ਚੰਡੀਗੜ੍ਹ,13 ਅਕਤੂਬਰ, Gee98 news service-
-ਪੰਜਾਬ ਦੇ ਸਰਕਾਰੀ ਹਸਪਤਾਲਾਂ ਦੀਆਂ ਲਾਪਰਵਾਹੀਆਂ ਤੇ ਕਮੀਆਂ- ਪੇਸ਼ੀਆਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਕਈ ਵਾਰ ਤਾਂ ਅਜਿਹੀਆਂ ਲਾਪਰਵਾਹੀਆਂ ਸਾਹਮਣੇ ਆਉਂਦੀਆਂ ਹਨ ਜਿਨਾਂ ‘ਤੇ ਯਕੀਨ ਵੀ ਔਖਾ ਹੀ ਹੁੰਦਾ ਹੈ। ਅਜਿਹੀ ਇੱਕ ਮੰਦਭਾਗੀ ਘਟਨਾ ਮੋਹਾਲੀ ਦੇ ਸਿਵਲ ਹਸਪਤਾਲ ਤੋਂ ਸਾਹਮਣੇ ਆਈ ਹੈ ਜਿੱਥੇ ਮੋਰਚਰੀ ਵਿੱਚ ਲਾਸ਼ ਰੱਖਣ ਵਾਲਾ ਫਰੀਜ਼ਰ ਖਰਾਬ ਹੋਣ ਕਾਰਨ ਇੱਕ ਅੰਤਰਰਾਸ਼ਟਰੀ ਕਲਾਕਾਰ ਦੀ ਲਾਸ਼ ਖਰਾਬ ਹੋ ਗਈ। ਦੱਸ ਦੇਈਏ ਕਿ ਖਰੜ ਦੇ ਰਹਿਣ ਵਾਲੇ ਪ੍ਰਸਿੱਧ ਅਲਗੋਜ਼ਾਵਾਦਕ ਕਰਮਜੀਤ ਸਿੰਘ ਬੱਗਾ ਦਾ ਚਾਰ ਦਿਨ ਪਹਿਲਾਂ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੇ ਪਰਿਵਾਰਕ ਮੈਂਬਰ ਵਿਦੇਸ਼ ਵਿੱਚ ਹੋਣ ਕਾਰਨ ਅੰਤਿਮ ਸਸਕਾਰ ਵਿਚ ਦੇਰੀ ਹੋਣੀ ਸੀ। ਇਸ ਲਈ ਮ੍ਰਿਤਕ ਦੇ ਸਰੀਰ ਨੂੰ ਸੁਰੱਖਿਅਤ ਰੱਖਣ ਲਈ ਪਰਿਵਾਰਕ ਮੈਂਬਰਾਂ ਨੇ ਉਸਨੂੰ ਮੋਹਾਲੀ ਦੇ ਸਿਵਲ ਹਸਪਤਾਲ, ਫੇਜ਼-6 ਦੀ ਮੋਰਚਰੀ ਵਿਚ ਰੱਖਵਾਇਆ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਜਦੋਂ ਪਰਿਵਾਰਕ ਮੈਂਬਰ ਵਿਦੇਸ਼ ਤੋਂ ਵਾਪਸ ਆਏ ਅਤੇ ਲਾਸ਼ ਲੈਣ ਲਈ ਮੋਰਚਰੀ ਪਹੁੰਚੇ, ਉਹਨਾਂ ਦੇਖਿਆ ਕਿ ਲਾਸ਼ ਖਰਾਬ ਹੋ ਚੁੱਕੀ ਸੀ ਅਤੇ ਬਦਬੂ ਆ ਰਹੀ ਸੀ। ਪਰਿਵਾਰਿਕ ਮੈਂਬਰਾਂ ਨੇ ਦੇਖਿਆ ਕਿ ਜਿਸ ਫਰੀਜ਼ਰ ਵਿੱਚ ਲਾਸ਼ ਰੱਖੀ ਹੋਈ ਸੀ ਉਹ ਬੰਦ ਸੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਲਾਸ਼ ਖਰਾਬ ਹੋਈ ਹੈ ਉਸਨੂੰ ਵੇਖਦੇ ਹੋਏ ਲੱਗਦਾ ਹੈ ਕਿ ਫ੍ਰੀਜ਼ਰ ਦੋ ਤੋਂ ਤਿੰਨ ਦਿਨ ਪਹਿਲਾਂ ਹੀ ਬੰਦ ਹੋ ਗਿਆ ਸੀ, ਪ੍ਰੰਤੂ ਹਸਪਤਾਲ ਪ੍ਰਸ਼ਾਸਨ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਜਦੋਂ ਪਰਿਵਾਰ ਨੇ ਇਸ ਮਾਮਲੇ ‘ਚ ਹਸਪਤਾਲ ਅਧਿਕਾਰੀਆਂ ਨਾਲ ਗੱਲ ਕੀਤੀ, ਤਾਂ ਉਨ੍ਹਾਂ ਨੇ ਬਿਜਲੀ ਨਾ ਹੋਣ ਦਾ ਬਹਾਨਾ ਬਣਾ ਦਿੱਤਾ। ਇਸ ਮਾਮਲੇ ਬਾਰੇ ਫੋਰੈਂਸਿਕ ਵਿਭਾਗ ਦੇ ਐਚਓਡੀ ਡਾ. ਅਸ਼ਵਨੀ ਕੁਮਾਰ ਨੇ ਕਿਹਾ ਕਿ ਜਿਸ ਫ੍ਰੀਜ਼ ਵਿੱਚ ਕਲਾਕਾਰ ਦੀ ਲਾਸ਼ ਰੱਖੀ ਗਈ ਸੀ, ਉਹ ਵੀ ਚੱਲ ਰਿਹਾ ਸੀ ਅਤੇ ਉਸ ਦਾ ਤਾਪਮਾਨ ਵੀ ਠੀਕ ਸੀ। ਬਾਅਦ ਵਿੱਚ ਟੈਕਨੀਸ਼ੀਅਨ ਨੂੰ ਬੁਲਾ ਕੇ ਚੈੱਕ ਕਰਵਾਇਆ ਗਿਆ ਤਾਂ ਉਸ ਨੇ ਦੱਸਿਆ ਕਿ ਫ੍ਰੀਜ਼ ਦੀ ਇੱਕ ਕੁਆਇਲ ਵਿੱਚ ਥੋੜੀ ਸਮੱਸਿਆ ਸੀ, ਜਿਸਨੂੰ ਬਾਅਦ ਵਿੱਚ ਠੀਕ ਕਰ ਦਿੱਤਾ ਗਿਆ। ਇਸ ਘਟਨਾ ਨੇ ਸਿਹਤ ਵਿਭਾਗ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਫੋਟੋ ਕੈਪਸ਼ਨ-ਅੰਤਰ ਰਾਸ਼ਟਰੀ ਅਲਗੋਜਾ ਵਾਦਕ ਕਰਮਜੀਤ ਸਿੰਘ ਬੱਗਾ ਦੀ ਫਾਈਲ ਫੋਟੋ










