ਬਰਨਾਲਾ,8 ਜੁਲਾਈ (ਨਿਰਮਲ ਸਿੰਘ ਪੰਡੋਰੀ)-
ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਲੀਹੋ ਲੱਥੀ ਸਿਆਸੀ ਗੱਡੀ ਨੂੰ ਮੁੜ ਲਾਈਨ ‘ਤੇ ਪਾਉਣ ਲਈ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਦੀਆਂ ਸਰਗਰਮੀਆਂ ਵਿੱਢੀਆਂ ਹੋਈਆਂ ਹਨ। ਇਸੇ ਮੁਹਿੰਮ ਤਹਿਤ ਬਰਨਾਲਾ ਜ਼ਿਲ੍ਹੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਨੇ ਸੁਖਬੀਰ ਸਿੰਘ ਬਾਦਲ ਦੇ ਵਫ਼ਾਦਾਰ ਅਤੇ ਪਰਖੇ ਹੋਏ ਜਰਨੈਲਾਂ ਨੂੰ ਜ਼ਿਲ੍ਹੇ ਦੀ ਵਾਗਡੋਰ ਸੌਪੀ ਹੈ। ਦਲ ਨੇ ਵਿਧਾਨ ਸਭਾ ਹਲਕਾ ਭਦੌੜ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਨੂੰ ਬਰਨਾਲਾ ਜ਼ਿਲ੍ਹੇ ਦੇ ਦਿਹਾਤੀ ਖੇਤਰ ਦਾ ਪ੍ਰਧਾਨ ਅਤੇ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਨੂੰ ਸ਼ਹਿਰੀ ਖੇਤਰ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਜ਼ਿਕਰਯੋਗ ਹੈ ਕਿ ਲੋਕ ਸਭਾ ਹਲਕਾ ਸੰਗਰੂਰ ਵਿੱਚ ਢੀਂਡਸਾ ਪਰਿਵਾਰ ਅਤੇ ਬਾਦਲ ਪਰਿਵਾਰ ਦੀ ਮੌਜੂਦਗੀ ਦੇ ਕਾਰਨ ਪੰਜ ਮੈਂਬਰੀ ਭਰਤੀ ਕਮੇਟੀ ਦੀਆਂ ਸਰਗਰਮੀਆਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਸੰਗਰੂਰ ਅਤੇ ਬਰਨਾਲਾ ਜ਼ਿਲ੍ਹੇ ‘ਚ ਪਾਰਟੀ ਦੇ ਟਕਸਾਲੀ ਜਥੇਦਾਰਾਂ ਨੂੰ ਨਾਲ ਜੋੜੀ ਰੱਖਣ ਲਈ ਚਾਰਾਜੋਈ ਕਰ ਰਿਹਾ ਹੈ ਜਦਕਿ ਢੀਂਡਸਾ ਤੇ ਬਰਨਾਲਾ ਪਰਿਵਾਰ ਦੇ ਆਗੂ ਪੰਜ ਮੈਂਬਰੀ ਭਰਤੀ ਕਮੇਟੀ ਦੀ ਅਗਵਾਈ ਹੇਠ ਇਹਨਾਂ ਸਾਰੇ ਪੁਰਾਣੇ ਟਕਸਾਲੀ ਜਥੇਦਾਰਾਂ ‘ਤੇ ਡੋਰੀਆਂ ਪਾ ਰਹੇ ਹਨ, ਅਜਿਹੇ ਹਾਲਾਤਾਂ ਵਿੱਚ ਰਾਹੀ ਅਤੇ ਬਿੱਟੂ ਦੀਵਾਨਾ ਦੀ ਕਾਰਗੁਜ਼ਾਰੀ ਮਾਇਨੇ ਰੱਖਦੀ ਹੈ ਕਿ ਉਹ ਪਿਛਲੇ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਹੋ ਕੇ ਝਾੜੂ ਚੁੱਕਣ ਵਾਲੇ ਅਤੇ ਪੰਜ ਮੈਂਬਰੀ ਭਰਤੀ ਕਮੇਟੀ ਦੀ ਅਗਵਾਈ ਕਬੂਲ ਕਰਨ ਵਾਲੇ ਟਕਸਾਲੀ ਅਕਾਲੀ ਜਥੇਦਾਰਾਂ ਨੂੰ ਵਾਪਸ ਕਿਵੇਂ ਮੋੜ ਕੇ ਲਿਆਉਂਦੇ ਹਨ।