ਚੰਡੀਗੜ੍ਹ 29 ਮਾਰਚ, Gee98 news service-
-ਪੰਜਾਬ ‘ਚ ਅੱਜਕੱਲ CBI ਦੀ ਖ਼ੂਬ ਚਰਚਾ ਹੋ ਰਹੀ ਹੈ। ਅੰਮ੍ਰਿਤਸਰ ਵਿਖੇ ਵੇਅਰ ਹਾਊਸ ਦੇ ਜ਼ਿਲ੍ਹਾ ਅਧਿਕਾਰੀ ਵੱਲੋਂ ਕੀਤੀ ਆਤਮਹੱਤਿਆ ਦੇ ਮਾਮਲੇ ਦੀ CBI ਜਾਂਚ ਕਰਵਾਉਣ ਸਬੰਧੀ ਚਰਚਾ ਦੇ ਦੌਰਾਨ ਹੀ ਸੀਬੀਆਈ ਦੀ ਇੱਕ ਹੋਰ ਮਾਮਲੇ ਵਿੱਚ ਸਰਗਰਮੀ ਸਾਹਮਣੇ ਆ ਰਹੀ ਹੈ। ਕੁਝ ਮਹੀਨੇ ਪਹਿਲਾਂ ਗ੍ਰਿਫ਼ਤਾਰ ਕੀਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਹਰਚਰਨ ਸਿੰਘ ਭੁੱਲਰ ਦੇ ਰਿਸ਼ਵਤ ਕਾਂਡ ਦੀ ਜਾਂਚ ਦੇ ਦੌਰਾਨ CBI ਨੇ ਪੰਜਾਬ ਦੇ ਕੁਝ ਹੋਰ IAS-IPS ਅਫ਼ਸਰ ਰਾਡਾਰ ‘ਤੇ ਲਏ ਹਨ। ਸੂਤਰਾਂ ਅਨੁਸਾਰ ਸੀਬੀਆਈ ਦੀ ਜਾਂਚ ਦੌਰਾਨ ਇਹ ਤੱਥ ਸਾਹਮਣੇ ਆਏ ਹਨ ਕਿ ਹਰਚਰਨ ਸਿੰਘ ਭੁੱਲਰ ਸੂਬੇ ਦੇ ਕੁਝ ਹੋਰ IAS,IPS ਅਫ਼ਸਰਾਂ ਦੇ ਲਗਾਤਾਰ ਸੰਪਰਕ ਵਿੱਚ ਰਿਹਾ ਹੈ। CBI ਮੰਨ ਰਹੀ ਹੈ ਕਿ ਭੁੱਲਰ ਵੱਲੋਂ ਰਿਸ਼ਵਤ ਲੈ ਕੇ ਲੋਕਾਂ ਦੇ ਕੰਮ ਕਰਵਾਉਣ ਸਬੰਧੀ ਇਨਾ ਅਫ਼ਸਰਾਂ ਨਾਲ ਸੰਪਰਕ ਬਣਾਏ ਹੋ ਸਕਦੇ ਹਨ। ਸੀਬੀਆਈ ਨੇ ਹੁਣ ਇਸ ਮਾਮਲੇ ਦੀ ਮੁੱਢਲੀ ਜਾਂਚ ਆਰੰਭ ਕਰ ਦਿੱਤੀ ਹੈ ਕਿ ਕਿਧਰੇ ਹੋਰ IAS IPS ਅਫ਼ਸਰ ਭੁੱਲਰ ਗਏ ਤੇ ਰਿਸ਼ਵਤ ਦੇ ਗੋਰਖਧੰਦੇ ਵਿੱਚ ਸ਼ਾਮਿਲ ਤਾਂ ਨਹੀਂ ਹਨ। ਸੂਤਰਾਂ ਅਨੁਸਾਰ ਸੀਬੀਆਈ ਦੀ ਜਾਂਚ ਵਿੱਚ ਇਲੈਕਟ੍ਰਿਕ ਉਪਕਰਨਾਂ ਦੀ ਜਾਂਚ, ਵਟਸਐੱਪ ਚੈਟ, ਪੁੱਛਗਿੱਛ ਤੇ ਹੋਰ ਦਸਤਾਵੇਜ਼ ਦੀ ਜਾਂਚ ਤੋਂ ਭੁੱਲਰ ਦੇ ਕਈ ਹੋਰ ਉਚ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਰਹਿਣ ਦੇ ਸਬੂਤ ਸਾਹਮਣੇ ਆਏ ਹਨ।
ਸੂਤਰਾਂ ਅਨੁਸਾਰ ਸੀਬੀਆਈ ਨੂੰ ਭੁੱਲਰ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਪੰਜਾਬ ਦੇ ਕੁਝ ਉੱਚ ਅਧਿਕਾਰੀ ਪਟਿਆਲਾ ਦੇ ਪ੍ਰੋਪਰਟੀ ਡੀਲਰ ਰਾਹੀਂ ਜਾਇਦਾਦ ਵਿੱਚ ਕਰੋੜਾਂ ਦੀ ਇਨਵੈਸਟਮੈਂਟ ਕਰ ਰਹੇ ਹਨ ਜਿਸ ਤੋਂ ਬਾਅਦ ਸੀਬੀਆਈ ਨੇ ਜਾਂਚ ਦੌਰਾਨ ਅਜਿਹੇ 10 IPS ਅਤੇ 4 IAS ਅਫ਼ਸਰਾਂ ਦੀ ਪੈੜ ਨੱਪੀ। CBI ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹਨਾਂ 10 IPS ਅਫ਼ਸਰਾਂ ਵਿੱਚੋਂ 8 ਅਜੇ ਦੀ ਫੀਲਡ ਵਿੱਚ ਵੱਡੇ ਅਹੁਦਿਆਂ ‘ਤੇ ਤਾਇਨਾਤ ਹਨ ਜਦ ਕਿ 2 ਆਈਪੀਐਸ ਪੰਜਾਬ ਪੁਲਿਸ ਦੀ ਅਕੈਡਮੀ ਵਿੱਚ ਤਾਂ ਹਨ। ਜਿਹੜੇ 4 IAS ਅਫਸਰ ਸੀਬੀਆਈ ਦੇ ਰਡਾਰ ‘ਤੇ ਹਨ ਉਹਨਾਂ ਦਾ ਸੰਬੰਧ ਕਿਸੇ ਨਾ ਕਿਸੇ ਤਰੀਕੇ ਨਾਲ ਮੰਡੀ ਗੋਬਿੰਦਗੜ ਨਾਲ ਸਾਹਮਣੇ ਆ ਰਿਹਾ ਹੈ। ਸੂਤਰਾਂ ਅਨੁਸਾਰ CBI ਨੇ ਪਟਿਆਲਾ ਦੇ ਪ੍ਰੋਪਰਟੀ ਡੀਲਰ ਦੇ ਪਟਿਆਲਾ ਅਤੇ ਲੁਧਿਆਣਾ ਟਿਕਾਣਿਆਂ ਤੋਂ ਰੇਡ ਕਰਕੇ ਕੁਝ ਅਹਿਮ ਦਸਤਾਵੇਜ਼ ਵੀ ਕਬਜ਼ੇ ਵਿੱਚ ਲਏ ਹਨ। ਇਸ ਤੋਂ ਇਲਾਵਾ ਸੀਬੀਆਈ ਨੇ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤੀ ਰਿਪੋਰਟ ਵਿੱਚ ਇਹ ਜ਼ਿਕਰ ਵੀ ਕੀਤਾ ਹੈ ਕਿ ਹਰਚਰਨ ਸਿੰਘ ਭੁੱਲਰ ਦੇ ਵਿਚੋਲੇ ਕ੍ਰਿਸ਼ਨਾ ਦੇ ਮੋਬਾਈਲ ਅਤੇ ਹੋਰ ਦਸਤਾਵੇਜ਼ਾਂ ਤੋਂ ਇਹ ਸਾਹਮਣੇ ਆਇਆ ਹੈ ਕਿ ਕ੍ਰਿਸ਼ਨਾ ਕਈ ਹੋਰ ਅਧਿਕਾਰੀਆਂ ਦੀ ਕੁਰੱਪਟ ਡੀਲਿੰਗ ਵਿੱਚ ਵੀ ਸ਼ਾਮਿਲ ਰਿਹਾ ਹੈ। CBI ਦਾ ਕਹਿਣਾ ਹੈ ਕਿ ਕ੍ਰਿਸ਼ਨਾ ਸ਼ਾਰਦਾ ਉੱਚੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਨਾਲ ਮਿਲ ਕੇ ਸਿਰਫ਼ ਕੇਸਾਂ ਦੀ ਜਾਂਚ ਨੂੰ ਪ੍ਰਭਾਵਿਤ ਹੀ ਨਹੀਂ ਕਰਦਾ ਸੀ ਸਗੋਂ ਬਦਲੀਆਂ-ਨਿਯੁਕਤੀਆਂ, ਅਸਲਾ ਲਾਇਸੰਸ, ਐਫਆਈਆਰ ਦਰਜ ਕਰਵਾਉਣ ਅਤੇ ਪਹਿਲਾਂ ਤੋਂ ਦਰਜ ਹੋਈਆਂ ਐਫਆਈਆਰ ਰੱਦ ਕਰਵਾਉਣ ਲਈ ਵੀ ਕੰਮ ਕਰਦਾ ਸੀ। ਸੂਤਰਾਂ ਅਨੁਸਾਰ ਸੀਬੀਆਈ ਕੋਲ 50 ਦੇ ਲੱਗਭੱਗ ਅਜਿਹੇ ਹੋਰ IAS-IPS ਅਧਿਕਾਰੀਆਂ ਦੀ ਸੂਚੀ ਹੈ ਜਿਨਾਂ ਤੋਂ ਕ੍ਰਿਸ਼ਨਾ ਰਿਸ਼ਵਤ ਦੇ ਬਦਲੇ ਇਹ ਕੰਮ ਕਰਵਾਉਂਦਾ ਸੀ। ਬਹਰਹਾਲ ! ਡੀਆਈਜੀ ਹਰਚਰਨ ਸਿੰਘ ਭੁੱਲਰ ਅਤੇ ਕ੍ਰਿਸ਼ਨਾ ਸ਼ਾਰਦਾ ਦੇ ਮਾਮਲੇ ਦੀ ਜਾਂਚ ਦੌਰਾਨ ਪੰਜਾਬ ਦੇ ਕਈ ਹੋਰ IAS IPS ਅਫ਼ਸਰਾਂ ਦੀ ਚਿੰਤਾ ਲਗਾਤਾਰ ਵਧੀ ਹੋਈ ਹੈ ਅਤੇ ਆਉਣ ਵਾਲੇ ਦਿਨਾਂ ‘ਚ ਕਈ ਹੋਰ ਹੈਰਾਨੀਜਨਕ ਖੁਲਾਸੇ ਵੀ ਸਾਹਮਣੇ ਆ ਸਕਦੇ ਹਨ।









