Skip to main content

Gee 98News

ਨਗਰ ਨਿਗਮ ਚੋਣਾਂ : ਆਪ ਨੂੰ ਝਟਕਾ…ਰਮਾ ਸ਼ਰਮਾ ਨੇ ਝਾੜੂ ਸੁੱਟ ਕੇ ਫੜਿਆ ਕਮਲ ਦਾ ਫੁੱਲ

ਬਰਨਾਲਾ ,15 ਮਈ, (ਨਿਰਮਲ ਸਿੰਘ ਪੰਡੋਰੀ)-

-ਨਗਰ ਨਿਗਮ ਬਰਨਾਲਾ ਦੀਆਂ ਚੋਣਾਂ ਲਈ ਚੋਣ ਬੁਖਾਰ ਪੂਰੇ ਸ਼ਿਖਰਾਂ ‘ਤੇ ਪੁੱਜ ਚੁੱਕਿਆ ਹੈ। ‌ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਵਿਰੋਧੀ ਪਾਰਟੀਆਂ ਕਾਂਗਰਸ, ਅਕਾਲੀ ਦਲ, ਭਾਜਪਾ ਨੇ ਆਪਣੇ-ਆਪਣੇ ਉਮੀਦਵਾਰਾਂ ਦੀ ਚੋਣ ਲੱਗਭੱਗ ਮੁਕੰਮਲ ਕਰ ਲਈ ਹੈ ਅਤੇ ਨਾਮਜ਼ਦਗੀਆਂ ਦੇ ਆਖ਼ਰੀ ਦੋ ਦਿਨ 15 ਅਤੇ 16 ਮਈ ਨੂੰ ਚੁਣੇ ਗਏ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦੇਣਗੇ। ਇਸ ਦੌਰਾਨ ਭਾਜਪਾ ਨੇ ਆਮ ਆਦਮੀ ਪਾਰਟੀ ਨੂੰ ਇੱਕ ਕਰਾਰਾ ਝਟਕਾ ਦਿੰਦੇ ਹੋਏ ਵਾਰਡ ਨੰਬਰ 25 ਤੋਂ ਆਮ ਆਦਮੀ ਪਾਰਟੀ ਲਈ 2014 ਤੋਂ ਕੰਮ ਕਰ ਰਹੇ ਇੱਕ ਟਕਸਾਲੀ ਫਾਊਂਂਡਰ ਪਰਿਵਾਰ ਦੀ ਮਹਿਲਾ ਆਗੂ ਸ਼੍ਰੀਮਤੀ ਰਮਾ ਸ਼ਰਮਾ ਨੂੰ ਭਾਜਪਾ ਵਿੱਚ ਸ਼ਾਮਿਲ ਕਰਕੇ ਵਾਰਡ ਨੰਬਰ 25 ਤੋਂ ਟਿਕਟ ਵੀ ਦੇ ਦਿੱਤੀ। ਭਾਜਪਾ ਦਾ ਇਹ ਸੱਤਾਧਾਰੀ ਆਮ ਆਦਮੀ ਪਾਰਟੀ ਲਈ ਕਰਾਰਾ ਸਿਆਸੀ ਝਟਕਾ ਮੰਨਿਆ ਜਾ ਰਿਹਾ ਹੈ। ਰਮਾ ਸ਼ਰਮਾ ਦਾ ਪਰਿਵਾਰ ਆਮ ਆਦਮੀ ਪਾਰਟੀ ਲਈ ਭਗਵੰਤ ਮਾਨ ਦੀ ਪਹਿਲੀ ਲੋਕ ਸਭਾ ਚੋਣ ਤੋਂ ਲੈ ਕੇ ਜੁੜਿਆ ਹੋਇਆ ਹੈ ਅਤੇ ਇਸ ਪਰਿਵਾਰ ਨੇ ਭਗਵੰਤ ਮਾਨ ਦੀਆਂ ਲੋਕ ਸਭਾ ਚੋਣਾਂ ਅਤੇ ਮੀਤ ਹੇਅਰ ਦੀਆਂ ਸਾਰੀਆਂ ਚੋਣਾਂ ਵਿੱਚ ਜ਼ਮੀਨੀ ਪੱਧਰ ‘ਤੇ ਕੰਮ ਕੀਤਾ। ਰਮਾ ਸ਼ਰਮਾ ਨੂੰ ਬੀਤੇ ਕੱਲ੍ਹ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਨੇ ਪਾਰਟੀ ਵਿੱਚ ਸ਼ਾਮਿਲ ਕੀਤਾ ਅਤੇ ਵਾਰਡ ਨੰਬਰ 25 ਦੀ ਟਿਕਟ ਦਾ ਵੀ ਐਲਾਨ ਕੀਤਾ। ਇਸ ਮੌਕੇ ਭਾਜਪਾ ਆਗੂ ਧਰਮ ਸਿੰਘ ਫੌਜੀ, ਹਰਬਖਸੀਸ ਸਿੰਘ ਗੋਨੀ, ਸ੍ਰੀ ਹਰੀਓਮ ਸ਼ਰਮਾ ਅਤੇ ਚਮਕੌਰ ਸਿੰਘ ਵੀ ਹਾਜ਼ਰ ਸਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਨੇ ਕਿਹਾ ਕਿ ਪਾਰਟੀ ਹਾਈ ਮਕਮਾਂਡ ਨਾਲ ਮਸ਼ਵਰਾ ਕਰਨ ਤੋਂ ਬਾਅਦ ਜਿੱਥੇ ਰਮਾ ਸ਼ਰਮਾ ਨੂੰ ਵਾਰਡ ਨੰਬਰ 25 ਲਈ ਪਾਰਟੀ ਦਾ ਉਮੀਦਵਾਰ ਬਣਾਇਆ ਗਿਆ ਉੱਥੇ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਵੀ ਰਮਾ ਸ਼ਰਮਾ ਨੂੰ ਬਣਦਾ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਰਮਾ ਸ਼ਰਮਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਦੇ ਪਰਿਵਾਰ ਨੇ ਬਿਨਾਂ ਕਿਸੇ ਅਹੁਦੇ ਦੇ ਲਾਲਚ ਤੋਂ ਆਮ ਆਦਮੀ ਪਾਰਟੀ ਲਈ ਕੰਮ ਕੀਤਾ ਪ੍ਰੰਤੂ ਬੀਤੇ ਦਿਨੀ ਉਨਾਂ ਪ੍ਰਤੀ ਗ਼ਲਤ ਜਾਣਕਾਰੀ ਦੇ ਆਧਾਰ ‘ਤੇ “ਵੱਡੇ ਨੇਤਾ” ਦੀ ਕੋਠੀ ਵਿੱਚ ਉਹਨਾਂ ਨੂੰ ਜ਼ਲੀਲ ਕੀਤਾ ਗਿਆ। ਰਮਾ ਸ਼ਰਮਾ ਨੇ ਕਿਹਾ ਕਿ ਕੁਝ ਮਹੀਨੇ ਪਹਿਲਾਂ ਉਹਨਾਂ ਨੂੰ ਵਾਰਡ ਨੰਬਰ 25 ਤੋਂ ਚੋਣ ਲੜਨ ਦਾ ਇਸ਼ਾਰਾ ਵੀ ਕੀਤਾ ਗਿਆ ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਫਲੈਕਸ ਬੋਰਡ ਵੀ ਵਾਰਡ ਦੀਆਂ ਕੰਧਾਂ ‘ਤੇ ਲਗਾਏ ਪ੍ਰੰਤੂ ਹੁਣ ਟਿਕਟ ਕਿਸੇ ਹੋਰ ਨੂੰ ਦੇ ਦਿੱਤੀ ਗਈ। ਰਮਾ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨਾਲ ਉਸਦੀ ਨਰਾਜ਼ਗੀ ਟਿਕਟ ਕਰਕੇ ਨਹੀਂ ਸਗੋਂ ਉਸ ਨੂੰ ਜ਼ਲੀਲ ਕਰਨ ਦੀ ਘਟਨਾ ਸਬੰਧੀ ਮੈਂਬਰ ਪਾਰਲੀਮੈਂਟ ਨੇ ਜਾਣਕਾਰੀ ਹੋਣ ਦੇ ਬਾਵਜੂਦ ਵੀ ਚੁੱਪ ਵੱਟੀ ਰੱਖੀ। ਜ਼ਿਕਰਯੋਗ ਹੈ ਕਿ ਰਮਾ ਸ਼ਰਮਾ ਵਾਰਡ ਨੰਬਰ 25 ਦੀ ਹੀ ਵਸਨੀਕ ਹੈ ਜਿੱਥੇ ਕਈ ਸਾਲਾਂ ਤੋਂ ਉਹ ਆਪਣਾ ਬਿਊਟੀ ਪਾਰਲਰ ਚਲਾ ਰਹੀ ਹੈ ਤੇ ਬਿਊਟੀਸ਼ਨ ਦੀ ਖੇਤਰ ਵਿੱਚ ਉਸ ਦਾ ਚੰਗਾ ਨਾਮ ਹੈ। ਰਮਾ ਸ਼ਰਮਾ ਦਾ ਆਪਣੀ ਬੇਬਾਕ ਸ਼ੈਲੀ ਅਤੇ ਮਿਲਵਰਤਨ ਸੁਭਾਅ ਸਦਕਾ ਵਾਰਡ ਤੋਂ ਇਲਾਵਾ ਵੀ ਆਮ ਲੋਕਾਂ ਵਿੱਚ ਖਾਸ ਕਰਕੇ ਮਹਿਲਾ ਵਰਗ ਵਿੱਚ ਚੰਗਾ ਜਨ ਆਧਾਰ ਹੈ। ਵਾਰਡ ਨੰਬਰ 25 ਲਈ ਭਾਰਤੀ ਜਨਤਾ ਪਾਰਟੀ ਦੇ ਪਲੇਟਫਾਰਮ ਤੋਂ ਮੈਦਾਨ ਵਿੱਚ ਨਿਤਰਨ ਤੋਂ ਪਹਿਲਾਂ ਇੱਥੇ ਮੁੱਖ ਮੁਕਾਬਲਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੌਰਾਨ ਸੀ ਪਰੰਤੂ ਹੁਣ ਆਪ ਦੀ ਇੱਕ ਟਕਸਾਲੀ ਮਹਿਲਾ ਆਗੂ ਦੇ ਨੈਸ਼ਨਲ ਪਾਰਟੀ ਦੇ ਪਲੇਟਫਾਰਮ ਤੋਂ ਮੈਦਾਨ ਵਿੱਚ ਆਉਣ ਤੋਂ ਬਾਅਦ ਵਾਰਡ ਨੰਬਰ 25 ਦੇ ਨਵੇਂ ਚੋਣ ਸਮੀਕਰਨ ਬਣਨਗੇ।

error: Content is protected !!