ਗਈ। ਪਰਮਪਾਲ ਕੌਰ ਵੱਲੋਂ ਲੋਕ ਸਭਾ ਚੋਣਾਂ ਦੇ ਨੇੜੇ ਦਿੱਤਾ ਅਸਤੀਫ਼ਾ ਵੀ ਚਰਚਾ ਦਾ ਵਿਸ਼ਾ ਬਣਿਆ ਸੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਸਤੀਫਾ ਪ੍ਰਵਾਨ ਨਾ ਕਰਨ ਸਬੰਧੀ ਖੁੱਲਾ ਬਿਆਨ ਵੀ ਦਿੱਤਾ ਸੀ ਪ੍ਰੰਤੂ ਕੇਂਦਰ ਦੇ ਦਖਲ ਨਾਲ ਪਰਮਪਾਲ ਕੌਰ ਲੋਕ ਸਭਾ ਦੀ ਚੋਣ ਲੜਨ ‘ਚ ਕਾਮਯਾਬ ਰਹੀ। ਹੁਣ ਆਪਣੇ ਅਸਤੀਫ਼ੇ ਸਬੰਧੀ ਪਰਮਪਾਲ ਕੌਰ ਇੱਕ ਵਾਰ ਫੇਰ ਚਰਚਾ ਵਿੱਚ ਹੈ ਜਦੋਂ ਉਸਨੇ ਆਪਣੇ ਅਸਤੀਫੇ ਦੀ ਵਾਪਸੀ ਲਈ ਕੇਂਦਰੀ ਐਡਮਨਿਸਟਰੇਟਿਵ ਟ੍ਰਿਬਿਊਨਲ (ਕੈਟ) ਕੋਲ ਪਹੁੰਚ ਕਰ ਕੇ ਉਸ ਵੱਲੋਂ 9 ਮਈ ਨੂੰ ਦਿੱਤਾ ਗਿਆ ਅਸਤੀਫਾ ਵਾਪਸ ਲੈਣ ਦੀ ਪ੍ਰਵਾਨਗੀ ਦੇਣ ਲਈ ਸੂਬਾ ਅਤੇ ਕੇਂਦਰ ਸਰਕਾਰ ਨੂੰ ਹਦਾਇਤ ਦੇਣ ਦੀ ਮੰਗ ਕੀਤੀ ਹੈ । ਇਸ ਆਪਣਾ ਅਸਤੀਫ਼ਾ ਵਾਪਸ ਲੈਣ ਸਬੰਧੀ ਆਪਣੀ ਅਪੀਲ ਵਿਚ ਪਰਮਪਾਲ ਕੌਰ ਨੇ ਕਿਹਾ ਕਿ ਉਸਨੇ ਸੂਬਾ ਸਰਕਾਰ ਦੇ ਦਬਾਅ ਕਾਰਣ ਅਸਤੀਫ਼ਾ ਦਿੱਤਾ ਸੀ। ਜ਼ਿਕਰਯੋਗ ਹੈ ਕਿ ਪਰਮਪਾਲ ਕੌਰ ਨੂੰ ਸਾਲ 2016 ਵਿਚ ਬਠਿੰਡਾ ਦੀ ਏ ਡੀ ਸੀ ਹੁੰਦਿਆਂ ਸਰਕਾਰੀ ਰਿਹਾਇਸ਼ ਪ੍ਰਦਾਨ ਕੀਤੀ ਗਈ ਸੀ। ਪਰਮਪਾਲ ਕੌਰ ਨੇ ਇਤਰਾਜ਼ ਨਹੀਂ (ਐਨ ਓ ਸੀ) ਲੈਣ ਵਾਸਤੇ ਡਿਪਟੀ ਕਮਿਸ਼ਨਰ ਬਠਿੰਡਾ ਕੋਲ ਅਪਲਾਈ ਕੀਤਾ ਸੀ ਪਰ ਸਰਕਾਰ ਨੇ ਉਸਨੂੰ ਐਨ ਓ ਸੀ ਦੇਣ ਤੋਂ ਨਾਂਹ ਕਰ ਦਿੱਤੀ ਸੀ ਜਿਸ ਮਗਰੋਂ ਉਹਨਾਂ ਬਤੌਰ ਆਈ ਏ ਐਸ ਅਸਤੀਫਾ ਦੇ ਦਿੱਤਾ ਸੀ ਅਤੇ ਲੋਕ ਸਭਾ ਦੀ ਚੋਣ ਲੜੀ ਸੀ।










