Skip to main content

Gee 98News

AAP ਦੀ ਆਦਮਪੁਰ ਰੈਲੀ ਲਈ ਬਰਨਾਲਾ ਤੋਂ ਕੱਟੀਆਂ PRTC ਦੀਆਂ ਬੱਸਾਂ ਪਿੰਡਾਂ ‘ਚ ਖਾਲੀ ਖੜੀਆਂ ਰਹੀਆਂ

ਬਰਨਾਲਾ ,14 ਅਪ੍ਰੈਲ , Gee98 News service-

-ਉਝ ਤਾਂ ਭਾਵੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਾਂਗਰਸ, ਅਕਾਲੀ ਦਲ, ਭਾਜਪਾ ਵਰਗੀਆਂ ਪਾਰਟੀਆਂ ਦੀਆਂ ਰੈਲੀਆਂ ‘ਤੇ ਅਕਸਰ ਤੰਜ਼ ਕਸਿਆ ਜਾਂਦਾ ਹੈ ਕਿ ਇਹ ਪਾਰਟੀਆਂ ਕਿਸੇ ਖੇਤਰ ‘ਚ ਕੀਤੀ ਜਾਣ ਵਾਲੀ ਰੈਲੀ ਲਈ ਸਮੁੱਚੇ ਪੰਜਾਬ ਦੇ ਵਿੱਚੋਂ ਆਪਣੇ ਵਰਕਰ ਇਕੱਠੇ ਕਰਦੀਆਂ ਹਨ ਪ੍ਰੰਤੂ ਜੇਕਰ ਅੱਜ ਜਲੰਧਰ ਦੇ ਆਦਮਪੁਰ ਖੇਤਰ ‘ਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਰੈਲੀ ਲਈ ਬਰਨਾਲਾ ਜ਼ਿਲ੍ਹੇ ਵਿੱਚੋਂ ਪੀਆਰਟੀਸੀ ਦੀਆਂ ਬੱਸਾਂ ਦੀਆਂ ਡਿਊਟੀਆਂ ਦੇ ਚਾਰਟ ‘ਤੇ ਨਜ਼ਰ ਮਾਰੀ ਜਾਵੇ ਤਾਂ ਮੁੱਖ ਮੰਤਰੀ ਦੀ ਆਪਣੀ ਪਾਰਟੀ ਵੀ ਅਜਿਹੇ ਹਾਲਾਤਾਂ ਵਿੱਚ ਪੁੱਜ ਚੁੱਕੀ ਹੈ ਕਿ ਪੰਜਾਬ ‘ਚ ਕਿਧਰੇ ਵੀ ਰੈਲੀ ਕਰਨ ਮੌਕੇ ਲੱਗਭੱਗ ਸਾਰੇ ਪੰਜਾਬ ਦੇ ਡਿੱਪੂਆਂ ਵਿੱਚੋਂ ਦੀ PRTC ਦੀਆਂ ਬੱਸਾਂ ਵਰਕਰਾਂ ਨੂੰ ਲਿਆਉਣ ਲਈ ਕੱਟੀਆਂ ਜਾਂਦੀਆਂ ਹਨ। ‌ ਇਸ ਦੀ ਮਿਸਾਲ ਅੱਜ ਬਰਨਾਲਾ ਡੀਪੂ ਵੱਲੋਂ ਜਲੰਧਰ ਦੇ ਆਦਮਪੁਰ ਖੇਤਰ ‘ਚ ਆਮ ਆਦਮੀ ਪਾਰਟੀ ਦੀ ਰੈਲੀ ਲਈ ਕੱਟੀਆਂ 14 ਬੱਸਾਂ ਦੀ ਸੂਚੀ ਤੋਂ ਮਿਲਦੀ ਹੈ। ਦੱਸ ਦੇਈਏ ਕਿ ਬਰਨਾਲਾ ਡੀਪੂ ਦੀਆਂ 14 ਬੱਸਾਂ ਆਦਮਪੁਰ ਰੈਲੀ ਲਈ ਕੱਟੀਆਂ ਗਈਆਂ ਸਨ ਜਿਹੜੀਆਂ ਕਿ ਵਿਧਾਨ ਸਭਾ ਹਲਕਾ ਬਰਨਾਲਾ, ਭਦੌੜ ਅਤੇ ਮਹਿਲ ਕਲਾਂ ਵਿੱਚੋਂ ਵਲੰਟੀਅਰਾਂ ਨੂੰ ਰੈਲੀ ‘ਤੇ ਲਿਜਾਣ ਲਈ ਵੱਖ-ਵੱਖ ਪਿੰਡਾਂ ‘ਚ ਭੇਜੀਆਂ ਗਈਆਂ ਸਨ। ਇਸ ਦੌਰਾਨ ਇੱਕ ਹੋਰ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ ਕਿ ਇਹਨਾਂ 14 ਬੱਸਾਂ ਵਿੱਚੋਂ ਸਿਰਫ 9 ਬੱਸਾਂ ਵਿੱਚ ਹੀ ਵਲੰਟੀਅਰ ਆਦਮਪੁਰ ਰੈਲੀ ਲਈ ਰਵਾਨਾ ਹੋਏ ਜਦਕਿ 5 ਬੱਸਾਂ ਸਬੰਧਿਤ ਪਿੰਡਾਂ ਵਿੱਚ ਹੀ ਖਾਲੀ ਖੜੀਆਂ ਰਹੀਆਂ ਜਿਨਾਂ ਵਿੱਚ ਇੱਕ ਵੀ ਵਲੰਟੀਅਰ ਰੈਲੀ ‘ਚ ਜਾਣ ਲਈ ਨਹੀਂ ਚੜਿਆ।

                                                ਪ੍ਰਾਪਤ ਜਾਣਕਾਰੀ ਅਨੁਸਾਰ ਮਹਿਲ ਕਲਾਂ ਲਈ ਦੋ ਪੀਆਰਟੀਸੀ ਦੀਆਂ ਬੱਸਾਂ ਭੇਜੀਆਂ ਗਈਆਂ ਸਨ ਜਿਨਾਂ ਵਿੱਚੋਂ ਇੱਕ ਬੱਸ ਸਾਰਾ ਦਿਨ ਖਾਲੀ ਖੜੀ ਰਹੀ ਜਦਕਿ ਦੂਜੀ ਬੱਸ ਵਿੱਚ ਵੀ ਦੋ ਪਿੰਡਾਂ ਦੀਆਂ ਮਹਿਲਾ ਵਲੰਟੀਅਰਾਂ ਨੂੰ ਮਿਲਾ ਕੇ 15 ਕੁ ਮਹਿਲਾ ਮੈਂਬਰਾਂ ਆਦਮਪੁਰ ਰੈਲੀ ਲਈ ਰਵਾਨਾ ਹੋਈਆਂ ਦੱਸਿਆ ਜਾਂਦੀਆਂ ਹਨ। ਹੁਣ ਸਵਾਲ ਖੜੇ ਹੋਣੇ ਸੁਭਾਵਿਕ ਹੀ ਹਨ ਕਿ ਬਰਨਾਲਾ ਜ਼ਿਲ੍ਹੇ ਵਿੱਚੋਂ ਜਲੰਧਰ ਜ਼ਿਲ੍ਹੇ ‘ਚ ਹੋ ਰਹੀ ਰੈਲੀ ਲਈ ਵਲੰਟੀਅਰਾਂ ਨੂੰ ਲੈ ਕੇ ਜਾਣ ਲਈ ਸਰਕਾਰੀ ਰੂਟਾਂ ਤੋਂ ਹਟਾ ਕੇ ਪਾਰਟੀ ਪ੍ਰੋਗਰਾਮ ਲਈ ਕੱਟੀਆਂ ਬੱਸਾਂ ਵਿੱਚ ਨਾ ਤਾਂ ਕੋਈ ਵਲੰਟੀਅਰ ਚੜਿਆ ਸਗੋਂ ਇਹਨਾਂ ਬੱਸਾਂ ਦੇ ਰੂਟ ਖਾਲੀ ਰਹਿਣ ਕਰਕੇ ਲੋਕਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪ੍ਰਾਪਤ ਜਾਣੀ ਜਾਣਕਾਰੀ ਅਨੁਸਾਰ ਜਿਹੜੀਆਂ ਬੱਸਾਂ ਬਰਨਾਲਾ ਜ਼ਿਲ੍ਹੇ ਵਿੱਚੋਂ ਆਦਮਪੁਰ ਰੈਲੀ ‘ਚ ਵਲੰਟੀਅਰਾਂ ਨੂੰ ਲੈ ਕੇ ਗਈਆਂ ਉਹਨਾਂ ਵਿੱਚੋਂ ਵੀ ਬਹੁਤੀਆਂ ਬੱਸਾਂ ਵਿੱਚ ਵਲੰਟੀਅਰਾਂ ਦੀ ਗਿਣਤੀ ਨਾਮਾਤਰ ਸੀ ਅਤੇ ਉਹ ਵੀ ‘ਖਾਲੀ ਘੋੜੀ ਹਿਣਕਦੀ’ ਵਾਂਗ ਖਾਲੀ ਖੜਕਦੀਆਂ ਗਈਆਂ ਹਨ। ਇਹ ਗੱਲ ਆਪਣੇ ‘ਆਪ’ ਵਿੱਚ ਹੀ ਵਿਚਾਰਨਯੋਗ ਹੈ ਕਿ ਜੇਕਰ ਸੱਤਾਧਾਰੀ ਪਾਰਟੀ ਨੂੰ ਆਪਣੀ ਰੈਲੀ ਵਿੱਚ ਇਕੱਠ ਕਰਨ ਲਈ 250-300 ਕਿਲੋਮੀਟਰ ਤੋਂ ਵਲੰਟੀਅਰਾਂ ਨੂੰ ਬੁਲਾਉਣਾ ਪੈ ਰਿਹਾ ਹੈ ਤਾਂ ਇਹ ਸਥਿਤੀ ਲੋਕਾਂ ‘ਚ ਪਾਰਟੀ ਦੀ ਲੋਕਪ੍ਰਿਅਤਾ ਦੇ ਗਰਾਫ਼ ਨੂੰ ਸਪੱਸ਼ਟ ਕਰ ਰਹੀ ਹੈ।
ਫੋਟੋ ਕੈਪਸ਼ਨ-ਸੰਕੇਤਿਕ AI ਤਸਵੀਰ

Gee98 Ads
error: Content is protected !!