ਮਹਿਲ ਕਲਾਂ 01 ਜੁਲਾਈ ( ਜਸਵੰਤ ਸਿੰਘ ਲਾਲੀ )-
ਬਰਨਾਲਾ ਲੁਧਿਆਣਾ ਮੁੱਖ ਮਾਰਗ ‘ਤੇ ਮਹਿਲ ਕਲਾਂ ਨੇੜੇ ਬੰਦ ਪਏ ਟੋਲ ਪਲਾਜੇ ਦੇ ਨਜ਼ਦੀਕ ਸੜਕ ਹਾਦਸੇ ਵਿੱਚ ਮਜ਼ਦੂਰ ਪਰਿਵਾਰ ਨਾਲ ਸੰਬੰਧਿਤ ਨੌਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ। ਮ੍ਰਿਤਕ ਨੌਜਵਾਨ ਦੀ ਪਹਿਚਾਣ ਗੋਬਿੰਦ ਸਿੰਘ ਉਰਫ ਗੋਲਡੀ 33 ਸਾਲ ਪੁੱਤਰ ਭਾਨ ਸਿੰਘ ਵਾਸੀ ਪਿੰਡ ਗੰਗੋਹਰ ਵਜੋਂ ਹੋਈ ਹੈ।ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਪਿੰਡ ਵਾਸੀ ਗੁਰਦੀਪ ਸਿੰਘ ਨੇ ਦੱਸਿਆ ਕਿ ਗੋਬਿੰਦ ਸਿੰਘ ਬਹੁਤ ਹੀ ਗਰੀਬ ਮਜ਼ਦੂਰ ਪਰਿਵਾਰ ਨਾਲ ਸੰਬੰਧਤ ਸੀ। ਉਹ ਦਿਨ ਵੇਲੇ ਬੱਕਰੀਆਂ ਚਾਰਦਾ ਤੇ ਰਾਤ ਨੂੰ ਗੋਂਦਵਾਲ (ਰਾਏਕੋਟ) ਸਥਿਤ ਮੁਸਕਾਨ ਫੈਕਟਰੀ ਵਿੱਚ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰ ਰਿਹਾ ਸੀ। ਉਹਨਾਂ ਦੱਸਿਆ ਕਿ ਸੋਮਵਾਰ ਸ਼ਾਮ ਸਾਢੇ ਸੱਤ ਵਜੇ ਦੇ ਕਰੀਬ ਕਿਸੇ ਵਿਅਕਤੀ ਨੇ ਫੋਨ ਕਰਕੇ ਹਾਦਸੇ ਦੀ ਸੂਚਨਾ ਦਿੱਤੀ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਤੇ ਪਿੰਡ ਵਾਸੀ ਘਟਨਾ ਸਥਾਨ ਤੇ ਪਹੁੰਚੇ ਜਿੱਥੇ ਗੋਬਿੰਦ ਸਿੰਘ ਉਰਫ ਗੋਲਡੀ ਦਾ ਸਾਈਕਲ ਡਿੱਗਿਆ ਪਿਆ ਸੀ। ਮੌਕੇ ਤੇ ਪੁੱਜੇ ਪਰਿਵਾਰਕ ਮੈਂਬਰਾਂ ਵੱਲੋ ਉਸਨੂੰ ਬੇਹੋਸ਼ੀ ਦੀ ਹਾਲਤ ਵਿੱਚ ਕਮਿਊਨਿਟੀ ਹੈਲਥ ਸੈਂਟਰ ਮਹਿਲ ਕਲਾਂ ਲਿਜਾਇਆ ਗਿਆ। ਉੱਥੇ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਦੇਖਦੇ ਹੋਏ ਉਸ ਨੂੰ ਸਿਵਲ ਹਸਪਤਾਲ ਬਰਨਾਲਾ ਰੈਫਰ ਕਰ ਦਿੱਤਾ। ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ।ਉਹਨਾਂ ਦੱਸਿਆ ਕਿ ਗੋਬਿੰਦ ਸਿੰਘ ਉਰਫ ਗੋਲਡੀ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਉਸ ਦੀਆਂ ਦੋ ਭੈਣਾਂ ਹਨ ਅਤੇ ਉਸਦੇ ਪਿਤਾ ਅਧਰੰਗ ਦੀ ਬਿਮਾਰੀ ਤੋਂ ਪੀੜਤ ਹੈ। ਥਾਣਾ ਮਹਿਲ ਕਲਾਂ ਦੇ ਏਐਸਆਈ ਸੁਖਵਿੰਦਰ ਸਿੰਘ ਖੇੜੀ ਨੇ ਦਿੰਦਿਆਂ ਦੱਸਿਆ ਕਿ ਮਿ੍ਤਕ ਨੌਜਵਾਨ ਗੋਬਿੰਦ ਸਿੰਘ ਉਰਫ ਗੋਲਡੀ ਦੇ ਚਚੇਰੇ ਭਰਾ ਗੁਰਦੀਪ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਗੰਗੋਹਰ ਦੇ ਬਿਆਨਾਂ ਦੇ ਅਧਾਰ ‘ਤੇ ਅਣਪਛਾਤੇ ਵਹੀਕਲ ਦੇ ਚਾਲਕ ਖ਼ਿਲਾਫ਼ 281/106 BNS ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।