Skip to main content

Gee 98News

ਬੇਅਦਬੀ ਮੁੱਦਾ : ਕਾਨੂੰਨ ਤਾਂ ਪਹਿਲਾਂ ਵੀ ਸਖ਼ਤ ਹੈ…ਪਰ ਕੰਮ ਕਰਨ ਦੇ ਤਰੀਕੇ ਠੀਕ ਨਹੀਂ…!

ਚੰਡੀਗੜ੍ਹ,2 ਅਪ੍ਰੈਲ, Gee98 news service-

ਪੰਜਾਬ ਸਰਕਾਰ 13 ਅਪ੍ਰੈਲ ਨੂੰ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਬੇਅਦਬੀ ਸੰਬੰਧੀ ਇੱਕ ਸਖ਼ਤ ਕਾਨੂੰਨ ਲੈ ਕੇ ਆ ਰਹੀ ਹੈ ਪ੍ਰੰਤੂ ਇਸ ਦੌਰਾਨ ਪੰਜਾਬ ਪੁਲਿਸ ਦੇ ਹੀ ਇੱਕ ਸੀਨੀਅਰ ਅਫ਼ਸਰ ਵੱਲੋਂ ਜਾਰੀ ਕੀਤੇ ਅੰਕੜੇ ਸਪੱਸ਼ਟ ਕਰ ਰਹੇ ਹਨ ਕਿ ਬੇਅਦਬੀ ਦੇ ਮਾਮਲਿਆਂ ਸਬੰਧੀ ਸਮੱਸਿਆ ਕਾਨੂੰਨ ਵਿੱਚ ਨਹੀਂ, ਕਾਨੂੰਨ ਤਾਂ ਪਹਿਲਾਂ ਵਾਲਾ ਵੀ ਸਖ਼ਤ ਹੈ ਸਗੋਂ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਵਿਚ ਖ਼ਾਮੀਆਂ, ਸਬੂਤਾਂ ਦੀ ਕਮੀ ਤੇ ਗਵਾਹਾਂ ਦੇ ਪਿੱਛੇ ਹਟਣ ਕਾਰਨ ਮੁਲਜ਼ਮਾਂ ਨੂੰ ਸਜ਼ਾ ਨਹੀਂ ਮਿਲ ਸਕੀ। ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ (BOI) ਨੇ 2015 ਤੋਂ 2025 ਦਰਮਿਆਨ ਬੇਅਦਬੀ ਦੇ 597 ਮਾਮਲਿਆਂ ਦਾ ਵਿਸ਼ਲੇਸ਼ਣ ਕੀਤਾ ਹੈ। ਹੈਰਾਨੀ ਹੈ ਕਿ ਇਨ੍ਹਾਂ ਵਿਚੋਂ ਸਿਰਫ਼ 44 ਮਾਮਲਿਆਂ ਵਿੱਚ ਹੀ ਮੁਲਜ਼ਮਾਂ ਨੂੰ ਸਜ਼ਾ ਮਿਲੀ ਹੈ ਭਾਵ ਕਿ ਸੂਬੇ ਵਿੱਚ ਅਜਿਹੇ ਮਾਮਲਿਆਂ ਵਿੱਚ ਸਜ਼ਾ ਦੀ ਦਰ ਸਿਰਫ਼ 7.3 ਹੈ ਤੇ 92.7 ਫ਼ੀਸਦੀ ਵਿੱਚ ਮੁਲਜ਼ਮ ਸਜ਼ਾ ਤੋਂ ਬਚ ਗਏ।
                                                            ਰਿਪੋਰਟ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ 15 ਤੋਂ 30 ਫ਼ੀਸਦੀ ਮੁਲਜ਼ਮ ਮਾਨਸਿਕ ਰੋਗੀ ਸਨ,ਅਜਿਹੇ ਮਾਮਲਿਆਂ ਵਿਚ ਸਜ਼ਾ ਦੀ ਬਜਾਏ ਇਲਾਜ ਦੇ ਨਿਰਦੇਸ਼ ਦਿੱਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਮਾਮਲੇ ਵਿੱਚ ਪਤਾ ਲਾਉਣ ਦੀ ਦਰ 2015 ਵਿਚ 40 ਤੋਂ ਵਧ ਕੇ 2025 ਵਿਚ 80 ਫ਼ੀਸਦੀ ਹੋ ਗਈ ਹੈ ਪਰ ਜਾਂਚ ਤੇ ਸਬੂਤਾਂ ਦੀਆਂ ਖ਼ਾਮੀਆਂ ਨੂੰ ਦੂਰ ਕੀਤੇ ਬਿਨਾਂ ਸਜ਼ਾ ਦਰ ਵਿਚ ਸੁਧਾਰ ਸੰਭਵ ਨਹੀਂ ਹੈ। ਪਿਛਲੇ ਦਸਾਂ ਸਾਲਾਂ ਦੌਰਾਨ ਬੇਅਦਬੀ ਦੇ ਕੁੱਲ ਮਾਮਲਿਆਂ ਸਬੰਧੀ ਕੀਤੀ ਕਾਰਵਾਈ ਵਿੱਚ ਕੁੱਲ 597 ਮਾਮਲੇ ਦਰਜ ਕੀਤੇ ਗਏ, ਜਿਨਾਂ ਵਿੱਚੋਂ ਸਿਰਫ 44 ਦੋਸ਼ੀਆਂ ਨੂੰ ਸਜ਼ਾ ਮਿਲ ਸਕੀ। ਇਹਨਾਂ ਵਿੱਚੋਂ 70 ਫੀਸਦੀ ਤੋਂ ਵਧੇਰੇ ਦੋਸ਼ੀ ਜਾਂਚ ਵਿੱਚ ਖ਼ਾਮੀਆਂ, ਸਬੂਤਾਂ ਦੀ ਕਮੀ ਗਵਾਹਾਂ ਦੇ ਪਿੱਛੇ ਹਟਣ ਕਾਰਨ ਬਰੀ ਹੋ ਗਏ ਜਦ ਕਿ 99 ਕੇਸ ਅਣਸੁਲਝੇ ਹੀ ਰਹੇ। ਇਸ ਤਰ੍ਹਾਂ 120 ਕੇਸ ਰੱਦ ਕਰ ਦਿੱਤੇ ਗਏ ਅਤੇ 131 ਅਜੇ ਵਿਚਾਰ ਅਧੀਨ ਹਨ।

                                                                   ਸ੍ਰੀ ਯਾਦਵ ਵੱਲੋਂ ਪੇਸ਼ ਕੀਤੀ ਰਿਪੋਰਟ ਅਨੁਸਾਰ ਸਬੂਤਾਂ ਵਿੱਚ ਅਹਿਮ ਖ਼ਾਮੀਆਂ ਸਾਹਮਣੇ ਆਈਆਂ ਜਿਨਾਂ ਤਹਿਤ ਸੀਸੀਟੀਵੀ ਫੁਟੇਜ ਸੁਰੱਖਿਅਤ ਕਰਨ ਵਿਚ ਦੇਰੀ, ਕ੍ਰਾਈਮ ਸੀਨ ਦੀ ਖਰਾਬ ਸੰਭਾਲ,ਫਾਰੈਂਸਿਕ ਸਬੂਤਾਂ ਦੀ ਕਮੀ,ਅਦਾਲਤ ਦੇ ਬਾਹਰ ਸਮਝੌਤਾ ਹੋਣਾ ,ਪ੍ਰਤੀਕਿਰਿਆ ਵਿਚ ਦੇਰੀ,ਜਾਂਚ ਅਧਿਕਾਰੀਆਂ ਦਾ ਵਾਰ-ਵਾਰ ਤਬਾਦਲਾ,ਵਿਸ਼ੇਸ਼ ਫਾਸਟ ਟਰੈਕ ਅਦਾਲਤਾਂ ਦੀ ਕਮੀ ਵੀ ਜ਼ਿੰਮੇਵਾਰ ਹੈ। ਪਿਛਲੇ 10 ਸਾਲਾਂ ਦੌਰਾਨ ਜੇਕਰ ਜ਼ਿਲ੍ਹਾਵਾਰ ਬੇਅਦਬੀ ਦੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਜ਼ਿਲ੍ਹੇ ਵਿੱਚ 93, ਲੁਧਿਆਣਾ 55, ਬਠਿੰਡਾ 39, ਗੁਰਦਾਸਪੁਰ 39, ਤਰਨਤਾਰਨ 36, ਪਟਿਆਲਾ 35, ਰੋਪੜ 27, ਸੰਗਰੂਰ 24, ਮੁਕਤਸਰ 23, ਫਤਿਹਗੜ੍ਹ ਰਾਹਿਬ 18, ਮੁਹਾਲੀ 15, ਮਾਨਸਾ 12, ਬਰਨਾਲਾ 11, ਮਾਲੇਰਕੋਟਲਾ 8, ਪਠਾਨਕੋਟ 5 ਅਤੇ ਨਵਾਂਸ਼ਹਿਰ ਵਿਖੇ 4 ਮਾਮਲੇ ਦਰਜ ਕੀਤੇ ਗਏ। ਜੇਕਰ ਵੱਖ-ਵੱਖ ਧਰਮਾਂ ਦੀ ਗੱਲ ਕੀਤੀ ਜਾਵੇ ਤਾਂ ਸਿੱਖ ਧਰਮ ਦੇ 480 ਹਿੰਦੂ ਧਰਮ ਦੇ 92 ਮੁਸਲਿਮ ਧਰਮ ਦੇ 13 ਅਤੇ ਈਸਾਈ ਧਰਮ ਦੇ 11 ਮਾਮਲੇ ਸਾਹਮਣੇ ਆਏ ਹਨ।

Gee98 Ads
error: Content is protected !!