ਚੰਡੀਗੜ੍ਹ,13 ਅਕਤੂਬਰ, Gee98 news service-
-ਪੰਜਾਬ ‘ਚ ਹੋਣ ਜਾ ਰਹੀ ਰਾਜ ਸਭਾ ਦੀ ਇੱਕ ਸੀਟ ਦੀ ਚੋਣ ਚਰਚਾ ਵਿੱਚ ਹੈ। ਸੱਤਾਧਾਰੀ ਪਾਰਟੀ ਵੱਲੋਂ ਉਦਯੋਗਪਤੀ ਰਜਿੰਦਰ ਗੁਪਤਾ ਨੂੰ ਉਮੀਦਵਾਰ ਬਣਾਇਆ ਗਿਆ ਹੈ, ਜਿਸ ਸਬੰਧੀ ਮੰਨਿਆ ਜਾ ਰਿਹਾ ਹੈ ਕਿ ਵਿਧਾਨ ਸਭਾ ‘ਚ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਦੀ ਗਿਣਤੀ ਦੇ ਮੱਦੇਨਜ਼ਰ ਉਹਨਾਂ ਦੀ ਚੋਣ ਲੱਗਭੱਗ ਤੈਅ ਹੈ। ਪ੍ਰੰਤੂ ਦੂਜੇ ਪਾਸੇ ਰਾਜ ਸਭਾ ਦੀ ਚੋਣ ਨਾਲ ਜੁੜਿਆ ਇੱਕ ਪੱਖ ਅਜਿਹਾ ਵੀ ਸਾਹਮਣੇ ਆ ਰਿਹਾ ਹੈ ਜਿਸ ਨੇ ਸਭ ਦਾ ਧਿਆਨ ਖਿੱਚਿਆ ਹੈ। ਪਦਮਸ੍ਰੀ ਰਜਿੰਦਰ ਗੁਪਤਾ ਦੇ ਮੁਕਾਬਲੇ ਜਨਤਾ ਪਾਰਟੀ ਦੇ ਨਵੀਨ ਚਤੁਰਵੇਦੀ ਨੇ ਵੀ ਰਾਜਸਭਾ ਲਈ ਕਾਗਜ਼ ਭਰੇ ਹਨ। ਧਿਆਨਦੇਣ ਯੋਗ ਹੈ ਕਿ ਰਾਜ ਸਭਾ ਦੀ ਉਮੀਦਵਾਰੀ ਲਈ ਘੱਟੋ ਘੱਟ 10 ਵਿਧਾਇਕਾਂ ਦੀ ਪ੍ਰਪੋਜ਼ਲ ਜ਼ਰੂਰੀ ਹੈ ਅਤੇ ਨਵੀਨ ਚਤਰਵੇਦੀ ਨੇ ਜਿਨਾਂ ਦਾ ਵਿਧਾਇਕਾਂ ਦੀ ਪ੍ਰਪੋਜ਼ਲ ਵਜੋਂ ਆਪਣੀ ਨਾਮਜ਼ਦਗੀ ਪੱਤਰ ‘ਤੇ ਨਾਮ ਲਿਖੇ ਹਨ ਉਹ ਸਾਰੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਨਵੀਨ ਚਤੁਰਵੇਦੀ ਨੇ ਆਪਣੇ ਨਾਮਜ਼ਦਗੀ ਪੱਤਰ ‘ਤੇ ਸੱਤਾਧਾਰੀ ਵਿਧਾਇਕਾਂ ਦੇ ਨਾਮ ਕਿਵੇਂ ਲਿਖ ਦਿੱਤੇ। ਕੀ ਇਨਾਂ ਵਿਧਾਇਕਾਂ ਨੇ ਨਵੀਨ ਚਤੁਰਵੇਦੀ ਨੂੰ ਆਪਣੀ ਸਹਿਮਤੀ ਦਿੱਤੀ ? ਨਵੀਨ ਚਤੁਰਵੇਦੀ ਵੱਲੋਂ ਕਈ ਮੀਡੀਆ ਪਲੇਟਫਾਰਮਾਂ ‘ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਨੂੰ 68 ਵਿਧਾਇਕਾਂ ਦਾ ਸਮਰਥਨ ਪ੍ਰਾਪਤ ਹੈ, ਭਾਵੇਂ ਕਿ ਨਵੀਨ ਚਤੁਰਵੇਦੀ ਦੇ ਇਸ ਦਾਅਵੇ ‘ਤੇ ਯਕੀਨ ਕਰਨਾ ਮੁਸ਼ਕਿਲ ਹੈ ਪਰੰਤੂ ਵੱਡਾ ਸਵਾਲ ਇਹ ਹੈ ਕਿ ਜਿਨਾਂ ਵਿਧਾਇਕਾਂ ਦੇ ਨਾਮ ਚਤੁਰਵੇਦੀ ਨੇ ਆਪਣੇ ਨਾਮਜ਼ਦਗੀ ਪੱਤਰ ‘ਤੇ ਲਿਖੇ ਹਨ ਉਹ ਕਿਵੇਂ ਲਿਖੇ ਗਏ। ਕੀ ਨਵੀਨ ਚਤੁਰਵੇਦੀ ਨੇ ਇਹਨਾਂ ਵਿਧਾਇਕਾਂ ਨੂੰ ਪੁੱਛਿਆ ? ਕੀ ਨਵੀਨ ਦੀ ਇਹਨਾਂ ਵਿਧਾਇਕਾਂ ਨਾਲ ਕੋਈ ਗੁਪਤ ਡੀਲ ਹੋਈ ? ਜੇ ਨਹੀਂ ਤਾਂ ਆਖ਼ਰ ਨਵੀਨ ਚਤੁਰਵੇਦੀ ਨੇ ਕਿਸੇ ਵੀ ਵਿਧਾਇਕ ਦਾ ਨਾਮ ਆਪਣੇ ਨਾਮਜਦਗੀ ਪੱਤਰ ‘ਤੇ ਪ੍ਰਪੋਜ਼ਲ ਵਜੋਂ ਕਿਵੇਂ ਲਿਖ ਦਿੱਤਾ ?
ਕਈ ਦਿਨਾਂ ਤੋਂ ਨਵੀਨ ਚਤੁਰਵੇਦੀ ਇਹਨਾਂ ਵਿਧਾਇਕਾਂ ਦੇ ਨਾਵਾਂ ਦਾ ਖੁਲਾਸਾ ਕਰ ਰਿਹਾ ਹੈ ਅਤੇ ਹੁਣ ਤਾਂ ਵਿਧਾਨ ਸਭਾ ਦੇ ਬਾਹਰ ਉਹਨਾਂ ਵਿਧਾਇਕਾਂ ਦੇ ਨਾਵਾਂ ਦੀ ਸੂਚੀ ਚਿਪਕਾਈ ਗਈ ਹੈ ਜਿਨਾਂ ਨੇ ਨਵੀਨ ਚਤੁਰਵੇਦੀ ਨੂੰ ਪ੍ਰਪੋਜ਼ ਕੀਤਾ ਹੈ। ਜਿਹੜੇ ਵਿਧਾਇਕਾਂ ਦੇ ਨਾਮ ਜਨਤਾ ਪਾਰਟੀ ਦੇ ਨਵੀਨ ਚਤੁਰਵੇਦੀ ਨੇ ਆਪਣੇ ਨਾਮਜ਼ਦਗੀ ਪੱਤਰ ‘ਤੇ ਲਿਖੇ ਹਨ ਉਹਨਾਂ ਵਿੱਚ ਵਿਧਾਇਕ ਅਮੋਲਕ ਸਿੰਘ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਗੁਰਲਾਲ ਘਨੌਰ, ਗੁਰਪ੍ਰੀਤ ਸਿੰਘ ਬਣਾਂਵਾਲੀ, ਕੁਲਵੰਤ ਸਿੰਘ ਬਾਜੀਗਰ, ਮਨਜੀਤ ਸਿੰਘ ਬਿਲਾਸਪੁਰ, ਰਣਬੀਰ ਸਿੰਘ ਭੁੱਲਰ, ਸੁਖਬੀਰ ਸਿੰਘ, ਨਰੇਸ਼ ਕਟਾਰੀਆ ਅਤੇ ਰਜਨੀਸ਼ ਕੁਮਾਰ ਦੇ ਨਾਮ ਹਨ। ਇਹ ਵੱਡੇ ਸਵਾਲ ਖੜੇ ਹੋਏ ਹਨ ਕਿ ਇਹਨਾਂ ਵਿਧਾਇਕਾਂ ਦੇ ਨਾਮ ਨਵੀਨ ਚਤੁਰਵੇਦੀ ਨੇ ਆਪਣੇ ਨਾਮਜ਼ਦਗੀ ਪੱਤਰ ‘ਤੇ ਕਿਵੇਂ ਲਿਖ ਦਿੱਤੇ। ਹੁਣ ਜਦੋਂ ਕਿ ਵਿਧਾਨ ਸਭਾ ਦਫ਼ਤਰ ਦੇ ਬਾਹਰ ਵੀ ਇਹਨਾਂ ਦੀ ਸੂਚੀ ਲੱਗ ਚੁੱਕੀ ਹੈ ਤਾਂ ਆਮ ਆਦਮੀ ਪਾਰਟੀ ਵੱਲੋਂ ਇਹਨਾਂ ਵਿਧਾਇਕਾਂ ਨੂੰ ਕੋਈ ਨੋਟਿਸ ਜਾਰੀ ਕੀਤਾ ਗਿਆ ਹੈ ਜਾਂ ਨਹੀਂ ? ਜੇਕਰ ਪਾਰਟੀ ਵੱਲੋਂ ਇਹਨਾਂ ਵਿਧਾਇਕਾਂ ਨੂੰ ਕੋਈ ਨੋਟਿਸ ਨਹੀਂ ਜਾਰੀ ਕੀਤਾ ਗਿਆ ਤਾਂ ਇਹ ਕਿਸ ਤਰ੍ਹਾਂ ਦੀ ਗੰਢਤੁੱਪ ਹੈ ਕਿ ਕੋਈ ਉਮੀਦਵਾਰ ਆਪਣੇ ਨਾਮਜਦਗੀ ਪੱਤਰ ‘ਤੇ ਕਿਸੇ ਵਿਧਾਇਕ ਦਾ ਨਾਮ ਲਿਖ ਦੇਵੇ ਕਿ ਮੈਨੂੰ ਇਸ ਵਿਧਾਇਕ ਦਾ ਸਮਰਥਨ ਪ੍ਰਾਪਤ ਹੈ। ਜੇਕਰ ਇਹ ਵਿਧਾਇਕ ਨਵੀਨ ਚਤਰਵੇਦੀ ਦੇ ਨਾਲ ਨਹੀਂ ਹਨ ਜਾਂ ਇਹਨਾਂ ਨੇ ਨਵੀਨ ਚਤਰਵੇਦੀ ਨੂੰ ਕੋਈ ਸਹਿਮਤੀ ਨਹੀਂ ਦਿੱਤੀ ਤਾਂ ਹੁਣ ਤੱਕ ਇਹਨਾਂ ਵੱਲੋਂ ਮੀਡੀਆ ਪਲੇਟਫਾਰਮ ‘ਤੇ ਆ ਕੇ ਖੰਡਨ ਕਿਉਂ ਨਹੀਂ ਕੀਤਾ ਗਿਆ ? ਇਸ ਪੱਖ ਨੇ ਰਾਜ ਸਭਾ ਦੀ ਚੋਣ ਨੂੰ ਦਿਲਚਸਪ ਬਣਾ ਦਿੱਤਾ ਹੈ। ਇੱਥੇ ਨਾ ਤਾਂ ਇਹ ਲੱਗਦਾ ਹੈ ਕਿ ਦਾਲ ਕਾਲੀ ਹੈ ਜਾਂ ਦਾਲ ਵਿੱਚ ਕੁਝ ਕਾਲਾ ਹੈ ਇੱਥੇ ਤਾਂ ਇਉ ਲੱਗਦਾ ਹੈ ਕਿ ਘਾਲਾਮਾਲਾ ਹੈ।










