Gee 98News

ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ

ਚੰਡੀਗੜ੍ਹ 6 ਜਨਵਰੀ 2026, Gee98 news service-

ਪੰਜਾਬ ‘ਚ ਅਮਨ ਕਾਨੂੰਨ ਦੇ ਹਾਲਾਤ ਚਿੰਤਾਜਨਕ ਬਣੇ ਹੋਏ ਹਨ। ਸੂਬੇ ਦੇ ਕਿਸੇ ਨਾ ਕਿਸੇ ਕੋਨੇ ਵਿੱਚ ਰੋਜ਼ਾਨਾ ਕਤਲ ਦੀ ਵਾਰਦਾਤ ਹੋ ਰਹੀ ਹੈ। ਪਿਛਲੇ ਕੁਝ ਸਮੇਂ ਤੋਂ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਵਰਕਰਾਂ/ਆਗੂਆਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅੱਜ ਸਵੇਰੇ ਜਲੰਧਰ ਸ਼ਹਿਰ ਦੇ ਮਾਡਲ ਟਾਊਨ ਇਲਾਕੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਲੱਕੀ ਓਬਰਾਏ ਦਾ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਲੱਕੀ ਉਬਰਾਏ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ, ਜਿਉਂ ਹੀ ਉਹ ਆਪਣੀ ਥਾਰ ਗੱਡੀ ਵਿੱਚ ਬੈਠਿਆ ਤਾਂ ਸਕੂਟਰੀ ‘ਤੇ ਆਏ ਹਮਲਾਵਰਾਂ ਨੇ ਉਸ ਉਪਰ ਤਾਬੜਤੋੜ ਗੋਲੀਆਂ ਚਲਾਈਆਂ। ਲੱਕੀ ਉਬਰਾਏ ਦੇ ਪੰਜ ਗੋਲੀਆਂ ਸੀਨੇ ਵਿੱਚ ਅਤੇ ਇੱਕ ਗੋਲੀ ਉਸਦੇ ਸਿਰ ਵਿੱਚ ਲੱਗੀ। ਮੌਕੇ ‘ਤੇ ਪੁੱਜੇ ਪਰਿਵਾਰਿਕ ਮੈਂਬਰ ਉਸ ਨੂੰ ਪ੍ਰਾਈਵੇਟ ਹਸਪਤਾਲ ਲੈ ਕੇ ਕੇ ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਅਚਾਨਕ ਗੋਲੀਆਂ ਚਲਣ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਫੈਲ ਗਈ, ਲੋਕ ਇਧਰ ਉਧਰ ਭੱਜਣ ਲੱਗੇ, ਨੇੜਲੇ ਦੁਕਾਨਦਾਰਾਂ ਨੇ ਡਰ ਕੇ ਤੁਰੰਤ ਆਪਣੇ ਸ਼ਟਰ ਬੰਦ ਕਰ ਲਏ।

                                                                    ਪੁਲਿਸ ਨੇ ਸਾਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਪੁਲਿਸ ਨੇ ਦੋ ਸ਼ੱਕੀ ਵਿਅਕਤੀਆਂ ਦੀ ਇੱਕ ਤਸਵੀਰ ਵੀ ਜਾਰੀ ਕੀਤੀ ਹੈ। ਮ੍ਰਿਤਕ ਸਤਿੰਦਰਪਾਲ ਸਿੰਘ ਉਰਫ ਲੱਕੀ ਉਬਰਾਏ ਨੂੰ ਆਮ ਆਦਮੀ ਪਾਰਟੀ ਵੱਲੋਂ ਜਲੰਧਰ ਕੈਂਟ ਵਿਧਾਨ ਸਭਾ ਹਲਕੇ ਦਾ ਇੰਚਾਰਜ ਲਗਾਇਆ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਉਹ ਰੋਜ਼ਾਨਾ ਹੀ ਗੁਰਦੁਆਰਾ ਸਾਹਿਬ ਆਉਂਦਾ ਸੀ, ਇਸ ਲਈ ਪੁਲਿਸ ਨੂੰ ਸ਼ੱਕ ਹੈ ਕਿ ਹਮਲਾਵਰਾਂ ਵੱਲੋਂ ਪਹਿਲਾਂ ਉਸ ਦੀ ਰੇਕੀ ਵੀ ਕੀਤੀ ਗਈ ਸੀ। ‌ ਪੁਲਿਸ ਅਨੁਸਾਰ ਹਮਲਾਵਾਰਾਂ ਵੱਲੋਂ ਇਹ ਹਮਲਾ ਪੂਰੇ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ ਕਿਉਂਕਿ ਲੱਕੀ ਉਬਰਾਏ ਨੂੰ ਗੁਰਦੁਆਰਾ ਸਾਹਿਬ ਵਿੱਚੋਂ ਨਿਕਲਣ ਤੋਂ ਬਾਅਦ ਉਸ ਦੀ ਥਾਰ ਗੱਡੀ ਵਿੱਚ ਬੈਠਣ ਤੋਂ ਬਾਅਦ ਹੀ ਹਮਲਾ ਕੀਤਾ ਗਿਆ ਤਾਂ ਜੋ ਉਹ ਬਚ ਕੇ ਭੱਜਣ ਦੀ ਕੋਸ਼ਿਸ਼ ਨਾ ਕਰੇ। ਪੁਲਿਸ ਇਸ ਘਟਨਾ ਨੂੰ ਟਾਰਗਿਟ ਕਿਲਿੰਗ ਵੀ ਮੰਨ ਕੇ ਚੱਲ ਰਹੀ ਹੈ। ਦੂਜੇ ਪਾਸੇ ਸ਼ੇਰੂ ਗਰੁੱਪ ਵੱਲੋਂ ਇਸ ਕਤਲ ਦੀ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਜ਼ਿੰਮੇਵਾਰੀ ਲੈਣ ਦੀ ਚਰਚਾ ਵੀ ਚੱਲ ਰਹੀ ਹੈ। ਵਾਇਰਲ ਪੋਸਟ ਅਨੁਸਾਰ ਇਸ ਘਟਨਾ ਨੂੰ ਖਾਲਸਾ ਕਾਲਜ ਜਲੰਧਰ ਦੀ ਪ੍ਰਧਾਨਗੀ ਨਾਲ ਜੋੜਿਆ ਜਾ ਰਿਹਾ ਹੈ।‌

Gee98 Ads

ਫੋਟੋ ਕੈਪਸ਼ਨ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਲੱਕੀ ਉਬਰਾਏ ਦੀ ਇੱਕ ਫਾਈਲ ਫੋਟੋ

error: Content is protected !!