- ਨਿਰਮਲ ਸਿੰਘ ਪੰਡੋਰੀ
*ਮੇਰੇ ਵਾਂਗ ਸੁਣਦੀਆਂ ਤਾਂ ਤੁਹਾਨੂੰ ਵੀ ਹੋਣਗੀਆਂ ਪਰ ਤੁਸੀਂ ਵੀ ਇਸ ਸਸ਼ੋਪੰਜ ਵਿੱਚ ਹੋਵੋਗੇ ਕਿ ਇਹ ਕੂਕਾਂ ਬੇਈਮਾਨੀ ਦੀਆਂ ਨੇ ਕਿ ਈਮਾਨਦਾਰੀ ਦੀਆਂ ਨੇ…ਕਿਧਰੇ 55 ਲੱਖ…ਕਿਧਰੇ 30 ਲੱਖ..ਕਿਤੇ ਇੱਕ ਕਰੋੜ..ਹਾਏ ਮੈਂ ਵਿਕਿਆ,ਹਾਏ ਮੈਂ ਉਹਨੂੰ ਖਰੀਦਿਆ…ਬਹੁਤ ਸਾਰੇ ਲੋਕਾਂ ਨੂੰ 70 ਸਾਲਾਂ ‘ਚ ਪਤਾ ਈਂ ਹੁਣ ਲੱਗਿਆ ਕਿ ਪੈਸੇ ਨਾਲ ਸੰਤਰੇ, ਸੇਬ, ਕੇਲੇ ਹੀ ਨਹੀਂ ਖਰੀਦੇ ਜਾਂਦੇ…ਪੈਸੇ ਨਾਲ ਬੰਦੇ ਤੇ ਅਹੁਦੇ ਵੀ ਖਰੀਦੇ ਜਾਂਦੇ ਨੇ…ਅਸਲ ਵਿੱਚ ਪੰਜਾਬ ਦੇ ਲੋਕਾਂ ਨੂੰ ਸਮਝ ਈਂ ਦੇਰ ਨਾਲ ਲੱਗੀ, ਅਗਲਿਆਂ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਅਸੀਂ ਉਹ ਕੰਮ ਕਰਾਂਗੇ ਜਿਹੜੇ 70 ਸਾਲਾਂ ਵਿੱਚ ਨਹੀਂ ਹੋਏ…ਮਾਮਲੇ ਈਂ ਐਨੇ ਕੁ ਸਾਹਮਣੇ ਆ ਰਹੇ ਨੇ ਕਿ ਇਹ ਖਰੀਦਣ ਅਤੇ ਵਿਕਣ ਦੀਆਂ ਖ਼ਬਰਾਂ ਆਮ ਜਿਹੀਆਂ ਗੱਲਾਂ ਹੀ ਲੱਗਣ ਲੱਗ ਪਈਆਂ ਨੇ…ਹੁਣ ਜਿਹੜੇ ਕਾਨੂੰਨੀ ਕਾਰਵਾਈ ਦੀਆਂ ਗੱਲਾਂ ਕਰਦੇ ਨੇ,ਉਹਨਾਂ ਨੂੰ ਇਹ ਨਹੀਂ ਪਤਾ ਕਿ ਅਗਲੇ ਦੀ ਜ਼ਮੀਰ ਸੀ ਅਗਲੇ ਨੇ ਵੇਚ ਦਿੱਤੀ…ਕਿਸੇ ਨੂੰ ਕੀ..ਤੁਸੀਂ ਆਪਣੇ ਘਰ ਦੀ ਮੱਝ ਵੇਚ ਦੇਵੋ, ਜ਼ਮੀਨ ਵੇਚ ਦੇਵੋ, ਪੁਰਾਣੀ ਗੱਡੀ ਵੇਚ ਦੇਵੋ…ਕੋਈ ਸੋਡੇ ‘ਤੇ ਕਿਵੇਂ ਕਾਨੂੰਨੀ ਕਾਰਵਾਈ ਕਰ ਲਵੇਗਾ…ਫਿਰ ਜ਼ਮੀਰ ਵੀ ਅਗਲੇ ਦੀ ਆਪਣੀ ਹੀ ਹੁੰਦੀ ਆਂ..ਕੋਈ ਵੇਚੇ, ਚਾਹੇ ਸੁੱਟੇ,ਚਾਹੇ ਰੱਖੇ…ਪੁਰਾਣੇ ਸਮਿਆਂ ਵਿੱਚ ਸਰਕਸ ਦੇਖਣ ਜਾਣਾ ਬਹੁਤ ਵੱਡੀ ਗੱਲ ਹੁੰਦੀ ਸੀ…ਤੇ ਹੁਣ ਰੋਜ਼ ਸਰਕਸ…ਚੁਣੀ ਤਾਂ ਸਰਕਾਰ ਸੀ ਬਣਗੀ ਸਰਕਸ…ਨੀਲੀਆਂ-ਚਿੱਟੀਆਂ ਵਾਲਿਆਂ ਨੂੰ ਬਹੁਤੀਆਂ ਕੱਛਾਂ ਵਜਾਉਣ ਦੀ ਲੋੜ ਨਹੀਂ…ਸਰਕਾਰਾਂ ਉਹਨਾਂ ਦੀਆਂ ਵੀ ਸਰਕਸਾਂ ਵਾਂਗ ਹੀ ਚੱਲੀਆਂ ਨੇ…ਫਰਕ ਬੱਸ ਐਨਾ ਕੁ ਰਿਹਾ ਕਿ ਉਹਨਾਂ ਦੇ ਕਲਾਕਾਰ ਹੰਢੇ ਵਰਤੇ ਹੋਏ ਸੀ…ਉਹ ਪਤਾ ਨਹੀਂ ਲੱਗਣ ਦਿੰਦੇ ਸੀ ਕਿ ਕਦੋਂ “ਮਹਾਤਮਾ ਗਾਂਧੀ” ਦੀ ਬੁੱਕਲ ‘ਚ ਜਾ ਬਹਿੰਦੇ ਸੀ… ਤੇ ਹੁਣ ਭਾਵੇਂ ਕਲਾਕਾਰਾਂ ਦਾ ਡਾਇਰੈਕਟਰ ਦਾ ਪੂਰਾ ਹੰਢਿਆ ਵਰਤਿਆ ਹੋਇਆ ਪਰ ਕਲਾਕਾਰ ਥੋੜੇ ਜਿਹੇ ਅਣਜਾਣ ਨੇ…ਐਵੇਂ 30 ਲੱਖ, 55 ਲੱਖ ਵਾਲੀਆਂ ਕੂਕਾਂ ਮਾਰੀ ਜਾਂਦੇ ਨੇ…ਮਾਰੀ ਜਾਣ ਦਿਓ..ਲੱਖਾਂ ਵੀ ਅਗਲੇ ਦੇ,ਕੂਕਾਂ ਵੀ ਅਗਲਿਆਂ ਦੀਆਂ, ਜ਼ਮੀਰਾਂ ਵੀ ਅਗਲਿਆਂ ਦੀਆਂ…ਤੁਸੀਂ ਸੁਣੋ..ਨਜ਼ਾਰੇ ਲਵੋ..ਰੰਗ ਭਾਗ ਲੱਗੇ ਹੋਏ ਨੇ…ਨਜ਼ਾਰੇ ਆਈ ਜਾਂਦੇ ਨੇ…ਕੋਈ ਲੱਖਾਂ ਰੁਪਏ ਦੇ ਕੇ ਕਿਸੇ ਦੀ ਬੁੱਕਲ ‘ਚੋਂ ਨਿਕਲ ਜਾਂਦਾ ਤੇ ਕੋਈ ਕਿਸੇ ਦੀ ਬੁੱਕਲ ‘ਚ ਵੜ ਜਾਂਦਾ ਲਾਂਭਾ ਕਿਹਨੂੰ ਦੇਈਏ…ਜਦੋਂ ਰਾਜਾ ਈਂ ਦਿੱਲੀ ਦੀ ਬੁੱਕਲ ‘ਚ ਜਾ ਬੈਠਾ…ਵਜ਼ੀਰਾਂ ਨੂੰ ਕਾਹਦਾ ਲਾਂਭਾ…ਪਰ ਐਂ ਵਜ਼ੀਰੋ..ਤੁਸੀਂ ਰਾਜੇ ਦੀ ਕਿਰਕਰੀ ਨਾ ਕਰਵਾਓ..30 ਲੱਖ..55 ਲੱਖ ਦੇ ਕੇ ਐਨਾ ਕੁ ਕਹਿ ਦਿਆ ਕਰੋ ਕਿ…ਮਿੱਤਰਾਂ ਦੀ ਲੂਣ ਦੀ ਡਲੀ,ਮਿਸ਼ਰੀ ਬਰੋਬਰ ਜਾਣੀ…ਸਿਆਪਾ ਤਾਂ ਭਾਈ ਉਦੋਂ ਪੈਂਦਾ ਜਦੋਂ ਮਿਸ਼ਰੀ ਦਿੱਲੀ ਚਲੀ ਜਾਂਦੀ ਆਂ…ਤੇ ਲੂਣ ਪੰਜਾਬ ‘ਚ ਰਹਿ ਜਾਂਦਾ…ਤੇ ਪਾਈ ਜਾਓ ਲੂਣ ਸਿਰ ‘ਚ..ਸਵਾਹ ਨਾਲੋਂ ਤਾਂ ਚੰਗਾ ਈਂ ਆਂ…!










