Gee 98News

…ਹਸਪਤਾਲ ‘ਚ ਬਦਲਿਆ ਗਿਆ ਨਵ ਜਨਮਿਆ ਬੱਚਾ….ਹੋ ਗਿਆ ਹੰਗਾਮਾ….ਹੁਣ ਹੋਵੇਗਾ ਡੀਐਨਏ ਟੈਸਟ

ਚੰਡੀਗੜ੍ਹ,14 ਸਤੰਬਰ, Gee98 news service

-ਇੱਕ ਨਿੱਜੀ ਹਸਪਤਾਲ ਵਿੱਚ ਇੱਕ ਔਰਤ ਦੇ ਜਣੇਪੇ ਤੋਂ ਬਾਅਦ ਉਸ ਵੇਲੇ ਹੰਗਾਮਾ ਖੜਾ ਹੋ ਗਿਆ ਜਦ ਔਰਤ ਦੇ ਪਤੀ ਨੇ ਦਾਅਵਾ ਕੀਤਾ ਕਿ ਉਸ ਦੀ ਪਤਨੀ ਨੇ ਬੇਟੇ ਨੂੰ ਜਨਮ ਦਿੱਤਾ ਸੀ ਪਰੰਤੂ ਹਸਪਤਾਲ ਦੇ ਸਟਾਫ਼ ਨੇ ਉਹਨਾਂ ਦੀ ਝੋਲੀ ਬੇਟੀ ਪਾ ਦਿੱਤੀ। ਜਣੇਪੇ ਵਾਲੀ ਔਰਤ ਦੇ ਪਤੀ ਸੰਦੀਪ ਸਿੰਘ ਦਾ ਕਹਿਣਾ ਹੈ ਕਿ ਬੱਚੇ ਦੇ ਜਨਮ ਤੋਂ ਬਾਅਦ ਹਸਪਤਾਲ ਦੇ ਸਟਾਫ਼ ਨੇ ਉਸਨੂੰ ਬੇਟੇ ਦੀ ਵਧਾਈ ਦਿੱਤੀ ਪਰੰਤੂ ਬਾਅਦ ਵਿੱਚ ਉਹਨਾਂ ਦੀ ਝੋਲੀ ਬੇਟੀ ਲਿਆ ਕੇ ਪਾ ਦਿੱਤੀ। ਇਹ ਘਟਨਾ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਨਾਲ ਸੰਬੰਧਿਤ ਹੈ ਜਿੱਥੇ ਉਕਤ ਹੰਗਾਮਾ ਹੋਇਆ ਜਿਸ ਤੋਂ ਬਾਅਦ ਪੁਲਿਸ ਬੁਲਾਉਣੀ ਪਈ। ਔਰਤ ਦੇ ਪਤੀ ਦਾ ਕਹਿਣਾ ਹੈ ਕਿ ਉਸ ਦੇ ਪਹਿਲਾਂ ਦੋ ਧੀਆਂ ਹਨ, ਸ਼ਨੀਵਾਰ ਉਸ ਦੀ ਪਤਨੀ ਨੇ ਤੀਜੇ ਬੱਚੇ ਨੂੰ ਜਨਮ ਦਿੱਤਾ ਤਾਂ ਸਟਾਫ਼ ਨੇ ਕਿਹਾ ਕਿ ਬੇਟਾ ਹੋਇਆ ਹੈ ਜਿਸ ਤੋਂ ਬਾਅਦ ਉਸਨੇ ਸਾਰੇ ਰਿਸ਼ਤੇਦਾਰਾਂ ਨੂੰ ਬੇਟਾ ਹੋਣ ਦੀ ਸੂਚਨਾ ਦਿੱਤੀ ਪ੍ਰੰਤੂ ਕੁਝ ਸਮੇਂ ਬਾਅਦ ਸਟਾਫ਼ ਨੇ ਕਿਹਾ ਕਿ ਨਵ ਜਨਮਿਆ ਬੱਚਾ ਬੇਟੀ ਹੈ।

                                       ਇਹ ਪਰਿਵਾਰ ਹਰਿਆਣਾ ਦੇ ਗੌਂਡਰ ਪਿੰਡ ਦਾ ਰਹਿਣ ਵਾਲਾ ਹੈ ਜਿਨਾਂ ਨੇ ਇਸ ਮਾਮਲੇ ‘ਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੱਕ ਪਹੁੰਚ ਕੀਤੀ ਜਿਸ ਤੋਂ ਬਾਅਦ ਮੁੱਖ ਮੰਤਰੀ ਸੈਣੀ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨਾਲ ਗੱਲ ਕੀਤੀ ਅਤੇ ਅਖ਼ੀਰ ਇਹ ਫੈਸਲਾ ਹੋਇਆ ਕਿ ਪੈਦਾ ਹੋਣ ਵਾਲੇ ਬੱਚੇ ਦੀ ਸੱਚਾਈ ਸਾਹਮਣੇ ਲਿਆਉਣ ਲਈ ਪਰਿਵਾਰ ਦਾ ਡੀਐਨਏ ਟੈਸਟ ਕੀਤਾ ਜਾਵੇਗਾ। ਜੇਕਰ ਨਵਜਨਮੀ ਬੱਚੀ ਦਾ ਡੀਐਨਏ ਪਰਿਵਾਰ ਨਾਲ ਮੇਲ ਕਰ ਗਿਆ ਤਾਂ ਪਰਿਵਾਰ ਬੱਚੀ ਨੂੰ ਲੈ ਜਾਵੇਗਾ ਨਹੀਂ ਹਸਪਤਾਲ ਕਾਰਵਾਈ ਦੇ ਘੇਰੇ ਵਿੱਚ ਆਵੇਗਾ। ਦੂਜੇ ਪਾਸੇ ਹਸਪਤਾਲ ਦੇ ਸੀਈਓ ਆਦਰਸ਼ ਸੂਰੀ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਅਤੇ ਕਿਹਾ ਕਿ ਇਹ ਉਨ੍ਹਾਂ ਦੇ ਹਸਪਤਾਲ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਕੋਈ ਵੀ ਬੱਚਾ ਨਹੀਂ ਬਦਲਿਆ ਗਿਆ ਅਤੇ ਹਸਪਤਾਲ ਪ੍ਰਸ਼ਾਸਨ ਨੇ ਖੁਦ ਪਰਿਵਾਰ ਨੂੰ ਡੀਐਨਏ ਟੈਸਟ ਕਰਵਾਉਣ ਲਈ ਕਿਹਾ। ਸੋਹਾਣਾ ਪੁਲਿਸ ਸਟੇਸ਼ਨ ਦੇ ਇੰਚਾਰਜ ਅਮਨ ਚੌਹਾਨ ਨੇ ਕਿਹਾ ਕਿ ਦੋਵੇਂ ਧਿਰਾਂ ਡੀਐਨਏ ਟੈਸਟ ਲਈ ਸਹਿਮਤ ਹੋ ਗਈਆਂ ਹਨ ਅਤੇ ਰਿਪੋਰਟ ਦੋਵੇਂ ਧਿਰਾਂ ਵੱਲੋਂ ਸਵੀਕਾਰ ਕੀਤੀ ਜਾਵੇਗੀ। ਲੜਕੀ ਦਾ ਆਪ੍ਰੇਸ਼ਨ ਕਰਨ ਵਾਲੀ ਡਾ. ਅਕਾਂਕਸ਼ਾ ਡੋਗਰਾ ਨੇ ਕਿਹਾ ਕਿ ਲੜਕੀ ਦਾ ਜਨਮ ਸਿਜੇਰੀਅਨ ਆਪ੍ਰੇਸ਼ਨ ਰਾਹੀਂ ਹੋਇਆ ਸੀ ਅਤੇ ਉਸ ਦਿਨ ਕੋਈ ਹੋਰ ਬੱਚਾ ਪੈਦਾ ਨਹੀਂ ਹੋਇਆ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਜਨਮ ਤੋਂ ਬਾਅਦ ਲੜਕੀ ਨੂੰ ਪਹਿਲਾਂ ਮਾਂ ਨੂੰ ਅਤੇ ਫਿਰ ਪਿਤਾ ਨੂੰ ਦਿਖਾਇਆ ਗਿਆ। ਬਹਰਹਾਲ ! ਹੁਣ ਇਸ ਮਾਮਲੇ ਦੀ ਸੱਚਾਈ ਡੀਐਨਏ ਰਿਪੋਰਟ ਤੋਂ ਬਾਅਦ ਹੀ ਸਾਹਮਣੇ ਆਵੇਗੀ।

Gee98 Ads
error: Content is protected !!