Skip to main content

Gee 98News

ਬਰਨਾਲਾ ਦਾ ਸਿਆਸੀ ਤਾਪਮਾਨ ਸ਼ਿਖਰਾਂ ‘ਤੇ…ਅੱਜ ਸੱਤਾਧਾਰੀ ਭਰਨਗੇ ਕਾਗਜ਼

ਬਰਨਾਲਾ 16 ਮਈ ( ਨਿਰਮਲ ਸਿੰਘ ਪੰਡੋਰੀ )-

-ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਦਾ ਅੱਜ ਆਖ਼ਰੀ ਦਿਨ ਹੈ। ਜੇਕਰ ਨਗਰ ਨਿਗਮ ਬਰਨਾਲਾ ਦੀਆਂ ਚੋਣਾਂ ਦੀ ਗੱਲ ਕਰੀਏ ਤਾਂ ਸ਼ਹਿਰ ਦਾ ਸਿਆਸੀ ਤਾਪਮਾਨ ਪੂਰੇ ਸ਼ਿਖਰਾਂ ‘ਤੇ ਹੈ। ਬੀਤੇ ਕੱਲ੍ਹ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੇ ਵੱਡੇ ਨੇਤਾਵਾਂ ਨੇ ਆਪਣੇ ਉਮੀਦਵਾਰਾਂ ਦੇ ਨਾਲ ਨਾਮਜ਼ਦਗੀ ਪੱਤਰ ਦਾਖਲ ਕੀਤੇ। ਦੂਜੇ ਪਾਸੇ ਬਰਨਾਲਾ ‘ਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਕਿਸੇ ਵੱਡੇ ਆਗੂ ਨੇ ਅਜੇ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਕੀਤੇ। ਅੱਜ ਨਾਮਜ਼ਦਗੀਆਂ ਦੇ ਆਖ਼ਰੀ ਦਿਨ ਸੱਤਾਧਾਰੀ ਪਾਰਟੀ ਦੇ ਸਾਰੇ ਆਗੂ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਪਹੁੰਚਣਗੇ ਜਿਸ ਕਾਰਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਗਹਿਮਾ ਗਹਿਮੀ ਰਹਿਣ ਦੇ ਆਸਾਰ ਹਨ। ਸਥਾਨਕ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ,ਭਾਜਪਾ ਆਗੂ ਕੇਵਲ ਸਿੰਘ ਢਿੱਲੋਂ ਅਤੇ ਸੀਨੀਅਰ ਅਕਾਲੀ ਆਗੂ ਕੁਲਵੰਤ ਸਿੰਘ ਕੀਤੂ, ਸੰਜੀਵ ਸ਼ੋਰੀ, ਯਾਦਵਿੰਦਰ ਬਿੱਟੂ ਦੀਵਾਨਾ ਸਮੇਤ ਸਰਗਰਮ ਆਗੂ ਗੁਰਦੀਪ ਸਿੰਘ ਬਾਠ ਨੇ ਆਪਣੇ ਸਮਰਥਕਾਂ ਦੇ ਨਾਲ ਨਾਮਜ਼ਦਗੀ ਪੱਤਰ ਦਾਖਲ ਕਰਵਾਏ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਕਤ ਆਗੂਆਂ ਨੇ ਕਿਹਾ ਕਿ ਸ਼ਹਿਰ ਅੰਦਰ ਸੀਵਰੇਜ ਦੀ ਸਮੱਸਿਆ ਤੋਂ ਇਲਾਵਾ ਪੀਣ ਵਾਲੇ ਪਾਣੀ ਦੀ ਸਮੱਸਿਆ ਅਤੇ ਸ਼ਹਿਰ ਵਿੱਚ ਅਮਨ ਕਾਨੂੰਨ ਦੇ ਵਿਗੜਦੇ ਹਾਲਾਤਾਂ ਲਈ ਸੱਤਾਧਾਰੀ ਪਾਰਟੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ ਇਸ ਲਈ ਸ਼ਹਿਰ ਦੇ ਵੋਟਰ ਸੱਤਾਧਾਰੀ ਪਾਰਟੀ ਨੂੰ ਨਗਰ ਨਿਗਮ ਚੋਣਾਂ ਵਿੱਚ ਸ਼ੀਸ਼ਾ ਵਿਖਾਉਣਗੇ। ਕਾਂਗਰਸੀ ਵਿਧਾਇਕ ਕਾਲਾ ਢਿੱਲੋਂ ਨੇ ਕਿਹਾ ਕਿ ਨਗਰ ਨਿਗਮ ‘ਚ ਹੋ ਰਿਹਾ ਭ੍ਰਿਸ਼ਟਾਚਾਰ ਵੀ ਇਹਨਾਂ ਚੋਣਾਂ ‘ਚ ਮੁੱਖ ਮੁੱਦਾ ਰਹੇਗਾ।

                                                   ‌   ਦੂਜੇ ਪਾਸੇ ਇਹ ਵੀ ਵੇਖਣ ਵਿੱਚ ਆ ਰਿਹਾ ਹੈ ਕਿ ਸੱਤਾਧਾਰੀ ਪਾਰਟੀ ਵੱਲੋਂ ਕਈ ਵਾਰਡਾਂ ਵਿੱਚ ਦੂਜੀਆਂ ਪਾਰਟੀਆਂ ਤੋਂ ਉਧਾਰੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਜਾ ਰਹੇ ਹਨ ਜਿਨਾਂ ਦੀ ਸੂਚੀ ਅੱਜ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਬਾਅਦ ਸਾਹਮਣੇ ਆਵੇਗੀ। ਚਰਚਾ ਅਨੁਸਾਰ ਇਸ ਵਾਰ ਬਰਨਾਲਾ ‘ਚ ਸੱਤਾਧਾਰੀ ਪਾਰਟੀ ਨੂੰ ਵੀ ਆਪਣੇ ਉਮੀਦਵਾਰਾਂ ਦੀ ਚੋਣ ਕਰਨ ‘ਚ ਸਿਆਸੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ।ਨਗਰ ਨਿਗਮ ਬਰਨਾਲਾ ਦੀਆਂ ਚੋਣਾਂ ਨਾਲ ਜੁੜਿਆ ਇੱਕ ਪੱਖ ਇਹ ਵੀ ਸਾਹਮਣੇ ਆਇਆ ਕਿ ਇਸ ਵਾਰ ਭਾਜਪਾ ਦੀ ਚੋਣ ਲੜਨ ਲਈ ਲੋਕਾਂ ‘ਚ ਕਾਫੀ ਉਤਸ਼ਾਹ ਵੇਖਿਆ ਜਾ ਰਿਹਾ ਹੈ। ਕਈ ਪਾਰਟੀਆਂ ਦੇ ਬਾਗ਼ੀ ਉਮੀਦਵਾਰ ਚੋਣ ਲੜਨ ਲਈ ਭਾਜਪਾ ਨੂੰ ਪਹਿਲ ਦੇ ਰਹੇ ਹਨ। ਕੁਝ ਮਹੀਨੇ ਪਹਿਲਾਂ ਹੋਈਆਂ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਵਿੱਚ ਧੱਕੇਸ਼ਾਹੀ ਦਾ ਸ਼ਿਕਾਰ ਹੋਈਆਂ ਕਾਂਗਰਸ ਅਕਾਲੀ ਦਲ ਤੇ ਭਾਜਪਾ ਪਾਰਟੀਆਂ ਦੇ ਵੱਡੇ ਆਗੂਆਂ ਨੇ ਨਗਰ ਨਿਗਮ ਚੋਣਾਂ ਸਬੰਧੀ ਸਥਾਨਕ ਪ੍ਰਸ਼ਾਸਨਿਕ ਅਤੇ ਸੱਤਾਧਾਰੀ ਆਗੂਆਂ ਨੂੰ ਪਹਿਲਾਂ ਹੀ ਚਿਤਾਵਨੀ ਦੇ ਦਿੱਤੀ ਹੈ ਕਿ ਇਸ ਵਾਰ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਦੂਜੇ ਪਾਸੇ ਸ਼ਹਿਰ ਦੇ ਸੱਤਾਧਾਰੀ ਕਮਾਂਡਰ ਮੀਤ ਹੇਅਰ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਨਿਗਮ ਚੋਣਾਂ ਸਾਫ਼ ਸੁਥਰੀਆਂ ਹੋਣਗੀਆਂ। ਮੀਤ ਹੇਅਰ ਨੇ ਕਿਹਾ ਕਿ ਅਸੀਂ ਨਿਗਮ ਚੋਣਾਂ ਚ ਨਾਮਜ਼ਦਗੀ ਪੱਤਰ ਰੱਦ ਕਰਵਾਉਣ ਵਰਗੀ ਗੰਦੀ ਖੇਡ ਵੀ ਨਹੀਂ ਖੇਡਾਂਗੇ।

Gee98 Ads
error: Content is protected !!