Skip to main content

Gee 98News

EVM ਮਸ਼ੀਨਾਂ ਰਾਹੀਂ ਚੋਣਾਂ ਕਰਵਾਉਣ ਦੀ ਪੂਰੀ ਸੀ ਤਿਆਰੀ…ਪਰ ਅਚਾਨਕ ਕਿਉਂ ਆ ਗਏ ਬੈਲੇਟ ਪੇਪਰ…ਪੜੋ ਖ਼ਬਰ

ਚੰਡੀਗੜ੍ਹ,22 ਮਈ, (ਨਿਰਮਲ ਸਿੰਘ ਪੰਡੋਰੀ)-

-ਪੰਜਾਬ ‘ਚ 26 ਮਈ ਨੂੰ ਹੋਣ ਜਾ ਰਹੀਆਂ ਨਗਰ ਨਿਗਮਾਂ ਤੇ ਨਗਰ ਕੌਂਸਲਾਂ ਦੀਆਂ ਚੋਣਾਂ ਈਵੀਐਮ ਮਸ਼ੀਨਾਂ ਤੋਂ ਬਦਲ ਕੇ ਬੈਲੇਟ ਪੇਪਰ ਰਾਹੀਂ ਕਰਵਾਉਣ ਦਾ ਇੱਕ ਹੈਰਾਨੀਜਨਕ ਸੱਚ ਸਾਹਮਣੇ ਆਇਆ ਹੈ। ‌ ਸੂਤਰਾਂ ਅਨੁਸਾਰ ਪੰਜਾਬ ‘ਚ ਇਹ ਚੋਣਾਂ ਪਹਿਲਾਂ ਈਵੀਐਮ ਮਸ਼ੀਨਾਂ ਰਾਹੀਂ ਕਰਵਾਈਆਂ ਜਾਣੀਆਂ ਸਨ ਪਰੰਤੂ ਸਰਕਾਰ ਨੇ ਅਚਾਨਕ ਹੀ ਚੋਣਾਂ ਬੈਲੇਟ ਪੇਪਰਾਂ ਰਾਹੀਂ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ। ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ‘ਚ ਜ਼ਿਲ੍ਹਾ ਪੱਧਰ ‘ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜ਼ਿੰਮੇਵਾਰ ਅਧਿਕਾਰੀਆਂ ਨੂੰ 26 ਮਈ ਨੂੰ ਹੋਣ ਜਾ ਰਹੀਆਂ ਚੋਣਾਂ ਲਈ EVM ਮਸ਼ੀਨਾਂ ਸਟੇਟ ਹੈੱਡ ਕੁਆਰਟਰ ਤੋਂ ਪ੍ਰਾਪਤ ਕਰਨ ਲਈ ਡਿਊਟੀਆਂ ਵੀ ਲਗਾ ਦਿੱਤੀਆਂ ਸਨ ਅਤੇ ਇਸ ਸਬੰਧੀ ਜ਼ਿਲ੍ਹਾ ਪੱਧਰ ‘ਤੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਪੱਤਰ ਜਾਰੀ ਕਰਕੇ ਉਹਨਾਂ ਨੂੰ ਪੁਲਿਸ ਸੁਰੱਖਿਆ ਵੀ ਦੇ ਦਿੱਤੀ ਗਈ ਸੀ ਤਾਂ ਜੋ ਉਹ ਜ਼ਿੰਮੇਵਾਰੀ ਨਾਲ ਸਟੇਟ ਹੈੱਡ ਕੁਆਰਟਰ ਤੋਂ ਈਵੀਐਮ ਮਸ਼ੀਨਾਂ ਪ੍ਰਾਪਤ ਕਰਕੇ ਜ਼ਿਲ੍ਹਾ ਹੈੱਡ ਕੁਆਰਟਰ ‘ਤੇ ਲੈ ਕੇ ਆਉਣ ਜਿਨਾਂ ਨੂੰ 26 ਮਈ ਲਈ ਨਗਰ ਨਿਗਮ ਚੋਣਾਂ ‘ਚ ਵਰਤਿਆ ਜਾਣਾ ਸੀ। ਚੋਣਾਂ ਲਈ ਈਵੀਐਮ ਮਸ਼ੀਨਾਂ ਪ੍ਰਾਪਤ ਕਰਨ ਸਬੰਧੀ ਡਿਊਟੀ ਲੱਗਣ ਵਾਲੇ ਜ਼ਿਲ੍ਹਾ ਪੱਧਰੀ ਅਧਿਕਾਰੀਆਂ ਨੇ ਆਪਣੀ ਲੋੜੀਂਦੀ ਸਾਰੀ ਪ੍ਰਕਿਰਿਆ ਵੀ ਪੂਰੀ ਕਰ ਲਈ ਸੀ ਅਤੇ ਉਹ ਸਟੇਟ ਹੈੱਡ ਕੁਆਰਟਰ ਤੋਂ ਈਵੀਐਮ ਮਸ਼ੀਨਾਂ ਪ੍ਰਾਪਤ ਕਰਨ ਲਈ ਜਾਣ ਵਾਲੇ ਹੀ ਸਨ ਕਿ ਅਚਾਨਕ ਸਰਕਾਰ ਵੱਲੋਂ ਬੈਲੇਟ ਪੇਪਰਾਂ ਰਾਹੀਂ ਚੋਣ ਕਰਵਾਉਣ ਦੇ ਹੁਕਮ ਆ ਗਏ। ਸਰਕਾਰ ਵੱਲੋਂ ਈਵੀਐਮ ਮਸ਼ੀਨਾਂ ਤੋਂ ਬਦਲ ਕੇ ਚੋਣਾਂ ਬੈਲੇਟ ਪੇਪਰਾਂ ਰਾਹੀਂ ਕਰਵਾਉਣ ਦੇ ਫੈਸਲੇ ‘ਤੇ ਵੱਖ ਵੱਖ ਚਰਚਾਵਾਂ ਹੋ ਰਹੀਆਂ ਹਨ।                                                    ਚਰਚਾ ਇਹ ਵੀ ਹੈ ਕਿ ਬੈਲੇਟ ਪੇਪਰਾਂ ਰਾਹੀਂ ਚੋਣਾਂ ਕਰਵਾ ਕੇ ਸਰਕਾਰ ਚੋਣ ਨਤੀਜਿਆਂ ਵਾਲੇ ਦਿਨ ਆਪਣੀ ਸ਼ਾਮ ਦਾਮ ਦੰਡ ਭੇਦ ਵਾਲੀ ਨੀਤੀ ਤਹਿਤ ਧੱਕੇਸ਼ਾਹੀ ਕਰੇਗੀ। ਮੰਨਿਆ ਜਾਂਦਾ ਹੈ ਕਿ ਬੈਲੇਟ ਪੇਪਰਾਂ ਰਾਹੀਂ ਹੋਈ ਚੋਣ ਦੇ ਚੋਣ ਨਤੀਜੇ ਨੂੰ ਦੇਰ ਰਾਤ ਤੱਕ ਵੀ ਰੋਕਿਆ ਜਾ ਸਕਦਾ ਹੈ ਅਤੇ ਦੇਰ ਰਾਤ ਪੁਲਿਸ ਦੇ ਜ਼ੋਰ ‘ਤੇ ਨਤੀਜਾ ਐਲਾਨ ਦਿੱਤਾ ਜਾਂਦਾ ਹੈ ਜਿਹੜੀਆਂ ਨੀਤੀਆਂ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਦੌਰਾਨ ਪਹਿਲਾਂ ਵੀ ਕਈ ਵਾਰ ਸਾਹਮਣੇ ਆ ਚੁੱਕੀਆਂ ਹਨ। ਪੰਜਾਬ ‘ਚ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਇਹ ਵੀ ਮਸ਼ੀਨਾਂ ਰਾਹੀਂ ਕਰਵਾਉਣ ਸਬੰਧੀ ਪੂਰੀਆਂ ਤਿਆਰੀਆਂ ਹੋਣ ਦੇ ਬਾਵਜੂਦ ਵੀ ਅਚਾਨਕ ਬੈਲੇਟ ਪੇਪਰ ਰਾਹੀਂ ਚੋਣਾਂ ਕਰਵਾਉਣ ਦੇ ਫੈਸਲੇ ‘ਤੇ ਬਰਨਾਲਾ ਦੇ ਵੱਡੇ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਈਵੀਐਮ ਮਸ਼ੀਨਾਂ ਰਾਹੀਂ ਚੋਣਾਂ ਕਰਵਾਉਣ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਸਨ। ਉਹਨਾਂ ਇਹ ਵੀ ਹੈਰਾਨੀਜਨਕ ਖੁਲਾਸਾ ਕੀਤਾ ਕਿ ਬੈਲੇਟ ਪੇਪਰਾਂ ਰਾਹੀਂ ਚੋਣਾਂ ਕਰਵਾਉਣ ਦੀਆਂ ਤਿਆਰੀਆਂ ਅਜੇ ਤੱਕ ਵੀ ਮੁਕੰਮਲ ਨਹੀਂ ਹੋਈਆਂ ਕਿਉਂਕਿ ਸਰਕਾਰ ਵੱਲੋਂ ਇਸ ਸਬੰਧੀ ਫੈਸਲਾ ਅਚਾਨਕ ਲਿਆ ਗਿਆ ਹੈ ਜਦ ਕਿ ਬੈਲੇਟ ਪੇਪਰਾਂ ਰਾਹੀਂ ਚੋਣਾਂ ਕਰਵਾਉਣ ਦੀ ਪ੍ਰਕਿਰਿਆ ਲੰਮੀ ਹੈ। ਅਧਿਕਾਰੀ ਨੇ ਇਹ ਵੀ ਮੰਨਿਆ ਕਿ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਚੋਣਾਂ ਦਾ ਐਲਾਨ ਕਰਨ ਵਾਲੇ ਦਿਨ ਈਵੀਐਮ ਮਸ਼ੀਨਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਚੋਣ ਪ੍ਰਕਿਰਿਆ ਦਾ ਐਲਾਨ ਕੀਤਾ ਗਿਆ ਸੀ। ਮੰਨਿਆ ਇਹੀ ਜਾ ਰਿਹਾ ਹੈ ਕਿ “ਆਪ” ਸਰਕਾਰ ਨੇ ਆਪਣੀ ਪਾਰਟੀ ਦੇ ਹੱਕ ਵਿੱਚ ਚੋਣ ਨਤੀਜੇ ਭਗਤਾਉਣ ਲਈ ਹੀ ਬੈਲੇਟ ਪੇਪਰਾਂ ਰਾਹੀਂ ਚੋਣ ਕਰਵਾਉਣ ਦਾ ਫੈਸਲਾ ਲਿਆ ਹੈ।

error: Content is protected !!