Skip to main content

Gee 98News

…ਜੇ ਖ਼ੂਨ ਤੇ ਪਾਣੀ ਇਕੱਠੇ ਨਹੀਂ ਰਹਿ ਸਕਦੇ ਤਾਂ ਮੈਚ ਕਿਉਂ ਹੋ ਰਿਹਾ…. ਭਾਰਤ ਤੇ ਪਾਕਿਸਤਾਨ ਦੇ ਕ੍ਰਿਕਟ ਮੈਚ ਦਾ ਵਿਰੋਧ

ਚੰਡੀਗੜ੍ਹ, 14 ਸਤੰਬਰ, Gee98 news service

-ਕੁਝ ਮਹੀਨੇ ਪਹਿਲਾਂ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਨਾਲ ਸੰਬੰਧਿਤ ਇੱਕ ਤਸਵੀਰ ਨੇ ਭਾਰਤੀ ਲੋਕਾਂ ਦੇ ਮਨਾਂ ਵਿੱਚ ਤਰਥੱਲੀ ਮਚਾ ਦਿੱਤੀ ਸੀ। ਇਹ ਤਸਵੀਰ ਅੱਤਵਾਦੀਆਂ ਦੀ ਗੋਲੀ ਦਾ ਸ਼ਿਕਾਰ ਹੋਏ ਸ਼ੁਭਮ ਦਿਵੇਦੀ ਦੀ ਮ੍ਰਿਤਕ ਦੇਹ ਕੋਲ ਬੈਠੀ ਉਸ ਦੀ ਪਤਨੀ ਐਸਾਨਿਆ ਦਿਵੇਦੀ ਦੀ ਸੀ। ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਭਾਰਤੀ ਲੋਕਾਂ ਦੇ ਮਨਾਂ ‘ਚ ਪਾਕਿਸਤਾਨ ਦੇ ਪ੍ਰਤੀ ਨਫ਼ਰਤ ਦੇ ਭਾਂਬੜ ਮੱਚੇ ਸਨ ਅਤੇ ਭਾਰਤੀ ਨੇਤਾਵਾਂ ਨੇ ਵੀ ਪਾਕਿਸਤਾਨ ਦੇ ਖ਼ਿਲਾਫ਼ ਅੱਗ ਉਗਲੀ ਸੀ ਪ੍ਰੰਤੂ ਹੁਣ ਏਸ਼ੀਆ ਕੱਪ ਤਹਿਤ ਭਾਰਤੀ ਕ੍ਰਿਕਟ ਟੀਮ ਦਾ ਪਾਕਿਸਤਾਨ ਦੀ ਕ੍ਰਿਕਟ ਟੀਮ ਨਾਲ ਮੈਚ ਕਰਵਾਏ ਜਾਣ ‘ਤੇ ਲੋਕਾਂ ਦਾ ਗੁੱਸਾ ਸਿਖ਼ਰ ‘ਤੇ ਹੈ। ਹੁਣ ਇਸ ਤਸਵੀਰ ਦੀ ਪੀੜ੍ਹਤ ਪਾਤਰ ਸ਼ੁਭਮ ਦਿਵੇਦੀ ਦੀ ਪਤਨੀ ਐਸ਼ਾਨਿਆ ਦਿਵੇਦੀ ਨੇ ਐਤਵਾਰ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਏਸ਼ੀਆ ਕੱਪ ਕ੍ਰਿਕਟ ਮੈਚ ਦੇ ਬਾਈਕਾਟ ਦਾ ਸੱਦਾ ਦਿੱਤਾ ਹੈ। ਦਿਵੇਦੀ ਦੀ ਪਤਨੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟੈਲੀਵਿਜ਼ਨ ‘ਤੇ ਵੀ ਮੈਚ ਨਾ ਦੇਖਣ। ਉਸ ਨੇ ਕਿਹਾ, ‘ਮੈਂ ਲੋਕਾਂ ਨੂੰ ਇਸ ਦਾ ਬਾਈਕਾਟ ਕਰਨ ਦੀ ਅਪੀਲ ਕਰਦੀ ਹਾਂ,ਨਾ ਤਾਂ ਇਸ ਨੂੰ ਦੇਖਣ ਜਾਓ ਅਤੇ ਨਾ ਹੀ ਦੇਖਣ ਲਈ ਟੀਵੀ ਚਲਾਓ।’

                                         ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਨਿਖੇਧੀ ਕਰਦਿਆਂ ਉਸ ਨੇ ਕਿਹਾ ਕਿ ਬੋਰਡ ਅਤਿਵਾਦੀ ਹਮਲੇ ਵਿੱਚ ਮਾਰੇ ਗਏ 26 ਵਿਅਕਤੀਆਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਸ਼ੀਲ ਨਹੀਂ ਹੈ।ਭਾਰਤੀ ਕ੍ਰਿਕਟ ਟੀਮ ‘ਤੇ ਸਵਾਲ ਉਠਾਉਂਦਿਆਂ ਉਸ ਨੇ ਦਾਅਵਾ ਕੀਤਾ ਕਿ ਦੋ-ਤਿੰਨ ਕ੍ਰਿਕਟਰਾਂ ਨੂੰ ਛੱਡ ਕੇ ਕਿਸੇ ਵੀ ਖਿਡਾਰੀ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਇਸ ਮੈਚ ਦੇ ਬਾਈਕਾਟ ਦੀ ਮੰਗ ਨਹੀਂ ਕੀਤੀ। ਉਸ ਨੇ ਕਿਹਾ ਕਿ ਕ੍ਰਿਕਟਰਾਂ ਨੂੰ ਆਪਣੇ ਦੇਸ਼ ਲਈ ਸਟੈਂਡ ਲੈਣਾ ਚਾਹੀਦਾ ਹੈ। ਉਸ ਨੇ ਸਪਾਂਸਰਾਂ ਅਤੇ ਬ੍ਰਾਡਕਾਸਟਰਾਂ ‘ਤੇ ਵੀ ਸਵਾਲ ਚੁੱਕੇ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸ਼ਿਵ ਸੈਨਾ ਦੇ ਊਧਵ ਠਾਕਰੇ ਨੇ ਮੈਚ ਕਰਵਾਏ ਜਾਣ ਦਾ ਵਿਰੋਧ ਕੀਤਾ ਹੈ। ਸ਼੍ਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਦੇਸ਼ ਦੇ ਲੋਕਾਂ ਨਾਲ ਧੋਖਾ ਹੈ। ਸ੍ਰੀ ਊਧਵ ਠਾਕਰੇ ਨੇ ਕਿਹਾ ਕਿ ਜਦੋਂ ਖ਼ੂਨ ਤੇ ਪਾਣੀ ਇਕੱਠੇ ਨਹੀਂ ਵਹਿ ਸਕਦੇ ਤਾਂ ਮੈਚ ਕਿਉਂ ਹੋ ਰਿਹਾ ਹੈ। ਦੱਸ ਦੇਈਏ ਕਿ BCCI ਦੇ ਬਹੁਤੇ ਮੈਂਬਰ ਵੀ ਮੈਚ ਦੇਖਣ ਨਹੀਂ ਜਾ ਰਹੇ। ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਪਹਿਲਗਾਮ ਵਿੱਚ ਜੋ ਹੋਇਆ ਉਸ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।ਜ਼ਿਕਰਯੋਗ ਹੈ ਕਿ 22 ਅਪ੍ਰੈਲ 2025 ਨੂੰ ਪਹਿਲਗਾਮ ਵਿੱਚ ਅੱਤਵਾਦੀ ਹਮਲੇ ‘ਚ 26 ਸੈਲਾਨੀ ਮਾਰੇ ਗਏ ਸਨ।‌ਦੂਜੇ ਪਾਸੇ ਫੈਡਰੇਸ਼ਨ ਆਫ਼ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੋਂ ਮੈਚ ਦਾ ਪ੍ਰਸਾਰਨ ਰੋਕੇ ਜਾਣ ਦੀ ਮੰਗ ਕੀਤੀ ਹੈ। ਕੁੱਲ ਮਿਲਾ ਕੇ ਭਾਰਤ ਵਿੱਚ ਇਸ ਮੈਚ ਦਾ ਹੇਠਲੇ ਪੱਧਰ ਤੱਕ ਵਿਰੋਧ ਹੋ ਰਿਹਾ ਹੈ ਅਤੇ ਮੌਕੇ ਦੀ ਕੇਂਦਰ ਸਰਕਾਰ ‘ਤੇ ਦੋਗਲੀ ਨੀਤੀ ਦੇ ਦੋਸ਼ ਲੱਗ ਰਹੇ ਹਨ।

Gee98 Ads
error: Content is protected !!