ਬਰਨਾਲਾ 7 ਜੁਲਾਈ (ਨਿਰਮਲ ਸਿੰਘ ਪੰਡੋਰੀ)-
ਜਿਲ੍ਹੇ ਦੀ ਸਬ ਡਵੀਜ਼ਨ ਤਪਾ ਮੰਡੀ ਦੇ ਨੇੜੇ ਪਿੰਡ ਦਰਾਕਾ ਵਿਖੇ ਪਿੰਡ ਦੇ ਇੱਕ ਡੂੰਘੇ ਛੱਪੜ ਵਿੱਚ ਦੋ ਬੱਚਿਆਂ ਦੇ ਡੁੱਬ ਕੇ ਮਰ ਜਾਣ ਦੀ ਦੁੱਖਦਾਈ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੋਵੇਂ ਬੱਚੇ ਲਵਪ੍ਰੀਤ ਸਿੰਘ ਪੁੱਤਰ ਸਤਨਾਮ ਅਤੇ ਨਵਜੋਤ ਸਿੰਘ ਪੁੱਤਰ ਕਾਲਾ ਸਿੰਘ ਦੂਜੀ ਅਤੇ ਤੀਜੀ ਕਲਾਸ ਦੇ ਵਿੱਚ ਪੜਦੇ ਸਨ ਜਿਨਾਂ ਦੀ ਉਮਰ ਛੇ ਸਾਲ ਦੇ ਕਰੀਬ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਵਿੱਚ ਸਰਕਾਰ ਵੱਲੋਂ ਜੋ ਛੱਪੜ ਬਣਾਇਆ ਜਾ ਰਿਹਾ ਹੈ ਉਹ ਕਾਫੀ ਡੂੰਘਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਛੱਪੜ ਦੇ ਕਿਨਾਰੇ ਕੋਈ ਚਿਤਾਵਨੀ ਬੋਰਡ ਵੀ ਨਹੀਂ ਲੱਗਿਆ ਹੋਇਆ। ਪਿੰਡ ਵਾਸੀਆਂ ਨੇ ਦੱਸਿਆ ਕਿ ਅੱਜ ਮੀਂਹ ਦਾ ਪਾਣੀ ਉਸ ਛੱਪੜ ਵਿੱਚ ਖੜ ਜਾਣ ਕਾਰਨ ਪਿੰਡ ਦੇ ਕਈ ਬੱਚੇ ਖੇਡਦੇ ਖੇਡਦੇ ਨਹਾਉਣ ਲੱਗੇ ਪ੍ਰੰਤੂ ਪਾਣੀ ਜ਼ਿਆਦਾ ਹੋਣ ਕਾਰਨ ਇਹ ਦੋਵੇਂ ਛੱਪੜ ਦੇ ਪਾਣੀ ਵਿੱਚ ਡੁੱਬ ਗਏ, ਜਿਸ ਤੋਂ ਬਾਅਦ ਬਾਕੀ ਬੱਚਿਆਂ ਨੇ ਰੌਲਾ ਪਾਇਆ ਤਾਂ ਮੌਕੇ ‘ਤੇ ਪੁੱਜੇ ਲੋਕਾਂ ਨੇ ਦੋਵੇਂ ਬੱਚਿਆਂ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਬੱਚਿਆਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਤੋਂ ਬਾਅਦ ਦੋਵੇਂ ਬੱਚਿਆਂ ਦੇ ਪਰਿਵਾਰਾਂ ਦਾ ਰੋ ਰੋ ਬੁਰਾ ਹਾਲ ਹੈ ਅਤੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ। ਇਹਨਾਂ ਦੋਵੇਂ ਬੱਚਿਆਂ ਦੇ ਪਰਿਵਾਰ ਮਜ਼ਦੂਰੀ ਕਰਦੇ ਹਨ। ਪਿੰਡ ਵਾਸੀਆਂ ਨੇ ਪਰਿਵਾਰ ਲਈ ਸਰਕਾਰ ਤੋਂ ਮੁਆਵਜੇ ਦੀ ਮੰਗ ਕੀਤੀ ਹੈ।