Gee 98News

ਚੰਡੀਗੜ੍ਹ,14 ਅਪ੍ਰੈਲ, Gee98 News service-

ਪੰਜਾਬ ‘ਚ 14 ਅਪ੍ਰੈਲ ਤੋਂ ਸਰਕਾਰ ਦੀ “ਮਾਵਾਂ ਧੀਆਂ ਸਤਿਕਾਰ ਯੋਜਨਾ” ਲਈ ਰਜਿਸਟਰੇਸ਼ਨ ਸ਼ੁਰੂ ਹੋ ਗਈ ਹੈ। ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ ਜਲੰਧਰ ਦੇ ਆਦਮਪੁਰ ‘ਚ ਮੰਗਲਵਾਰ ਇੱਕ ਰੈਲੀ ਦੌਰਾਨ ਰਜਿਸਟਰੇਸ਼ਨ ਦੀ ਸ਼ੁਰੂਆਤ ਕੀਤੀ। ਮੁੱਖ ਮੰਤਰੀ ਨੇ ਰੈਲੀ ਦੌਰਾਨ ਹੀ ਕੁਝ ਮਹਿਲਾਵਾਂ ਨੂੰ ਰਜਿਸਟਰੇਸ਼ਨ ਦੇ ਸਰਟੀਫਿਕੇਟ ਵੀ ਦਿੱਤੇ। ਇਸ ਮੌਕੇ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਫਿਲਹਾਲ “ਮਾਵਾਂ ਧੀਆਂ ਸਤਿਕਾਰ ਯੋਜਨਾ” ਦੀ ਇਹ ਰਜਿਸਟਰੇਸ਼ਨ ਪਾਇਲਟ ਪ੍ਰੋਜੈਕਟ ਦੇ ਤੌਰ ‘ਤੇ ਸ਼ੁਰੂ ਹੋ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਕਿਸੇ ਲਾਭਪਾਤਰੀ ਮਹਿਲਾ ਦਾ ਕਾਰਡ ਲੇਟ ਬਣਿਆ ਹੋਵੇ ਪ੍ਰੰਤੂ ਫਿਰ ਵੀ ਉਸਦੇ ਖਾਤੇ ਵਿੱਚ ਪੈਸੇ ਉਸੇ ਦਿਨ ਤੋਂ ਹੀ ਹੋਣਗੇ ਜਿਸ ਦਿਨ ਤੋਂ ਇਹ ਯੋਜਨਾ ਸ਼ੁਰੂ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ 9 ਵਿਧਾਨ ਸਭਾ ਹਲਕਿਆਂ ਵਿੱਚ 15 ਅਪ੍ਰੈਲ ਤੋਂ ਇਹ ਯੋਜਨਾ ਪਾਇਲਟ ਪ੍ਰੋਜੈਕਟ ‘ਤੇ ਸ਼ੁਰੂ ਹੋ ਰਹੀ ਹੈ ਜਿਨਾਂ ਵਿੱਚ ਵਿਧਾਨ ਸਭਾ ਹਲਕਾ ਆਦਮਪੁਰ, ਮਲੋਟ, ਸ੍ਰੀ ਅਨੰਦਪੁਰ ਸਾਹਿਬ, ਦਿੜਬਾ, ਸੁਨਾਮ, ਮੋਗਾ, ਕੋਟਕਪੂਰਾ, ਬਟਾਲਾ ਅਤੇ ਪਟਿਆਲਾ ਦਿਹਾਤੀ ਸ਼ਾਮਿਲ ਹਨ। ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਾਕੀ ਦੇ 108 ਵਿਧਾਨ ਸਭਾ ਹਲਕਿਆਂ ਵਿੱਚ ਮਹਿਲਾਵਾਂ ਨੂੰ ਪ੍ਰਤੀ ਮਹੀਨਾ ਹਜ਼ਾਰ ਰੁਪਏ ਦੇਣ ਦੀ ਇਹ ਯੋਜਨਾ 15 ਮਈ ਤੋਂ ਰਜਿਸਟਰੇਸ਼ਨ ਸ਼ੁਰੂ ਕੀਤੀ ਜਾਵੇਗੀ। ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਇਸ ਯੋਜਨਾ ਤਹਿਤ ਜਨਰਲ ਸ਼੍ਰੇਣੀ ਦੀਆਂ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਤੇ ਐਸਸੀ ਸ੍ਰੇਣੀ ਦੀਆਂ ਮਹਿਲਾਵਾਂ ਨੂੰ 1500 ਪ੍ਰਤੀ ਮਹੀਨਾ ਜੁਲਾਈ ਮਹੀਨੇ ਤੋਂ ਮਿਲਣਾ ਸ਼ੁਰੂ ਹੋ ਜਾਵੇਗਾ।

                                                           ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਇਸ ਵਰ੍ਹੇ ਦੇ ਵਿੱਤੀ ਬਜਟ ਵਿੱਚ ਇਸ ਯੋਜਨਾ ਲਈ 9300 ਕਰੋੜ ਰੁਪਏ ਦਾ ਬਜਟ ਰੱਖਿਆ ਹੈ। ਦੂਜੇ ਪਾਸੇ ਪੰਜਾਬ ਦੇ ਮੌਜੂਦਾ ਵਿੱਤੀ ਹਾਲਾਤਾਂ ਦੇ ਮੱਦੇਨਜ਼ਰ ਵਿੱਤੀ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਯੋਜਨਾ ਤਹਿਤ ਪੰਜਾਬ ਸਰਕਾਰ ਕਿਸੇ ਵੀ ਹਾਲਤ ਵਿੱਚ ਸੂਬੇ ਦੀਆਂ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੂੰ ਪ੍ਰਤੀ ਮਹੀਨਾ 1000-1500 ਰੁਪਏ ਨਹੀਂ ਦੇ ਸਕੇਗੀ। ਹੁਣ ਸਰਕਾਰ ਵੱਲੋਂ ਪੰਜਾਬ ਦੇ ਸਿਰਫ 9 ਵਿਧਾਨ ਸਭਾ ਹਲਕਿਆਂ ‘ਚ ਪਾਇਲਟ ਪ੍ਰੋਜੈਕਟ ਦੇ ਤੌਰ ‘ਤੇ ਇਹ ਯੋਜਨਾ ਸ਼ੁਰੂ ਕਰਨ ਦੇ ਐਲਾਨ ਤੋਂ ਇਹ ਸ਼ੰਕੇ ਪੱਕੇ ਹੋ ਰਹੇ ਜਾਪਦੇ ਹਨ ਕਿ ਸਰਕਾਰ ਇਹ ਯੋਜਨਾ ਲਗਾਤਾਰ ਹਰ ਮਹੀਨੇ ਲਾਗੂ ਨਹੀਂ ਰੱਖ ਸਕੇਗੀ। ਸਰਕਾਰ ਦਾ ਕਹਿਣਾ ਹੈ ਕਿ ਜੁਲਾਈ ਮਹੀਨੇ ਤੋਂ ਸਾਰੀਆਂ ਰਜਿਸਟਰਡ ਮਹਿਲਾਵਾਂ ਦੇ ਖਾਤਿਆਂ ਵਿੱਚ ਪੈਸੇ ਪਾ ਦਿੱਤੇ ਜਾਣਗੇ ਪ੍ਰੰਤੂ ਰਜਿਸਟਰੇਸ਼ਨ ਸਿਰਫ 9 ਵਿਧਾਨ ਸਭਾ ਹਲਕਿਆਂ ਵਿੱਚ ਹੀ ਕੀਤੀ ਜਾ ਰਹੀ ਹੈ। ਸਰਕਾਰ ਨੇ ਸੂਬੇ ਦੇ ਜਿਹੜੇ 108 ਵਿਧਾਨ ਸਭਾ ਹਲਕਿਆਂ ਨੂੰ ਛੱਡ ਦਿੱਤਾ ਹੈ ਉਹਨਾਂ ਹਲਕਿਆਂ ਦੀਆਂ ਮਹਿਲਾਵਾਂ ਦੇ ਮਨਾਂ ਵਿੱਚ ਇਸ ਯੋਜਨਾ ਪ੍ਰਤੀ ਭੰਬਲਭੂਸਾ ਬਣਿਆ ਰਹੇਗਾ, ਜੋ ਵਿਰੋਧੀ ਪਾਰਟੀਆਂ ਲਈ ਸਰਕਾਰ ਦੇ ਖ਼ਿਲਾਫ਼ ਇੱਕ ਮਾਹੌਲ ਪੈਦਾ ਕਰਨ ਲਈ ਸਿਆਸੀ ਦਾਅ ਵੀ ਬਣ ਸਕਦਾ ਹੈ।

Gee98 Ads

ਫੋਟੋ ਕੈਪਸ਼ਨ- ਆਦਮਪੁਰ ਰੈਲੀ ਚ ਯੋਜਨਾ ਦੀ ਰਜਿਸਟਰੇਸ਼ਨ ਦਾ ਐਲਾਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ

Leave a Reply

Your email address will not be published. Required fields are marked *

error: Content is protected !!