Gee 98News

ਤਪਾ ਪੁਲਿਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ…ਬਿਹਾਰ ਤੋਂ ਝੋਨਾ ਲਾਉਣ ਆਇਆ ਪ੍ਰਵਾਸੀ ਮਜ਼ਦੂਰ ਨਾਲ ਦੇ ਮਜ਼ਦੂਰਾਂ ਨੇ ਹੀ ਮਾਰ ਕੇ ਦੱਬ ਦਿੱਤਾ ਸੀ

ਬਰਨਾਲਾ,14 ਜੁਲਾਈ, (ਨਿਰਮਲ ਸਿੰਘ ਪੰਡੋਰੀ)-

ਬਰਨਾਲਾ ਦੀ ਸਬ ਡਵੀਜ਼ਨ ਤਪਾ ਦੀ ਪੁਲਿਸ ਨੇ ਇੱਕ ਪ੍ਰਵਾਸੀ ਮਜ਼ਦੂਰ ਦੇ ਅੰਨ੍ਹੇ ਕਤਲ ਕੇਸ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਕਤਲ ਦੇ ਦੋਸ਼ੀ 10 ਪ੍ਰਵਾਸੀ ਮਜ਼ਦੂਰਾਂ ਸਮੇਤ 11 ਜਣਿਆਂ ਦੇ ਖ਼ਿਲਾਫ਼ ਕਤਲ ਅਤੇ ਹੋਰ ਵੱਖ ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ‌ ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਜਦਕਿ ਬਾਕੀ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਟੀਮਾਂ ਗਠਿਤ ਕਰਕੇ ਛਾਪਾਮਾਰੀ ਕੀਤੀ ਜਾ ਰਹੀ ਹੈ। ‌ ਇਸ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਬਰਨਾਲਾ ਦੇ ਐਸਪੀ (ਡੀ) ਸ੍ਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਬਿਹਾਰ ਦੇ ਜ਼ਿਲ੍ਹਾ ਪੂਰਨੀਆਂ ਦੇ ਥਾਣਾ ਜਾਨਕੀ ਨਗਰ ਤੋਂ ਇੱਕ ਜ਼ੀਰੋ ਨੰਬਰ ਐਫਆਈਆਰ ਬਰਨਾਲਾ ਪੁਲਿਸ ਨੂੰ ਮਿਲੀ ਜਿਸ ਵਿੱਚ ਸੰਗੀਤਾ ਦੇਵੀ ਪਤਨੀ ਅਕਸ਼ੇ ਕੁਮਾਰ ਉਰਫ ਸ਼ੰਕਰ ਨੇ ਉਸਦੇ ਪਤੀ ਅਕਸ਼ੇ ਕੁਮਾਰ ਸ਼ੰਕਰ ਦੇ ਝੋਨਾ ਲਗਾਉਣ ਦਾ ਸੀਜ਼ਨ ਲਾਉਣ ਲਈ ਪੰਜਾਬ ਦੇ ਤਪਾ ਖੇਤਰ ਵਿੱਚ ਆਉਣ ਦਾ ਜ਼ਿਕਰ ਕੀਤਾ ਪ੍ਰੰਤੂ ਸੰਗੀਤਾ ਦੇਵੀ ਦੇ ਦੱਸਣ ਅਨੁਸਾਰ ਸ਼ੰਕਰ ਵਾਪਸ ਮੁੜਕੇ ਆਪਣੇ ਜੱਦੀ ਰਾਜ ਬਿਹਾਰ ਦੇ ਪਿੰਡ ਸਿਲਾਨਾਥ ਰਪੋਲੀ ਨਹੀਂ ਗਿਆ।

                                           ਸੰਗੀਤਾ ਦੇਵੀ ਨੇ ਦੱਸਿਆ ਕਿ ਉਸ ਦਾ ਪਤੀ ਅਕਸ਼ੇ ਕੁਮਾਰ ਉਰਫ ਸ਼ੰਕਰ ਉਹਨਾਂ ਦੇ ਪਿੰਡ ਦੇ ਹੀ ਹੋਰ ਮਜ਼ਦੂਰ ਖੁਸ਼ੀ ਲਾਲ ਰਿਸ਼ੀਦੇਵ, ਪ੍ਰਮੋਦ ਰਿਸ਼ੀਦੇਵ, ਭੂਮੀ ਰਿਸ਼ੀਦੇਵ, ਜਗਨ ਰਿਸ਼ੀਦੇਵ, ਦਿਲਖੁਸ਼ ਕੁਮਾਰ, ਬੰਧਨ ਰਿਸ਼ੀਦੇਵ, ਨਿਕੇਤ ਕੁਮਾਰ, ਮਿਥਲੇਸ ਕੁਮਾਰ, ਅਖਿਲੇਸ਼ ਰਿਸ਼ੀਦੇਵ, ਭੂਸ਼ਣ ਰਾਮ ਦੇ ਨਾਲ ਪੰਜਾਬ ਦੇ ਬਰਨਾਲਾ ਦੇ ਤਪਾ ਖੇਤਰ ਵਿੱਚ ਝੋਨੇ ਦਾ ਸੀਜ਼ਨ ਲਗਾਉਣ ਗਿਆ ਸੀ। ਸੰਗੀਤਾ ਦੇਵੀ ਨੇ ਦੱਸਿਆ ਕਿ ਸਾਰੇ ਮਜ਼ਦੂਰ ਵਾਪਸ ਪਿੰਡ ਆ ਗਏ ਪ੍ਰੰਤੂ ਉਸਦਾ ਪਤੀ ਵਾਪਸ ਪਿੰਡ ਨਹੀਂ ਆਇਆ ਜਦੋਂ ਉਸਨੇ ਇਹਨਾਂ ਤੋਂ ਉਸਦੇ ਪਤੀ ਦੀ ਵਾਪਸੀ ਸਬੰਧੀ ਪੁੱਛਿਆ ਤਾਂ ਇਹਨਾਂ ਨੇ ਕੋਈ ਠੋਸ ਜਵਾਬ ਨਹੀਂ ਦਿੱਤਾ ਜਿਸ ਤੋਂ ਬਾਅਦ ਸੰਗੀਤਾ ਦੇਵੀ ਨੇ ਥਾਣਾ ਜਾਨਕੀਪੁਰ ਜ਼ਿਲ੍ਹਾ ਪੂਰਨੀਆਂ ਸਟੇਟ ਬਿਹਾਰ ਵਿਖੇ ਦਰਖਾਸਤ ਦਿੱਤੀ ਜੋ ਈਮੇਲ ਰਾਹੀਂ ਬਰਨਾਲਾ ਪੁਲਿਸ ਨੂੰ ਮਿਲਣ ਤੋਂ ਬਾਅਦ ਥਾਣਾ ਤਪਾ ਵਿਖੇ 1 ਸਤੰਬਰ 2025 ਨੂੰ ਉਕਤ ਮਾਮਲੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ। ਐਸਪੀ (ਡੀ) ਸ੍ਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਤਪਾ ਸਬ ਡਵੀਜ਼ਨ ਦੇ ਡੀਐਸਪੀ ਗੁਰਵਿੰਦਰ ਸਿੰਘ ਅਤੇ ਥਾਣਾ ਤਪਾ ਦੇ ਐਸਐਚਓ ਸ਼ਰੀਫ਼ ਖਾਨ ਨੇ ਬਿਹਾਰ ਤੋਂ ਝੋਨਾ ਲਗਾਉਣ ਆਏ ਪ੍ਰਵਾਸੀ ਮਜ਼ਦੂਰ ਦੀ ਤਪਾ ਖੇਤਰ ਵਿੱਚ ਗੁੰਮਸ਼ੁੰਦਗੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੂਰੀ ਮਿਹਨਤ ਨਾਲ ਤਫਤੀਸ਼ ਕੀਤੀ ਅਤੇ ਦੌਰਾਨ ਤਫਤੀਸ਼ ਦੋਸ਼ੀ ਖੁਸ਼ੀ ਲਾਲ ਰਿਸ਼ੀਦੇਵ ਤੇ ਭੂਮੀ ਰਿਸ਼ੀਦੇਵ ਨੂੰ ਗ੍ਰਿਫ਼ਤਾਰ ਕੀਤਾ ਜਿਨਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹਨਾਂ ਨੇ 12 ਜੁਲਾਈ 2025 ਨੂੰ ਅਕਸ਼ੇ ਕੁਮਾਰ ਉਰਫ ਸ਼ੰਕਰ ਦਾ ਕਤਲ ਕਰਨ ਤੋਂ ਬਾਅਦ ਉਸਦੀ ਲਾਸ਼ ਨੂੰ ਢਿੱਲਵਾਂ ਪਿੰਡ ਵਿਖੇ ਡਰੇਨ ਦੇ ਕਿਨਾਰੇ ਕਿਸੇ ਜਗ੍ਹਾ ਦਫਨਾ ਦਿੱਤਾ ਸੀ। ਉਹਨਾਂ ਦੱਸਿਆ ਕਿ ਦੋਸ਼ੀਆਂ ਖੁਸ਼ੀ ਲਾਲ ਰਿਸ਼ੀਦੇਵ ਤੇ ਭੂਮੀ ਰਿਸ਼ੀਦੇਵ ਨੂੰ ਨਾਲ ਲੈ ਕੇ ਦੱਸੀ ਗਈ ਜਗ੍ਹਾ ‘ਤੇ ਡਿਊਟੀ ਮੈਜਿਸਟ੍ਰੇਟ ਨਾਇਬ ਤਹਿਸੀਲਦਾਰ ਓਕਾਰ ਸਿੰਘ ਸਮੇਤ ਹੋਰ ਸਿਵਲ ਪ੍ਰਸ਼ਾਸ਼ਨ ਦੇ ਕਰਮਚਾਰੀਆਂ ਦੇ ਨਾਲ ਪੁਲਿਸ ਪਾਰਟੀ ਮੌਕਾ ਬਕੂਆ ‘ਤੇ ਪੁੱਜੀ ਅਤੇ ਜੇਸੀਬੀ ਮਸੀਨ ਨਾਲ ਦੋਸ਼ੀਆਂ ਵੱਲੋਂ ਦੱਸੀ ਜਗ੍ਹਾ ਦੀ ਖੁਦਾਈ ਕੀਤੀ ਪ੍ਰੰਤੂ ਉਥੋਂ ਸ਼ੰਕਰ ਦੀ ਲਾਸ਼ ਬਰਾਮਦ ਨਹੀਂ ਹੋਈ। ‌ ਉਹਨਾਂ ਦੱਸਿਆ ਕਿ ਦੋਵੇਂ ਦੋਸ਼ੀ ਚਲਾਕ ਕਿਸਮ ਦੇ ਵਿਅਕਤੀ ਸਨ ਜੋ ਪੁਲਿਸ ਨੂੰ ਇਧਰ ਉਧਰ ਘੁਮਾ ਰਹੇ ਸਨ ਅਤੇ ਭਟਕਾਉਣ ਦੀ ਕੋਸ਼ਿਸ਼ ਵੀ ਕਰ ਰਹੇ ਸਨ। ਐਸਪੀਡੀ ਨੇ ਦੱਸਿਆ ਕਿ ਕਈ ਦਿਨ ਤੱਕ ਲਾਸ਼ ਦੀ ਤਲਾਸ਼ ਕੀਤੀ ਗਈ ਪ੍ਰੰਤੂ ਇਸ ਦੌਰਾਨ ਮੌਸਮ ਦੀ ਖਰਾਬੀ ਅਤੇ ਜਿਆਦਾ ਮੀਂਹ ਪੈਣ ਕਰਕੇ ਹੜਾਂ ਦੀ ਸਥਿਤੀ ਕਾਰਨ ਮੌਕਾ ਬਕੂਆ ਵਾਲੀ ਜਗ੍ਹਾ ਡਰੇਨ ਵਿੱਚ ਪਾਣੀ ਬਹੁਤ ਜ਼ਿਆਦਾ ਮਾਤਰਾ ਵਿੱਚ ਭਰ ਜਾਣ ਕਰਕੇ ਅਕਸ਼ੇ ਕੁਮਾਰ ਉਰਫ ਸ਼ੰਕਰ ਦੀ ਲਾਸ਼ ਤਲਾਸ਼ ਨਹੀਂ ਹੋ ਸਕੀ।                                          ਐਸਪੀ ਡੀ ਨੇ ਦੱਸਿਆ ਕਿ ਇਸੇ ਦੌਰਾਨ ਦੋਸ਼ੀਆਂ ਦੀ ਪੁੱਛਗਿੱਛ ਅਤੇ ਤਕਨੀਕੀ ਆਧਾਰ ‘ਤੇ ਪੁਲਿਸ ਨੇ ਇੱਕ ਹੋਰ ਦੋਸ਼ੀ ਅਖਿਲੇਸ਼ ਰਿਸ਼ੀਦੇਵ ਨੂੰ ਗ੍ਰਿਫ਼ਤਾਰ ਕੀਤਾ ਜਿਸ ਨੇ ਸ਼ੰਕਰ ਦੀ ਲਾਸ਼ ਦਫਨਾਉਣ ਵਾਲੀ ਜਗ੍ਹਾ ਵੀ ਸ਼ਨਾਖਤ ਕੀਤੀ ਜਿਸ ਤੋਂ ਬਾਅਦ ਪੁਲਿਸ ਨੇ ਅਕਸ਼ੇ ਕੁਮਾਰ ਉਰਫ ਸ਼ੰਕਰ ਦੀ ਲਾਸ਼ ਬਰਾਮਦ ਕੀਤੀ। ‌ ਐਸਪੀ (ਡੀ) ਨੇ ਦੱਸਿਆ ਕਿ ਇਹਨਾਂ ਪ੍ਰਵਾਸੀ ਮਜ਼ਦੂਰਾਂ ਵੱਲੋਂ ਸ਼ੰਕਰ ਦੇ ਕਤਲ ਦੀ ਵਜ੍ਹਾ ਰੰਜਿਸ਼ ਪੈਸਿਆਂ ਦਾ ਲੈਣ ਦੇਣ ਸੀ। ਇਹ ਸਾਰੇ ਜਾਣੇ ਝੋਨਾ ਲਗਾਉਣ ਦਾ ਸੀਜ਼ਨ ਲਾਉਣ ਲਈ ਬਿਹਾਰ ਤੋਂ ਪੰਜਾਬ ਆਏ ਸਨ ਅਤੇ ਇਸੇ ਦੌਰਾਨ ਇਹਨਾਂ ਦਾ ਪੈਸਿਆਂ ਦਾ ਚੱਕਰ ਪੈ ਗਿਆ ਤੇ ਪੈਸੇ ਦੇ ਲਾਲਚ ਵਿੱਚ ਆ ਕੇ ਇਹਨਾਂ ਸਾਰਿਆਂ ਨੇ ਰਲ ਮਿਲ ਕੇ ਅਕਸ਼ੇ ਕੁਮਾਰ ਦਾ ਕਤਲ ਕਰ ਦਿੱਤਾ ਤੇ ਉਸਦੀ ਲਾਸ਼ ਨੂੰ ਡਰੇਨ ਦੇ ਕਿਨਾਰੇ ਦੱਬ ਦਿੱਤਾ ਸੀ। ਉਹਨਾਂ ਦੱਸਿਆ ਕਿ ਇਸ ਮੁਕੱਦਮੇ ਦੀ ਅਗਲੇਰੀ ਤਫਤੀਸ਼ ਜਾਰੀ ਹੈ ਅਤੇ ਬਾਕੀ ਰਹਿੰਦੇ ਦੋਸ਼ੀਆਂ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪ੍ਰੈੱਸ ਕਾਨਫਰੰਸ ਦੌਰਾਨ ਐਸਪੀ ਡੀ ਅਸ਼ੋਕ ਕੁਮਾਰ ਨੇ ਥਾਣਾ ਤਪਾ ਦੇ ਐਸਐਚਓ ਸਬ ਇੰਸਪੈਕਟਰ ਸਰੀਫ ਖਾਨ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਵੱਲੋਂ ਕੀਤੇ ਕੰਮ ਦੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਇਸ ਅੰਨ੍ਹੇ ਕਤਲ ਦੀ ਗੁੱਥੀ ਸਲਝਾਉਣ ਲਈ ਮਾਨਯੋਗ ਐਸਐਸਪੀ ਬਰਨਾਲਾ ਵੱਲੋਂ ਸਬੰਧਿਤ ਪੁਲਿਸ ਅਫ਼ਸਰਾਂ ‘ਤੇ ਪੁਲਿਸ ਪਾਰਟੀ ਨੂੰ ਯੋਗ ਇਨਾਮ ਵੀ ਦਿੱਤਾ ਜਾ ਰਿਹਾ ਹੈ। ਤਪਾ ਪੁਲਿਸ ਨੇ ਇਸ ਮਾਮਲੇ ਵਿੱਚ ਉਕਤ ਵਰਨਣ ਕੀਤੇ 10 ਪ੍ਰਵਾਸੀ ਦੋਸ਼ੀਆਂ ਤੋਂ ਇਲਾਵਾ ਤਪਾ ਖੇਤਰ ਦੇ ਇੱਕ ਸਤਨਾਮ ਸਿੰਘ ਪੁੱਤਰ ਨਾਮਲੂਮ ਵਾਸੀ ਥਾਣਾ ਤਪਾ ਮੰਡੀ ਜਿਲ੍ਹਾ ਬਰਨਾਲਾ ਨੂੰ ਵੀ ਨਾਮਜ਼ਦ ਕੀਤਾ ਹੈ। ‌

Gee98 Ads
error: Content is protected !!