Skip to main content

Gee 98News

ਪਤੀ ‘ਤੇ ਕੇਸ ਦਰਜ ਕਰਵਾਉਣ ਵਾਲੀ ਮਹਿਲਾ SDM ਨੂੰ ਪੁਲਿਸ ਨੇ 1 ਕਰੋੜ 63 ਲੱਖ ਦੇ ਘਪਲੇ ‘ਚ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ,16 ਮਈ, Gee98 news service-

ਪੰਜਾਬ ਪੁਲਿਸ ਨੇ ਕਰੋੜਾਂ ਰੁਪਏ ਦੇ ਘਪਲੇ ਦੇ ਮਾਮਲੇ ਵਿੱਚ ਸੂਬੇ ਦੀ ਇੱਕ ਮਹਿਲਾ ਐਸਡੀਐਮ ਨੂੰ ਗ੍ਰਿਫਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੱਟੀ ਪੁਲਿਸ ਨੇ ਗੁਰਦਾਸਪੁਰ ਵਿਖੇ ਤਾਇਨਾਤ ਐਸਡੀਐਮ ਅਨੂਪ੍ਰੀਤ ਕੌਰ ਰੰਧਾਵਾ ਨੂੰ 1 ਕਰੋੜ 63 ਲੱਖ ਰੁਪਏ ਦੇ ਘਪਲੇ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ 16 ਮਈ ਸ਼ਨੀਵਾਰ ਸਵੇਰੇ ਕਰੀਬ 7 ਵਜੇ ਐਸਡੀਐਮ ਰੰਧਾਵਾ ਨੂੰ ਗੁਰਦਾਸਪੁਰ ਤੋਂ ਉਹਨਾਂ ਦੀ ਸਰਕਾਰੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ। ‌ ਇਹ ਮਾਮਲਾ ਜੰਮੂ ਕਸ਼ਮੀਰ-ਰਾਜਸਥਾਨ ਨੈਸ਼ਨਲ ਹਾਈਵੇ ਲਈ ਜ਼ਮੀਨ ਅਕਵਾਇਰ ਕਰਨ ਨਾਲ ਜੁੜਿਆ ਹੋਇਆ ਹੈ। ਉਸ ਵੇਲੇ ਅਨੁਪ੍ਰੀਤ ਕੌਰ ਰੰਧਾਵਾ ਪੱਟੀ ਵਿਖੇ ਤਾਇਨਾਤ ਸਨ। ਜ਼ਮੀਨ ਅਕੁਵਾਇਰ ਕਰਨ ਵੇਲੇ ਅੱਜ ਤੋਂ 8 ਸਾਲ ਪਹਿਲਾਂ ਉਹਨਾਂ ‘ਤੇ ਘਪਲੇ ਦੇ ਦੋਸ਼ ਲੱਗੇ ਸਨ ਅਤੇ ਉਹਨਾਂ ਨੂੰ ਇਸ ਮਾਮਲੇ ਵਿੱਚ ਸਸਪੈਂਡ ਵੀ ਕੀਤਾ ਗਿਆ ਸੀ ਅਤੇ ਕਈ ਸਾਲ ਪਹਿਲਾਂ ਉਹਨਾਂ ਨੂੰ ਫੀਲਡ ਡਿਊਟੀ ਤੋਂ ਵੀ ਦੂਰ ਰੱਖਿਆ ਗਿਆ ਸੀ।
– SDM ਰੰਧਾਵਾ ਦੀ ਘਰੇਲੂ ਜ਼ਿੰਦਗੀ ਦੀ ਰਹੀ ਵਿਵਾਦਾਂ ਭਰਪੂਰ
ਐਸਡੀਐਮ ਅਨੂਪ੍ਰੀਤ ਕੌਰ ਰੰਧਾਵਾ ਦੀ ਘਰੇਲੂ ਜ਼ਿੰਦਗੀ ਵੀ ਵਿਵਾਦਾਂ ਭਰਪੂਰ ਰਹੀਂ ਹੈ। ਉਹਨਾਂ ਨੇ ਆਪਣੇ ਪਤੀ ਉੱਪਰ ਘਰੇਲੂ ਹਿੰਸਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਸਬੰਧੀ ਕੇਸ ਵੀ ਦਰਜ ਕਰਵਾਇਆ ਜਿਸ ਵਿੱਚ ਉਹਨਾਂ ਦੇ ਪਤੀ ਦੀ ਗ੍ਰਿਫ਼ਤਾਰੀ ਵੀ ਹੋਈ ਸੀ। PCS ਅਫ਼ਸਰ ਅਨੂਪ੍ਰੀਤ ਕੌਰ ਰੰਧਾਵਾ ‘ਤੇ ਦੋਸ਼ ਹਨ ਕਿ ਜਿਸ ਵੇਲੇ ਉਹ ਪੱਟੀ ਬਤੌਰ ਐਸਡੀਐਮ ਤਾਇਨਾਤ ਸਨ ਤਾਂ ਉਹਨਾਂ ਨੇ ਜੰਮੂ ਕਸ਼ਮੀਰ- ਰਾਜਸਥਾਨ ਨੈਸ਼ਨਲ ਹਾਈਵੇ ਲਈ ਜ਼ਮੀਨ ਅਕੁਵਾਇਰ ਕਰਨ ਸਮੇਂ ਕੁਝ ਅਜਿਹੇ ਲੋਕਾਂ ਨੂੰ ਵਿੱਤੀ ਲਾਭ ਦਿਵਾਇਆ ਜਿਨਾਂ ਕੋਲੇ ਜ਼ਮੀਨ ਹੀ ਨਹੀਂ ਸੀ। ਇਹ ਮਾਮਲਾ ਰੌਸ਼ਨੀ ਵਿੱਚ ਆਉਣ ਤੋਂ ਬਾਅਦ ਇਸ ਸਬੰਧੀ ਸ਼ਿਕਾਇਤ ਦਰਜ ਕੀਤੀ ਗਈ ਅਤੇ ਦੌਰਾਨੇ ਪੜ੍ਹਤਾਲ ਇਹ ਸਾਹਮਣੇ ਆਇਆ ਕਿ ਪੰਜ ਅਜਿਹੇ ਵਿਅਕਤੀਆਂ ਦੇ ਖਾਤਿਆਂ ਵਿੱਚ 1 ਕਰੋੜ 63 ਲੱਖ ਦੀ ਰਕਮ ਟ੍ਰਾਂਸਫਰ ਕੀਤੀ ਗਈ ਜਿਨਾਂ ਕੋਲ ਜ਼ਮੀਨ ਹੀ ਨਹੀਂ ਸੀ।‌‌ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਇਹ ਰਕਮ ਐਸਡੀਐਮ ਦੇ ਦਸਤਖ਼ਤਾਂ ਤੋਂ ਬਾਅਦ ਜਾਰੀ ਕੀਤੀ ਗਈ ਸੀ ਜੋ ਕਿ ਗੰਭੀਰ ਮਾਮਲਾ ਹੈ ਅਤੇ ਸਰਕਾਰੀ ਪੈਸੇ ਦਾ ਗਬਨ ਹੈ ਕਿਉਂਕਿ ਨੈਸ਼ਨਲ ਹਾਈਵੇ-54 ਲਈ ਮਾਲ ਵਿਭਾਗ ਦੇ ਰਿਕਾਰਡ ਦੀ ਜਾਂਚ ਕੀਤੇ ਬਿਨਾਂ ਹੀ ਗ਼ਲਤ ਵਿਅਕਤੀਆਂ ਦੇ ਖਾਤਿਆਂ ਵਿੱਚ ਸਰਕਾਰੀ ਪੈਸੇ ਟ੍ਰਾਂਸਫਰ ਕਰ ਦਿੱਤੇ ਗਏ।

-DC ਦੀ ਅਗਵਾਈ ਹੇਠ ਗਠਤ ਕਮੇਟੀ ਨੇ ਕੀਤੀ ਸੀ ਜਾਂਚ

Gee98 Ads

ਇਸ ਮਾਮਲੇ ਦੀ ਜਾਂਚ ਲਈ ਡਿਪਟੀ ਕਮਿਸ਼ਨਰ ਜਲੰਧਰ ਦੀ ਅਗਵਾਈ ਹੇਠ ਕਮੇਟੀ ਗਠਿਤ ਕੀਤੀ ਗਈ ਜਿਸਨੇ ਆਪਣੀ ਜਾਂਚ ਰਿਪੋਰਟ ਉਸ ਵੇਲੇ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਭੇਜੀ ਜਿਸ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਮੁੱਖ ਸਕੱਤਰ ਨੇ ਐਸਡੀਐਮ ਅਨੁਪ੍ਰੀਤ ਕੌਰ ਰੰਧਾਵਾ ਨੂੰ ਸਸਪੈਂਡ ਕਰ ਦਿੱਤਾ ਸੀ। ‌ਸਾਲ 2019 ਤੋਂ ਲੈ ਕੇ 2022 ਤੱਕ ਐਸਡੀਐਮ ਅਨੁਪ੍ਰੀਤ ਕੌਰ ਰੰਧਾਵਾ ਸਸਪੈਂਡ ਰਹੀ, ਫਿਰ 2022 ‘ਚ ਸਰਕਾਰ ਵੱਲੋਂ ਕੀਤੇ ਵੱਡੀ ਪੱਧਰ ‘ਤੇ ਕੀਤੇ ਪ੍ਰਸ਼ਾਸਨਿਕ ਫੇਰਬਦਲ ਦੌਰਾਨ ਉਸ ਨੂੰ ਬਹਾਲ ਕਰ ਦਿੱਤਾ ਗਿਆ ਅਤੇ ਕੁਝ ਥਾਵਾਂ ‘ਤੇ ਫੀਲਡ ਡਿਊਟੀ ਵੀ ਦਿੱਤੀ ਗਈ। ਅੱਜ ਕੱਲ੍ਹ ਉਹ ਗੁਰਦਾਸਪੁਰ ਵਿਖੇ ਬਤੌਰ ਐਸਡੀਐਮ ਤਾਇਨਾਤ ਸਨ ਜਿੱਥੋਂ ਪੱਟੀ ਪੁਲਿਸ ਨੇ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

error: Content is protected !!