Skip to main content

Gee 98News

ਪੰਜਾਬ ‘ਚ ਅਕਾਲੀ ਦਲ ਨਾਲ ਗੱਠਜੋੜ ਸਬੰਧੀ ਭਾਜਪਾ ਦੇ ਕੌਮੀ ਪ੍ਰਧਾਨ ਦਾ ਵੱਡਾ ਬਿਆਨ

ਚੰਡੀਗੜ੍ਹ ,23 ਅਪ੍ਰੈਲ, Gee98 news service-

-ਪੰਜਾਬ ਵਿਧਾਨ ਸਭਾ ਦੀਆਂ 2027 ‘ਚ ਹੋਣ ਜਾ ਰਹੀਆਂ ਚੋਣਾਂ ਸਬੰਧੀ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਵੱਡਾ ਬਿਆਨ ਦਿੱਤਾ ਹੈ। ਇੱਕ ਨਿੱਜੀ ਟੀਵੀ ਚੈਨਲ ਨਾਲ ਇੰਟਰਵਿਊ ਦੌਰਾਨ ਬੀਜੇਪੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਕਿਹਾ ਕਿ 2027 ਦੀਆਂ ਚੋਣਾਂ ‘ਚ ਪੰਜਾਬ ‘ਚ ਭਾਜਪਾ ਇਕੱਲੇ ਆਪਣੇ ਦਮ ‘ਤੇ ਚੋਣ ਲੜੇਗੀ ਅਤੇ ਕਿਸੇ ਨਾਲ ਗੱਠਜੋੜ ਨਹੀਂ ਕਰੇਗੀ। ਭਾਜਪਾ ਦੇ ਕੌਮੀ ਪ੍ਰਧਾਨ ਦੇ ਇਸ ਬਿਆਨ ਨੇ ਪੰਜਾਬ ‘ਚ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਦੀ ਚਰਚਾ ਬੰਦ ਕਰ ਦਿੱਤੀ ਹੈ। ਨਿਤਿਨ ਨਬੀਨ ਨੇ ਕਿਹਾ ਕਿ ਪੰਜਾਬ ‘ਚ ਭਾਜਪਾ ਇੱਕ ਨਵੇਂ ਰੂਪ ਵਿੱਚ ਮੈਦਾਨ ਵਿੱਚ ਆਵੇਗੀ। ਉਹਨਾਂ ਕਿਹਾ ਕਿ ਸਾਡਾ ਸੰਗਠਨ 2027 ਦੀਆਂ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਕੰਮ ਕਰ ਰਿਹਾ ਹੈ। ਉਹਨਾਂ ਕਿਹਾ ਕਿ ਭਾਜਪਾ ਆਪਣੇ ਪੱਧਰ ‘ਤੇ ਚੋਣ ਮੈਦਾਨ ਵਿੱਚ ਨਿਤਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਤੇ ਇਸ ਲਈ ਕਿਸੇ ਦਾ ਵੀ ਸਹਿਯੋਗ ਨਹੀਂ ਲਿਆ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਦਾ ਮਿਜ਼ਾਜ ਹਮੇਸ਼ਾ ਭਾਜਪਾ ਦੇ ਨਾਲ ਰਿਹਾ ਹੈ ਅਤੇ ਪੰਜਾਬ ਦੇ ਮਿਜ਼ਾਜ ਨੂੰ ਭਾਜਪਾ ਸਮਝਦੀ ਹੈ। ਉਹਨਾਂ ਕਿਹਾ ਕਿ ਪੰਜਾਬ ‘ਚ ਸਾਨੂੰ ਭਾਵੇਂ ਘੱਟ ਸੀਟਾਂ ਮਿਲਦੀਆਂ ਰਹੀਆਂ ਹਨ ਇਸ ਦੇ ਬਾਵਜੂਦ ਵੀ ਭਾਜਪਾ ਦਾ ਪੰਜਾਬ ਨਾਲ ਨਾਤਾ ਮਜ਼ਬੂਤ ਹੋਇਆ ਹੈ। ਭਾਜਪਾ ਦੇ ਕੌਮੀ ਪ੍ਰਧਾਨ ਨੇ ਦਾਅਵਾ ਕੀਤਾ ਕਿ ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਆਪਣੇ ਲੋਕ ਵਿਰੋਧੀ ਕੰਮਾਂ ਕਰਕੇ ਬੁਰੀ ਤਰ੍ਹਾਂ ਹਾਰ ਰਹੀ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੋਗਾ ਰੈਲੀ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਪੰਜਾਬ ‘ਚ ਇਕੱਲੇ ਹੀ ਚੋਣ ਲੜਨ ਦਾ ਸੰਕੇਤ ਦਿੱਤਾ ਸੀ ਅਤੇ ਹੁਣ ਪਾਰਟੀ ਦੇ ਕੌਮੀ ਪ੍ਰਧਾਨ ਵੱਲੋਂ ਦਿੱਤੇ ਤਾਜ਼ਾ ਬਿਆਨ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਦੇ ਨਵੇਂ ਸਮੀਕਰਨ ਬਣਨਗੇ। ਮੰਨਿਆ ਜਾ ਰਿਹਾ ਹੈ ਕਿ ਭਾਜਪਾ ਦੇ ਰੁੱਖ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਲਈ ਬਸਪਾ ਅਤੇ ਹੋਰ ਹਮਖਿਆਲੀ ਧਿਰਾਂ ਨਾਲ ਅੱਗੇ ਵੱਧ ਸਕਦਾ ਹੈ।

error: Content is protected !!