ਬਰਨਾਲਾ,20 ਮਈ, Gee98 News service-
ਪੰਜਾਬ ਰਾਜ ਵਿਜੀਲੈਂਸ ਬਿਊਰੋ ਨੇ ਲੁਧਿਆਣਾ ਵਿੱਚ ਕਰੋੜਾਂ ਰੁਪਏ ਦੇ ਘੁਟਾਲੇ ਨਾਲ ਸੰਬੰਧਿਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਾਬਕਾ ਸੀਐਮਡੀ ਕੇਡੀ ਚੌਧਰੀ, ਤਤਕਾਲੀਨ ਐਸਡੀਓ ਸੰਜੀਵ ਪ੍ਰਭਾਕਰ ਅਤੇ ਲੁਧਿਆਣਾ ਦੇ ਇੱਕ ਬਿਲਡਰ ਅਮਿਤ ਗਰਗ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਹਨਾਂ ਤਿੰਨਾਂ ਜਣਿਆਂ ਨੇ ਕਥਿਤ ਤੌਰ ‘ਤੇ ਮਿਲੀਭੁਗਤ ਕਰਕੇ ਸਰਕਾਰੀ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਇੱਕ ਨਿੱਜੀ ਹਾਊਸਿੰਗ ਕਾਲੋਨੀ “ਬਸੰਤ ਸਿਟੀ” ਵਿੱਚ 10 ਕਰੋੜ ਰੁਪਏ ਸਰਕਾਰੀ ਫੰਡ ਖਰਚ ਕਰਕੇ 66 ਕੇਵੀ ਦਾ ਸਬ ਸਟੇਸ਼ਨ ਲਗਵਾਇਆ ਸੀ। ਬੁਲਾਰੇ ਨੇ ਦੱਸਿਆ ਕਿ ਨਿਯਮਾਂ ਅਨੁਸਾਰ ਸਬਸਟੇਸ਼ਨ ਲਗਾਉਣ ਦਾ ਪੂਰਾ ਖਰਚਾ ਬਿਲਡਰ ਨੂੰ ਨੇ ਖੁਦ ਕਰਨਾ ਸੀ ਪ੍ਰੰਤੂ ਉਸ ਵੇਲੇ ਦੇ ਇਲਾਕੇ ਦੇ SDO ਸੰਜੀਵ ਪ੍ਰਭਾਕਰ ਅਤੇ ਉਸ ਵੇਲੇ ਦੇ ਪਾਵਰਕਾਮ ਦੇ ਸੀਐਮਡੀ ਕੇਡੀ ਚੌਧਰੀ ਨੇ ਵਿਭਾਗੀ ਫੰਡ ਵਰਤ ਕੇ ਇਹ 66 ਕੇਵੀ ਦਾ ਸਬ ਸਟੇਸ਼ਨ ਇੱਕ ਨਿੱਜੀ ਹਾਊਸਿੰਗ ਕਲੋਨੀ ਵਿੱਚ ਲਗਾ ਦਿੱਤਾ। ਬੁਲਾਰੇ ਅਨੁਸਾਰ ਜਾਂਚ ਦੌਰਾਨ ਪਾਵਰਕਾਮ ਦੇ ਅਧਿਆਰੀਆਂ ਤੇ ਬਿਲਡਰ ਦੇ ਵਿਚਕਾਰ ਮਿਲੀ ਭੁਗਤ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਦੀ ਜਾਂਚ 2021 ਤੋਂ ਹੋ ਰਹੀ ਹੈ ਅਤੇ ਇਸ ਸਾਲ ਇਸ ਸਬੰਧੀ ਵਿਜੀਲੈਂਸ ਨੇ ਮੁਕੱਦਮਾ ਦਰਜ ਕੀਤਾ ਸੀ। ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸੰਜੀਵ ਪ੍ਰਭਾਕਰ ਕੁਝ ਸਾਲ ਪਹਿਲਾਂ ਹੀ ਵਿਭਾਗ ਤੋਂ ਡਿਪਟੀ ਚੀਫ਼ ਇੰਜੀਨੀਅਰ ਦੇ ਅਹੁਦੇ ਤੋਂ ਰਿਟਾਇਰ ਹੋਏ ਹਨ ਜਦਕਿ ਕੇਡੀ ਚੌਧਰੀ 2017 ਵਿੱਚ ਰਿਟਾਇਰ ਹੋ ਗਏ ਸਨ। ਵਿਜੀਲੈਂਸ ਗ੍ਰਿਫ਼ਤਾਰ ਕੀਤੇ ਗਏ ਤਿੰਨਾਂ ਵਿਅਕਤੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਵਿਜੀਲੈਂਸ ਦਾ ਦਾਅਵਾ ਹੈ ਕਿ ਇਸ ਮਾਮਲੇ ਵਿੱਚ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।










