ਬਰਨਾਲਾ ,15 ਮਈ , Gee98 News service-
-ਜ਼ਿਲ੍ਹਾ ਪ੍ਰੀਸ਼ਦ ਬਰਨਾਲਾ ਦੀ ਚੇਅਰਮੈਨੀ ਦਾ ਪੇਚ ਫਸ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਜ਼ਿਲ੍ਹਾ ਪ੍ਰੀਸ਼ਦ ਬਰਨਾਲਾ ਦੀ ਚੇਅਰਮੈਨੀ ਲਈ ਆਪਣੇ ਕਿਸੇ ਆਗੂ ਦਾ ਨਾਮ ਫਾਈਨਲ ਨਹੀਂ ਕਰ ਸਕੀ ਜਿਸ ਤੋਂ ਬਾਅਦ ਵੀਰਵਾਰ ਵਾਲੇ ਦਿਨ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦੀ ਰੱਖੀ ਮੀਟਿੰਗ ਪ੍ਰਸ਼ਾਸਨ ਵੱਲੋਂ ਰੱਦ ਕੀਤੀ ਗਈ। ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦੀ ਰੱਦ ਕੀਤੀ ਮੀਟਿੰਗ ਦਾ ਕਾਰਨ ਭਾਵੇਂ ਪ੍ਰਸ਼ਾਸਨਿਕ ਰੁਝੇਵੇਂ ਦੱਸੇ ਜਾ ਰਹੇ ਹਨ ਪ੍ਰੰਤੂ ਅੰਦਰਲੀ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਸੱਤਾਧਾਰੀ ਆਗੂਆਂ ਵੱਲੋਂ ਚੇਅਰਮੈਨ ਦਾ ਨਾਮ ਹੀ ਫਾਈਨਲ ਨਹੀਂ ਹੋਇਆ। ਦੱਸ ਦੇਈਏ ਕਿ ਜ਼ਿਲ੍ਹਾ ਪ੍ਰੀਸ਼ਦ ਬਰਨਾਲਾ ਦੀ ਚੇਅਰਮੈਨੀ ਔਰਤ ਲਈ ਰੱਖੀ ਗਈ ਹੈ ਜਦਕਿ ਉਪ ਚੇਅਰਮੈਨ ਐਸਸੀ ਮਰਦ ਲਈ ਹੈ। ਬਰਨਾਲਾ ‘ਚ ਜਿਲ੍ਹਾ ਪ੍ਰੀਸ਼ਦ ਦੇ 10 ਮੈਂਬਰਾਂ ਵਿੱਚੋਂ 8 ਮੈਂਬਰ ਆਮ ਆਦਮੀ ਪਾਰਟੀ ਦੇ ਜਿੱਤੇ ਹਨ ਜਿਨਾਂ ਵਿੱਚੋਂ ਚਾਰ ਵਿਧਾਨ ਸਭਾ ਹਲਕਾ ਮਹਿਲਕਲਾਂ ਨਾਲ ਸੰਬੰਧਿਤ ਹਨ ਜਦਕਿ ਦੋ-ਦੋ ਬਰਨਾਲਾ ਅਤੇ ਭਦੌੜ ਹਲਕੇ ਨਾਲ ਸੰਬੰਧਤ ਹਨ ਜਦ ਕਿ ਦੋ ਮੈਂਬਰ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਭਦੌੜ ਨਾਲ ਸੰਬੰਧਿਤ ਹਨ। ਸੱਤਾਧਾਰੀ ਪਾਰਟੀ ਵੱਲੋਂ ਚੇਅਰਮੈਨੀ ਲਈ ਜ਼ਿਲ੍ਹਾ ਪ੍ਰੀਸ਼ਦ ਹਲਕਾ ਮਹਿਲ ਕਲਾਂ ਤੇ ਜ਼ਿਲ੍ਹਾ ਪ੍ਰੀਸ਼ਦ ਹਲਕਾ ਠੁੱਲੀਵਾਲ ਤੋਂ ਦੋ ਦਾਅਵੇਦਾਰ ਸਾਹਮਣੇ ਆ ਰਹੇ ਹਨ। ਸੂਤਰਾਂ ਅਨੁਸਾਰ ਹੁਣ ਪੇਚ ਹਲਕਾ ਵਿਧਾਇਕ ਦੀ ਪਸੰਦ ਅਤੇ ਨਾਪਸੰਦ ‘ਤੇ ਹੀ ਫਸਿਆ ਹੋਇਆ ਹੈ। ਆਮ ਆਦਮੀ ਪਾਰਟੀ ਦੇ ਅੰਦਰੂਨੀ ਸੂਤਰਾਂ ਅਨੁਸਾਰ ਹਲਕਾ ਵਿਧਾਇਕ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਹਲਕਾ ਮਹਿਲ ਕਲਾਂ ਦੇ ਉਮੀਦਵਾਰ ਵਾਲੇ ਪਾਸੇ ਡੱਕਾ ਸੁੱਟਿਆ ਜਾ ਰਿਹਾ ਜਦ ਕਿ ਠੁੱਲੀਵਾਲ ਹਲਕੇ ਤੋਂ ਜਿੱਤੀ ਉਮੀਦਵਾਰ ਦੇ ਪਤੀ ਦੀ ਆਪਣੇ ਪੱਧਰ ‘ਤੇ ਆਮ ਆਦਮੀ ਪਾਰਟੀ ਵਿੱਚ ਚੰਗੀ ਪੈਂਠ ਹੈ, ਜਿਸ ਦਾ ਜਲਵਾ ਪੰਚਾਇਤ ਸੰਮਤੀ ਸ਼ੇਰਪੁਰ ਦੇ ਚੇਅਰਮੈਨ ਦੀ ਚੋਣ ਮੌਕੇ ਸਾਹਮਣੇ ਆ ਚੁੱਕਿਆ ਹੈ। ਸੱਤਾਧਾਰੀ ਪਾਰਟੀ ਦੇ ਮੈਂਬਰਾਂ ਦੀ ਗਿਣਤੀ ਦੇ ਮੁਤਾਬਿਕ ਜ਼ਿਲ੍ਹਾ ਪ੍ਰੀਸ਼ਦ ਬਰਨਾਲਾ ਦੀ ਚੇਅਰਮੈਨੀ ‘ਤੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦਾ ਹੱਕ ਮਜਬੂਤ ਹੈ ਪ੍ਰੰਤੂ ਹੁਣ ਵੇਖਣਾ ਹੋਵੇਗਾ ਕਿ ਹਲਕਾ ਵਿਧਾਇਕ ਵੱਲੋਂ ਉਕਤ ਦੋਵੇਂ ਉਮੀਦਵਾਰਾਂ ਵਿੱਚੋਂ ਕਿਸ ਦੀ ਚੋਣ ਕੀਤੀ ਜਾਂਦੀ ਹੈ।









